ਸਿਰਸਾ— ਪੁਲਸ ਦੀ ਹਿਰਾਸਤ ‘ਚ ਆਉਣ ਤੋਂ ਬਾਅਦ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਕਈ ਖੁਲਾਸੇ ਕੀਤੇ ਹਨ। ਪੁਲਸ ਵਲੋਂ ਪੁੱਛਗਿੱਛ ਦੌਰਨ ਹਨੀਪ੍ਰੀਤ ਨੇ ਆਦਿਤਿਆ ਅਤੇ ਪਵਨ ਇੰਸਾ ਦੇ ਟਿਕਾਣਿਆਂ ਬਾਰੇ ਦੱਸਿਆ ਹੈ। ਇਸ ਮਾਮਲੇ ‘ਚ ਹੁਣ ਛੇਤੀ ਹੀ ਆਦਿਤਿਆ ਤੇ ਪਵਨ ਇੰਸਾ ਦੀ ਗ੍ਰਿਫਤਾਰੀ ਹੋ ਸਕਦੀ ਹੈ। ਹਨੀਪ੍ਰੀਤ ਨੇ ਆਦਿਤਿਆ ਇੰਸਾ, ਪਵਨ ਇੰਸਾ ਅਤੇ ਗੋਬੀ ਰਾਮ ਦੇ ਟਿਕਾਣਿਆਂ ਬਾਰੇ ਪੁਲਸ ਨੂੰ ਦੱਸ ਦਿੱਤਾ ਹੈ।
ਹਨੀਪ੍ਰੀਤ ਨੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ‘ਚ ਉਨ੍ਹਾਂ ਦੇ ਕਈ ਟਿਕਾਣਿਆਂ ਬਾਰੇ ਦੱਸਿਆ ਹੈ। ਉੱਤਰ ਪ੍ਰਦੇਸ਼ ਦੇ ਬਰਨਵਾ, ਹਿਮਾਚਲ ਪ੍ਰਦੇਸ਼ ਦੇ ਚੰਬਾ, ਚਚੀਆ ਨਗਰੀ, ਰਾਜਸਥਾਨ ਦੇ ਕੋਟਾ, ਪੰਜਾਬ ਦੇ ਮੁਕਤਸਰ ਸਾਹਿਬ ‘ਚ ਉਨ੍ਹਾਂ ਦੇ ਟਿਕਾਣਿਆਂ ‘ਤੇ ਪੁਲਸ ਵਲੋਂ ਰੇਡ ਮਾਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਹਨੀਪ੍ਰੀਤ ਦੇ ਨਾਲ ਗ੍ਰਿਫਤਾਰ ਹੋਈ ਸੁਖਦੀਪ ਕੌਰ ਨੇ ਵੀ ਇਸ ਬਾਰੇ ਕਈ ਗੱਲਾਂ ਪੁਲਸ ਨੂੰ ਦੱਸੀਆਂ ਅਤੇ ਸੁਖਦੀਪ ਦੀ ਹੀ ਨਿਸ਼ਾਨਦੇਹੀ ‘ਤੇ ਪੁਲਸ ਹੁਣ ਪੰਜਾਬ ਦੇ ਤਰਨਤਾਰਨ ਨੇੜੇ ਇਕ ਪਿੰਡ ‘ਚ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਹਰਿਆਣਾ ਪੁਲਸ ਪੰਜਾਬ ਦੇ ਕਈ ਜ਼ਿਲਿਆਂ ‘ਚ ਲੈ ਕੇ ਗਈ ਸੀ। ਹਨੀਪ੍ਰੀਤ ਦੇ ਵਿਹਾਰ ਨੂੰ ਦੇਖਦਿਆਂ ਪੁਲਸ ਹੁਣ ਉਸ ਦੇ ਨਾਰਕੋ ਟੈਸਟ ਉਤੇ ਵਿਚਾਰ ਕਰ ਰਹੀ ਹੈ। ਪੰਚਕੂਲਾ ਦੇ ਪੁਲਸ ਕਮਿਸ਼ਨਰ ਅਰਸ਼ਵਿੰਦਰ ਸਿੰਘ ਚਾਵਲਾ ਨੇ ਪੁਸ਼ਟੀ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਲਈ ਹਨੀਪ੍ਰੀਤ ਦਾ ਨਾਰਕੋ ਟੈਸਟ ਕਰਵਾਉਣਾ ਵੀ ਯਕੀਨੀ ਤੌਰ ‘ਤੇ ਇਕ ਰਾਹ ਹੈ। ਪੁੱਛ-ਪੜਤਾਲ ਕਰ ਰਹੀ ਟੀਮ ਦੀ ਮੁਖੀ ਆਈਜੀ ਮਮਤਾ ਸਿੰਘ ਨੇ ਵੀ ਅਧਿਕਾਰਕ ਤੌਰ ‘ਤੇ ਮੰਨਿਆ ਕਿ ਹਨੀਪ੍ਰੀਤ ਪੁੱਛ-ਪੜਤਾਲ ‘ਚ ਬਿਲਕੁਲ ਸਹਿਯੋਗ ਨਹੀਂ ਕਰ ਰਹੀ। ਹਾਲਾਂਕਿ ਉਨ੍ਹਾਂ ਮੰਨਿਆ ਕਿ ਪੁਲਸ ਨੇ ਕੁੱਝ ਅਹਿਮ ਗੱਲਾਂ ਉਸ ਤੋਂ ਕਢਵਾਈਆਂ ਹਨ। ਪੁਲਸ ਨੂੰ ਕੋਰਟ ਤੋਂ ਹਨੀਪ੍ਰੀਤ ਅਤੇ ਸੁਖਦੀਪ ਕੌਰ ਦਾ 6 ਦਿਨ ਦਾ ਰਿਮਾਂਡ ਮਿਲਿਆ ਹੈ। ਇਸ ਦੌਰਾਨ ਪੁਲਸ ਕਈ ਹੋਰ ਖੁਲਾਸੇ ਕਰਵਾ ਸਕਦੀ ਹੈ।