ਜਲੰਧਰ — ਪੰਜਾਬ ‘ਚ ਪਿਛਲੀ ਸਰਕਾਰ ਵਲੋਂ ਇਕ ਅਧਿਕਾਰੀ ਨੂੰ ਦਿੱਤੀ ਗਈ ਤਰੱਕੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਦਿੱਤਾ ਹੈ ਅਤੇ ਹੁਣ ਸਰਕਾਰ ਨੇ ਉਸ ਨੂੰ ਪੁਰਾਣੇ ਸੀਨੀਅਰ ਸਹਾਇਕ ਅਹੁਦੇ ‘ਤੇ ਭੇਜਣ ਦਾ ਫੈਸਲਾ ਲਿਆ ਹੈ। ਪਿਛਲੀ ਸਰਕਾਰ ਵਲੋਂ ਰਮਨ ਕੁਮਾਰ ਕੋਛੜ ਦੀ ਤਰੱਕੀ ਕਰਕੇ ਪੀ. ਸੀ. ਐੱਸ. ਅਧਿਕਾਰੀ ਬਣਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਕੰਮ ਕਰਦਾ ਸੀ।
ਸਰਕਾਰੀ ਹਲਕਿਆਂ ਨੇ ਦੱਸਿਆ ਹੈ ਕਿ ਇਸ ਅਧਿਕਾਰੀ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਨਹੀਂ ਸੀ, ਫਿਰ ਵੀ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਉਸ ਦਾ ਕੇਸ ਪੰਜਾਬ ਲੋਕ ਸੇਵਾ ਕਮਿਸ਼ਨ ਕੋਲ ਭੇਜ ਦਿੱਤਾ ਗਿਆ ਸੀ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਵੀ ਇਸ ਅਧਿਕਾਰੀ ਨੂੰ ਪੀ. ਸੀ. ਐੱਸ. (ਕਾਰਜਕਾਰੀ ਸ਼ਾਖਾ) ਲਈ ਚੁਣ ਲਿਆ ਸੀ। ਇਹ ਅਧਿਕਾਰੀ ਇਸ ਸਮੇਂ ਗੁਰਦਾਸਪੁਰ ਜ਼ਿਲੇ ‘ਚ ਤਾਇਨਾਤ ਹੈ। ਇਸ ਤੋਂ ਪਹਿਲਾਂ ਉਹ ਪਿਛਲੀ ਸਰਕਾਰ ਦੇ ਸਮੇਂ ਖੁਰਾਕ ਸਪਲਾਈ ਵਿਭਾਗ ‘ਚ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਕੰਮ ਕਰ ਰਿਹਾ ਸੀ। ਇਸ ਅਧਿਕਾਰੀ ਦਾ ਕੇਸ ਪੰਜਾਬ ਲੋਕ ਸੇਵਾ ਕਮਿਸ਼ਨ ਕੋਲ ਭੇਜਣ ਤੋਂ ਪਹਿਲਾਂ ਕਈ ਸਰਕਾਰੀ ਵਿਭਾਗਾਂ ‘ਚੋਂ ਹੋ ਕੇ ਲੰਘਿਆ ਸੀ। ਸਾਰੇ ਵਿਭਾਗਾਂ ਨੇ ਉਸ ਦੇ ਕੇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਇਸ ਅਧਿਕਾਰੀ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੈ ਜਾਂ ਨਹੀਂ। ਬਾਅਦ ‘ਚ ਆਰ. ਟੀ. ਆਈ. ਤੋਂ ਪਤਾ ਲੱਗਾ ਹੈ ਕਿ ਜਦੋਂ ਉਸਦਾ ਕੇਸ ਲੋਕ ਸੇਵਾ ਕਮਿਸ਼ਨ ਕੋਲ ਭੇਜਿਆ ਗਿਆ ਤਾਂ ਉਸ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਨਹੀਂ ਸੀ। ਪੀ. ਸੀ. ਐੱਸ. ਅਧਿਕਾਰੀ ਬਣਨ ਲਈ ਇਹ ਡਿਗਰੀ ਹੋਣਾ ਜ਼ਰੂਰੀ ਹੈ।
ਪੰਜਾਬ ਲੋਕ ਸੇਵਾ ਕਮਿਸ਼ਨ ਨੇ 21 ਅਪ੍ਰੈਲ 2014 ਨੂੰ ਇਕ ਸਰਕੂਲਰ ਜਾਰੀ ਕਰਕੇ ਪੀ. ਸੀ. ਐੱਸ. (ਕਾਰਜਕਾਰੀ ਬ੍ਰਾਂਚ) ‘ਤੇ ਭਰਤੀ ਲਈ 25 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਸਨ।