ਮੁੰਬਈ— ਇੱਥੋਂ ਦੇ ਐਲਫਿੰਸਟਨ ਓਵਰਬਰਿੱਜ ‘ਤੇ ਹੋਏ ਹਾਦਸੇ ‘ਚ 22 ਲੋਕਾਂ ਦੀ ਮੌਤ ਤੋਂ ਬਾਅਦ ਕੇ.ਈ.ਐੱਮ. ਹਸਪਤਾਲ ਦੇ ਬਾਹਰ ਭਾਰੀ ਭੱਜ-ਦੌੜ ਦਾ ਮਾਹੌਲ ਹੈ। ਪਰਿਵਾਰ ਵਾਲੇ ਐਲਫਿੰਸਟਨ ਰੋਡ ਸਟੇਸ਼ਨ ਹਾਦਸੇ ‘ਚ ਮਾਰੇ ਗਏ ਆਪਣੇ ਪਰਿਵਾਰ ਵਾਲਿਆਂ ਦੀਆਂ ਲਾਸ਼ਾਂ ਦੀ ਤਲਾਸ਼ ਲਈ ਇੱਧਰ-ਉੱਧਰ ਭਟਕ ਰਹੇ ਹਨ ਅਤੇ ਅਜਿਹੇ ‘ਚ ਹਸਪਤਾਲ ਪ੍ਰਸ਼ਾਸਨ ਨੇ ਇਕ ਬੋਰਡ ‘ਤੇ ਇਕ ਫੋਟੋ ਚਿਪਕਾ ਦਿੱਤੀ ਹੈ। ਇਸ ਫੋਟੋ ‘ਤੇ ਭਾਰੀ ਬਵਾਲ ਖੜ੍ਹਾ ਹੋ ਗਿਆ ਹੈ। ਫੋਟੋ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਿਖਾਈਆਂ ਗਈਆਂ ਹਨ ਅਤੇ ਇਨ੍ਹਾਂ ਲਾਸ਼ਾਂ ਦੇ ਮੱਥੇ ‘ਤੇ ਉਨ੍ਹਾਂ ਦੀ ਪਛਾਣ ਲਈ ਨੰਬਰ ਚਿਪਕਾਏ ਗਏ ਹਨ। ਲਾਸ਼ਾਂ ਨੂੰ ਇਸ ਤਰ੍ਹਾਂ ਨਾਲ ਜਨਤਕ ਕਰਨ ਅਤੇ ਉਨ੍ਹਾਂ ‘ਤੇ ਨੰਬਰ ਚਿਪਕਾਉਣ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਦੀ ਆਲੋਚਨਾ ਹੋ ਰਹੀ ਹੈ। ਪ੍ਰਸ਼ਾਸਨ ‘ਤੇ ਨਾ ਸਿਰਫ ਲਾਸ਼ਾਂ ਸਗੋਂ ਆਪਣੇ ਪਰਿਵਾਰ ਵਾਲਿਆਂ ਨੂੰ ਗਵਾਉਣ ਵਾਲੇ ਲੋਕਾਂ ਦੇ ਪ੍ਰਤੀ ਵੀ ਭਾਰੀ ਸੰਵੇਦਨਹੀਣਤਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਕੇ.ਈ.ਐੱਮ. ਹਸਪਤਾਲ ਨੇ ਦਾਅਵਾ ਕੀਤਾ ਕਿ ਇਹ ਉਪਾਅ ‘ਅਰਾਜਕਤਾ ਤੋਂ ਬਚਣ’ ਲਈ ਕੀਤਾ ਗਿਆ ਸੀ। ਇਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਤੇਜ਼ੀ ਲਿਆਉਣ ਲਈ ਹਸਪਤਾਲ ਨੇ ਬੋਰਡ ‘ਤੇ ਮ੍ਰਿਤਕਾਂ ਦੀਆਂ ਤਸਵੀਰਾਂ ਲਾਈਆਂ ਸਨ।
