ਗੁਰਦਾਸਪੁਰ- ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਫੁੱਟ ਪਾਊ ਵਿਚਾਰਧਾਰਾ ‘ਤੇ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਵਰਗੇ ‘ਤਾਨਾਸ਼ਾਹ’ ਦੇ ਹੱਥਾਂ ਵਿੱਚ ਭਾਰਤ ਦੀ ਜਮਹੂਰੀਅਤ ਅਤੇ ਫਿਰਕੂ ਸਦਭਾਵਨਾ ਨੂੰ ਵੱਡੀ ਚਣੌਤੀ ਦਰਪੇਸ਼ ਹਨ।
ਅੱਜ ਏਥੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਜਮਹੂਰੀਅਤ’ ਦਾ ਕਾਤਲ ਹੈ ਅਤੇ ਉਸ ਵੱਲੋਂ ਵਿਰੋਧ ਦੀਆਂ ਸਾਰੀਆਂ ਅਵਾਜ਼ਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਦੁਸਹਿਰੇ ਦੇ ਮੌਕੇ ‘ਤੇ ਇਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਉਨਾਂ ਕਿਹਾ ਕਿ ਮੋਦੀ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਿਹਾ ਹੈ ਜਿਸ ਕਰਕੇ ਦੇਸ਼ ਵਿੱਚ ਜਮਹੂਰੀਅਤ ਵੱਡੇ ਖਤਰੇ ਵਿੱਚ ਹੈ।
ਸ੍ਰੀ ਜਖੜ ਨੇ ਕਿਹਾ ਕਿ ਭਾਵੇਂ ਆਰ.ਐਸ.ਐਸ. ਦੇਸ਼ ਦੀ ਦੁਸ਼ਮਣ ਨਹੀਂ ਹੈ ਪਰ ਇਸ ਦੀ ਵਿਚਾਰਧਾਰਾ ਭਾਰਤ ਨੂੰ ਫਿਰਕੂ ਲੀਹ ‘ਤੇ ਵੰਡ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਅਤੇ ਇਹ ਧਰਮ ਨਿਰਪੱਖਤਾ ਦੇ ਹਿੱਤ ਵਿੱਚ ਨਹੀਂ ਹੈ। ਮੋਦੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਅਨੇਕਾਂ ਮਾਰੂ ਫੈਸਲੇ ਲਏ ਹਨ ਜਿਸ ਕਾਰਨ ਦੇਸ਼ ਦੇ ਵਿਕਾਸ ਦੀ ਗਤੀ ਧੀਮੀ ਹੋਈ ਹੈ ਅਤੇ ਸਰਕਾਰ ਵੱਲੋਂ ਆਪਣੇ ਫਿਰਕੂ ਏਜੰਡੇ ਨੂੰ ਸਭ ਤੋਂ ਵੱਧ ਖਤਰਨਾਕ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਤੇ ਆਰ.ਐਸ. ਐਸ. ਦੇਸ਼ ਨੂੰ ਧਰਮ ਅਤੇ ਜਾਤ ਦੀ ਲੀਹ ‘ਤੇ ਵੰਡ ਰਹੇ ਹਨ ਜਦਕਿ ਇਸਾਈ, ਸਿੱਖ, ਹਿੰਦੂ, ਜੈਨ, ਦਲਿਤ, ਪਛੜੀਆਂ ਸ੍ਰੇਣੀਆਂ ਅਤੇ ਹੋਰ ਸਾਰੇ ਬਰਾਬਰ ਹਨ। ਉਨਾਂ ਨੇ ਲੋਕਾਂ ਨੂੰ ਇਸ ਸਬੰਧ ਵਿੱਚ ਚੌਕਸ ਰਹਿਣ ਦਾ ਸੱਦਾ ਦਿੰਦੇ ਹੋਏ ਇਨਾਂ ਯਤਨਾਂ ਨੂੰ ਆਰ.ਐਸ.