ਨਵੀਂ ਦਿੱਲੀਂ ਵਿੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਵਨਡੇ ਕ੍ਰਿਕਟ ‘ਚ ਇਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ। ਗੇਲ ਕੌਮਾਂਤਰੀ ਵਨਡੇ ਮੈਚਾਂ ‘ਚ 250 ਛੱਕੇ ਮਾਰਨ ਵਾਲਾ ਵੈਸਟਇੰਡੀਜ਼ ਦਾ ਪਹਿਲਾ ਅਤੇ ਦੁਨੀਆ ਦਾ ਤੀਜਾ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ 273ਵੇਂ ਵਨਡੇ ਮੈਚ ‘ਚ ਇਹ ਉਪਲਬਧੀ ਹਾਸਲ ਕੀਤੀ ਹੈ। ਗੇਲ ਨੇ 29 ਸਤੰਬਰ ਨੂੰ ਇੰਗਲੈਂਡ ਦੇ ਖਿਲਾਫ਼ ਖੇਡੇ ਗਏ ਪੰਜਵੇਂ ਵਨਡੇ ਮੈਚ ‘ਚ 29 ਗੇਂਦਾਂ ‘ਚ 40 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਇਸ ਦੌਰਾਨ 5 ਛੱਕੇ ਲਗਾਏ। ਪਾਰੀ ਦਾ ਤੀਜਾ ਛੱਕਾ ਲਗਾਉਂਦੇ ਹੀ ਗੇਲ ਨੇ ਆਪਣੇ 250 ਛੱਕੇ ਪੂਰੇ ਕਰ ਲਏ।
ਇਸ ਬੱਲੇਬਾਜ਼ ਦੇ ਨਾਂ ਹੈ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ
ਕੌਮਾਂਤਰੀ ਵਨਡੇ ਮੈਚਾਂ ‘ਚ ਸਭ ਤੋਂ ਜ਼ਿਆਦਾ ਛੱਕੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਲਗਾਏ ਹਨ। ਉਨ੍ਹਾਂ ਨੇ 398 ਮੈਚ ਖੇਡ ਕੇ 351 ਛੱਕੇ ਲਗਾਏ ਹਨ। ਜਦਕਿ ਦੂਜੇ ਨੰਬਰ ‘ਤੇ ਸ਼੍ਰੀਲੰਕਾ ਦੇ ਸਨਥ ਜੈਸੂਰਿਆ ਹਨ ਜਿਨ੍ਹਾਂ ਨੇ 445 ਮੈਚ ਖੇਡ ਕੇ 270 ਛੱਕੇ ਲਗਾਏ ਹਨ। ਜੈਸੂਰਿਆ ਨੂੰ ਪਛਾੜਨ ਦੇ ਲਈ ਗੇਲ ਨੂੰ ਹੁਣ 18 ਛੱਕਿਆ ਦੀ ਜ਼ਰੂਰਤ ਹੈ।