ਹਾਲਾਂਕਿ ਇਸ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਲੋਕ ਹਸਪਤਾਲ ਦੀ ਸੰਵੇਦਨਹੀਣਤਾ ਲਈ ਉਸ ਦੀ ਆਲੋਚਨਾ ਕਰ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕੀਤਾ,”ਕੀ ਕੇ.ਈ.ਐੱਮ. ਹਸਪਤਾਲ ਨੇ ਮ੍ਰਿਤਕਾਂ ਦੀ ਪਛਾਣ ਅਤੇ ਉਨ੍ਹਾਂ ਦੀ ਗਿਣਤੀ ਕਰਨ ਲਈ ਉਨ੍ਹਾਂ ਦੇ ਸਰੀਰ ‘ਤੇ ਨੰਬਰ ਲਿਖ ਦਿੱਤੇ ਹਨ? ਕਿੰਨਾ ਭਿਆਨਕ ਹੈ! ਕੋਈ ਹੱਲ ਨਹੀਂ!” ਇਕ ਹੋਰ ਟਵਿੱਟਰ ਪੋਸਟ ‘ਚ ਲਿਖਿਆ ਹੈ,”ਭੱਜ-ਦੌੜ ਦੁਖਦ ਹੈ! ਪਰ ਮ੍ਰਿਤਕਾਂ ਨੂੰ ਲੈ ਕੇ ਅਧਿਕਾਰੀਆਂ ਦਾ ਵਤੀਰਾ ਉਸ ਤੋਂ ਵੀ ਵਧ ਦੁਖਦ ਹੈ!” ਹਸਪਤਾਲ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਾਰੀਆਂ 22 ਲਾਸ਼ਾਂ ਨੂੰ ਦਿਖਾਉਣਾ, ਉਨ੍ਹਾਂ ਲਈ ਬਹੁਤ ਵੱਡਾ ਮਾਨਸਿਕ ਦੁਖ ਹੁੰਦਾ। ਕੇ.ਈ.ਐੱਮ. ਹਸਪਤਾਲ ਦੇ ਫੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਹਰੀਸ਼ ਪਾਠਕ ਨੇ ਕਿਹਾ,”ਇਹ ਬੇਹੱਦ ਅਰਾਜਕ ਕੰਮ ਹੋ ਜਾਂਦਾ। ਬੀਤੀ ਸ਼ਾਮ ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਹਸਪਤਾਲ ਦੇ ਫੈਸਲੇ ਦਾ ਬਚਾਅ ਕੀਤਾ ਸੀ। ਬਿਆਨ ਅਨੁਸਾਰ,”ਅਸੀਂ ਸਾਰੀਆਂ ਲਾਸ਼ਾਂ ‘ਤੇ ਗਿਣਤੀ ਅੰਕਿਤ ਕਰ ਕੇ ਉਨ੍ਹਾਂ ਦੀਆਂ ਤਸਵੀਰਾਂ ਪਰਿਵਾਰ ਵਾਲਿਆਂ ਨੂੰ ਦਿਖਾਉਣ ਲਈ ਲੈਪਟਾਪ ਸਕਰੀਨ ‘ਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰ ਦਿੱਤੀ ਅਤੇ ਫਿਰ ਇਸ ਨੂੰ ਬੋਰਡ ‘ਤੇ ਲਾ ਦਿੱਤਾ। ਇਸ ਅਨੁਸਾਰ ਪੋਸਟਮਾਰਟਮ ਤੋਂ ਬਾਅਦ ਗਿਣਤੀ ਮਿਟਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਤੁਰੰਤ, ਸਨਮਾਨਜਨਕ ਅਤੇ ਸੁਚਾਰੂ ਰੂਪ ਨਾਲ ਪਛਾਣ ਯਕੀਨੀ ਕਰਨ ਲਈ ਹਸਪਤਾਲ ਵੱਲੋਂ ਅਪਣਾਏ ਗਏ ਇਸ ਵਿਗਿਆਨੀ ਤਰੀਕੇ ਦੀ ਆਲੋਚਨਾ ਕਰਨਾ ਮੂਰਖਤਾ ਹੋਵੇਗੀ।