ਚੰਡੀਗੜ੍ਹ — ਰਾਮ ਰਹੀਮ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਦੂਸਰੇ ਪਾਸੇ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਰੱਖਿਆ ਲਈ ਅਪੀਲ ਕੀਤੀ ਹੈ। ਵਿਸ਼ਵਾਸ ਨੇ ਡੇਰਾ ਸਮਰਥਕਾਂ ਅਤੇ ਕੁਰਬਾਨੀ ਗੈਂਗ ਤੋਂ ਆਪਣੇ ਪਰਿਵਾਰ ਨੂੰ ਜਾਨ ਦੇ ਖਤਰੇ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਸਿਲਸਿਲੇ ‘ਚ ਗੁਪਤਾ ਨੇ ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ‘ਚ ਇਕ ਅਰਜ਼ੀ ਦਾਖਲ ਕੀਤੀ ਹੈ। 8 ਨਵੰਬਰ ਨੂੰ ਹਾਈਕੋਰਟ ‘ਚ ਅਰਜ਼ੀ ‘ਤੇ ਸੁਣਵਾਈ ਹੋਵੇਗੀ।
ਵਿਸ਼ਵਾਸ ਗੁਪਤਾ ਨੇ ਕਿਹਾ ਹੈ ਕਿ 22 ਸਤੰਬਰ 2017 ਨੂੰ ਉਨ੍ਹਾਂ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ‘ਚ ਡੇਰਾ ਅਤੇ ਉਸ ‘ਚ ਚਲ ਰਹੀਆਂ ਗਤੀਵਿਧੀਆਂ ਬਾਰੇ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਪਰਿਵਾਰ ਨੂੰ ਧਮਕਾਇਆ ਗਿਆ। ਇਸ ਨੂੰ ਲੈ ਕੇ ਐੱਸ.ਪੀ. ਕਰਨਾਲ ਨੂੰ ਸ਼ਿਕਾਇਤ ਵੀ ਦਿੱਤੀ ਗਈ ਮਗਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਹੁਣ ਵਿਸ਼ਵਾਸ ਨੇ ਹਾਈ ਕੋਰਟ ‘ਚ ਅਰਜ਼ੀ ਦੇ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਵਿਸ਼ਵਾਸ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਕੁਰਬਾਨੀ ਗੈਂਗ ਦੀ ਇਸ ਧਮਕੀ ਭਰੀ ਚਿੱਠੀ ਦੇ ਪਿੱਛੇ ਦੇ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਮਾਮਲੇ ਦੀ ਜਾਂਚ ਐੱਸ.ਆਈ.ਟੀ. ਟੀਮ ਨੂੰ ਸੌਂਪੀ ਜਾਵੇ।