ਐਸ. ਤੇ ਭਾਜਪਾ ਦੇ ਘਿਨਾਉਣੇ ਇਰਾਦੇ ਕਰਾਰ ਦਿੱਤਾ। ਭਾਰਤੀ ਜਨਤਾ ਪਾਰਟੀ ਦਾ ਰਾਵਣ ਦੇ ਨਾਲ ਜ਼ਿਕਰ ਕਰਦੇ ਹੋਏ ਉਨਾਂ ਕਿਹਾ ਕਿ ਰਾਵਣ ਨੂੰ ਬੁਰੇ ਅਤੇ ਬਦੀ ਵਾਲੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਅਸੀਂ ਇਸ ਦਿਨ ਬਦੀ ‘ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦੇਣ ਲਈ ਉਸ ਦੇ ਪੁਤਲੇ ਸਾੜਦੇ ਹਾਂ। ਮੈਂ ਏਥੇ ਤੁਹਾਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿ ਕਾਂਗਰਸ ਹੀ ਇਕੱਲੀ ਭਾਜਪਾ ਦੇ ਘਿਨਾਉਣੇ ਇਰਾਦਿਆਂ ਨੂੰ ਠੱਲ ਪਾ ਸਕਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਨੋਟਬੰਦੀ ਅਤੇ ਜੀ.ਐਸ.ਟੀ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਡੀਜ਼ਲ, ਪੈਟਰੋਲ ਅਤੇ ਐਲ.ਜੀ.ਪੀ. ਸਣੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਹਨ ਅਤੇ ਇਹ ਲਗਾਤਾਰ ਦਿਨੋ ਦਿਨ ਉਪਰ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੀਨੀਅਰ ਬੀ.ਜੇ.ਪੀ. ਆਗੂ ਯਸਵੰਤ ਸਿਨਹਾ ਨੇ ਹਾਲ ਹੀ ਵਿੱਚ ਇੱਕ ਲੇਖ ਲਿਖ ਕੇ ਮੋਦੀ ਅਤੇ ਉਸ ਦੇ ਵਿਕਾਸ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ।
ਗੁਰਦਾਸਪੁਰ ਉਪ ਚੋਣ ਦੇ ਆਉਣ ਵਾਲੇ ਨਤੀਜੇ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਇੱਕ ਝਲਕੇ ਦੱਸਦੇ ਹੋਏ ਜਾਖੜ ਨੇ ਕਿਹਾ ਕਿ ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ ਦਾ ਹਾਰ ਨਾਲ ਦੇਸ਼ ਭਰਤ ਵਿੱਚ ਸਪਸ਼ਟ ਸੁਨੇਹਾ ਜਾਵੇਗਾ ਕਿ ਦੇਸ਼ ਦੇ ਲੋਕਾਂ ਨੂੰ ਫਾਸ਼ੀਵਾਦੀ ਅਤੇ ਫੁੱਟ ਪਾਊ ਸ਼ਾਸਨ ਨਹੀਂ ਚਾਹੀਦਾ।
ਹਾਲ ਹੀ ਦੇ ਡੇਰਾ ਸੱਚਾ ਸੌਦਾ ਦੇ ਸੰਕਟ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕੈਪਟਨ ਦੀ ਦੂਰਅੰਦੇਸ਼ੀ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨਾਂ ਵੱਲੋਂ ਚੁੱਕੇ ਗਏ ਹਿਫਾਜ਼ਤੀ ਕਦਮਾਂ ਦੇ ਨਤੀਜੇ ਵਜੋਂ ਸੂਬੇ ਦਾ ਬਚਾਅ ਹੋਇਆ ਹੈ ਅਤੇ ਹਰਿਆਣਾ ਵਾਂਗ ਨਹੀਂ ਹੋਈ। ਉਨਾਂ ਕਿਹਾ ਕਿ ਜੇ ਬਾਦਲ ਸੱਤਾ ਵਿੱਚ ਹੁੰਦੇ ਤਾਂ ਪੰਜਾਬ ਵੀ ਪੰਚਕੂਲਾ ਵਾਂਗ ਬਲ ਉਠਣਾ ਸੀ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਲਾਮਤ ਮਸੀਹ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਸਣੇ ਕਈ ਹੋਰ ਆਗੂ ਵੀ ਮੌਜ਼ੂਦ ਸਨ।