ਨਵੀਂ ਦਿੱਲੀ— ਡ੍ਰਿੰਕ ਤੇ ਡਰਾਈਵ ਕੇਸ ‘ਚ ਕੋਰਟ ‘ਚ ਪੇਸ਼ ਨਾ ਹੋਣ ਕਾਰਨ ਤਾਮਿਲ ਅਭਿਨੇਤਾ ਜੈ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜ਼ਾਰੀ ਕੀਤਾ ਗਿਆ ਹੈ। ਨਾਲ ਹੀ ਕੋਰਟ ਨੇ ਪੁਲਸ ਨੂੰ ਇਹ ਸਖਤ ਹੁਕਮ ਵੀ ਦਿੱਤਾ ਹੈ ਕਿ ਅਗਲੇ 2 ਦਿਨਾਂ ‘ਚ ਜੈ ਨੂੰ ਗ੍ਰਿਫਤਾਰ ਕੀਤਾ ਜਾਵੇ। ਅਸਲ ‘ਚ ਪਿਛਲੇ ਮਹੀਨੇ ਅਭਿਨੇਤਾ ਜੈ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਜੈ ਨੂੰ ਸ਼ਰਾਬ ਦੇ ਨਸ਼ੇ ‘ਚ ਅੰਨ੍ਹੇ ਹੋ ਕੇ ਗੱਡੀ ਚਲਾਉਣ ਤੇ ਦੁਰਘਟਨਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਬਾਅਦ ‘ਚ ਜੈ ਜ਼ਮਾਨਤ ‘ਤੇ ਬਰੀ ਹੋ ਗਿਆ ਸੀ।
3 ਅਕਤੂਬਰ ਨੂੰ ਸੀ ਪੇਸ਼ੀ
ਜ਼ਮਾਨਤ ਤੋਂ ਬਾਅਦ ਕੋਰਟ ‘ਚ 3 ਤਾਰੀਖ ਨੂੰ ਹੋਣ ਵਾਲੀ ਪੇਸ਼ੀ ‘ਚ ਦੱਖਣ ਦਾ ਇਹ ਅਭਿਨੇਤਾ ਪੇਸ਼ ਨਹੀਂ ਹੋਇਆ ਸੀ, ਜਿਸ ਲਈ ਹੁਣ ਉਸ ਦੇ ਖਿਲਾਫ ਕੋਰਟ ਨੇ ਇਹ ਸਖਤ ਕਦਮ ਚੁੱਕਿਆ ਹੈ। ਪੁਲਸ ਨੇ ਜੈ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਛਾਪਾ ਵੀ ਮਾਰਿਆ ਸੀ ਪਰ ਉਹ ਘਰ ‘ਚ ਨਹੀਂ ਮਿਲਿਆ। ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਵੀ ਨਸ਼ੇ ‘ਚ ਟਲੀ ਹੋ ਕੇ ਫੁੱਟਪਾਥ ‘ਤੇ ਸੌ ਰਹੇ ਗਰੀਬ ਲੋਕਾਂ ‘ਤੇ ਗੱਡੀ ਚੜ੍ਹਾਅ ਦਿੱਤੀ ਸੀ। ਦੱਸਣਯੋਗ ਹੈ ਕਿ ਅਭਿਨੇਤਾ ਜੈ ਇਸ ਸਮੇਂ ਵੇਂਕਟ ਪ੍ਰਭੁ ਨਾਲ ਮਿਲ ਕੇ ‘ਪਾਰਟੀ’ ਦੀ ਤਿਆਰੀ ਕਰ ਰਿਹਾ ਹੈ। ਜੋ ਕਿ ਕਾਮੇਡੀ ਡਰਾਮਾ ਹੈ। ਫਿਲਮ ‘ਚ ਸ਼ਿਵ, ਪ੍ਰੇਮਜੀ ਅਮਰੇਨ, ਰੇਜਿਨਾ ਕੈਸੰਦ੍ਰਾ, ਸੰਚਿਤਾ ਸ਼ੈੱਟੀ, ਸੰਪਤ, ਸਤਿਆਰਾਜ ਤੇ ਰਾਮਿਆ ਕ੍ਰਿਸ਼ਣਨ ਮੁੱਖ ਭੂਮਿਕਾ ‘ਚ ਹੈ।