ਪੰਚਕੂਲਾ : 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਪੁਲਸ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਪੁਲਸ ਹਨੀਪ੍ਰੀਤ ਨੂੰ ਲੈ ਕੇ ਥਾਂ-ਥਾਂ ਘੁੰਮ ਰਹੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਖਾਸ ਜਾਣਕਾਰੀ ਹੱਥ ਨਹੀਂ ਲੱਗੀ। ਪੁਲਸ ਹੁਣ ਹਨੀਪ੍ਰੀਤ ਨੂੰ ਪੁੱਛਗਿੱਛ ਦੇ ਲਈ ਗੁਪਤ ਸਥਾਨ ‘ਤੇ ਲੈ ਗਈ ਹੈ, ਜਿਸ ਲਈ ਪੁਲਸ ਨੇ 300 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਅਧਿਕਾਰੀ ਵਾਰ-ਵਾਰ ਪੁੱਛਣਗੇ। ਹਨੀਪ੍ਰੀਤ ਵਾਰ-ਵਾਰ ਆਪਣਾ ਬਿਆਨ ਬਦਲ ਰਹੀ ਹੈ।
ਹਨੀਪ੍ਰੀਤ ਨੂੰ ਗੁਪਤ ਸਥਾਨ ‘ਤੇ ਭੇਜਣ ਲਈ ਪੁਲਸ ਨੇ ਸ਼ਨੀਵਾਰ ਨੂੰ ਇਕ ਡਰਾਮਾ ਕੀਤਾ। ਪੁਲਸ ਵਲੋਂ ਮੀਡੀਆ ਨੂੰ ਚਕਮਾ ਦੇਣ ਦੇ ਲਈ ਡਮੀ ਹਨੀਪ੍ਰੀਤ ਤਿਆਰ ਕੀਤੀ ਗਈ। ਦੋ ਵਾਰ ਪੁਲਸ ਵਲੋਂ ਸਰਕਾਰੀ ਗੱਡੀਆਂ ‘ਚ ਪੁਲਸ ਅਮਲੇ ਦੇ ਨਾਲ ਡਮੀ ਹਨੀਪ੍ਰੀਤ ਨੂੰ ਚੰਡੀਮੰਦਿਰ ਥਾਣੇ ‘ਚੋਂ ਕੱਢਿਆ ਗਿਆ। ਪਹਿਲੀ ਗੱਡੀ ਦੇ ਪਿੱਛੇ ਮੀਡੀਆ ਦੀਆਂ ਗੱਡੀਆਂ ਵੀ ਲੱਗ ਗਈਆਂ। ਇਸ ਤੋਂ ਬਾਅਦ ਇਕ ਹੋਰ ਗੱਡੀ ‘ਚ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ਸੁਖਦੀਪ ਕੌਰ ਦੀ ਡਮੀ ਨੂੰ ਕੱਢਿਆ ਗਿਆ, ਜਿਹੜੇ ਮੀਡੀਆ ਵਾਲੇ ਬਚੇ ਸਨ ਉਹ ਉਸ ਗੱਡੀ ਦੇ ਪਿੱਛੇ ਲੱਗ ਗਏ। ਇਹ ਦੋਵੇਂ ਗੱਡੀਆਂ ਰਾਜਪੂਰਾ ‘ਤੋਂ ਘੁੰਮ ਕੇ ਵਾਪਸ ਆ ਗਈਆਂ।
ਗੱਡੀਆਂ ‘ਚ ਨਕਲੀ ਹਨੀਪ੍ਰੀਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਔਰਤਾਂ ਚੁੰਨੀ ਉਤਾਰ ਕੇ ਥਾਣੇ ‘ਚ ਵੜਣ ਲੱਗੀਆਂ। ਇਹ ਔਰਤਾਂ ਹਰਿਆਣਾ ਪੁਲਸ ਕਰਮਚਾਰੀ ਸਨ। ਇਸ ਤੋਂ ਬਾਅਦ ਪੁਲਸ ਸੂਤਰਾਂ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਸਿਰਸਾ ਅਤੇ ਫਤੇਹਾਬਾਦ ‘ਚ ਨਿਸ਼ਾਨਦੇਹੀ ਲਈ ਲੈ ਗਏ ਹਨ। ਡੀਸੀਪੀ ਮਨਬੀਰ ਸਿੰਘ ਅਤੇ ਪੁਲਸ ਕਮਿਸ਼ਨਰ ਏ.ਐੱਸ. ਚਾਵਲਾ ਤੋਂ ਹਨੀਪ੍ਰੀਤ ਅਤੇ ਸੁਖਦੀਪ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਸਾਰੀ ਜਾਣਕਾਰੀ 10 ਅਕਤੂਬਰ ਨੂੰ ਦਿੱਤੀ ਜਾਵੇਗੀ।
ਹਨੀਪ੍ਰੀਤ ਨੇ ਆਪਣੇ ਵਕੀਲ ਨੂੰ ਕਿਹਾ ਕਿ ਪੁਲਸ ਉਸਨੂੰ ਟਾਰਚਰ ਕਰ ਰਹੀ ਹੈ। ਉਸਨੇ ਕੋਰਟ ਪੇਸ਼ੀ ਦੌਰਾਨ ਵੀ ਕਿਹਾ ਸੀ ਕਿ ਪੁਲਸ ਉਸਨੂੰ ਪੇਰਸ਼ਾਨ ਕਰ ਰਹੀ ਹੈ। ਹਨੀਪ੍ਰੀਤ ਦੇ ਇਸ ਬਿਆਨ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਸਫਾਈ ਦੇਣੀ ਪਈ ਸੀ, ਜਿਸ ਤੋਂ ਬਾਅਦ ਪੁਲਸ ਹਨੀਪ੍ਰੀਤ ਨਾਲ ਨਰਮੀ ਵਰਤ ਰਹੀ ਹੈ। ਪੁਲਸ ਦਾ ਮੰਣਨਾ ਹੈ ਕਿ ਹਨੀਪ੍ਰੀਤ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਵਕੀਲਾਂ ਤੋਂ ਸਿਖ-ਪੜ੍ਹ ਕੇ ਆਈ ਹੈ।