ਮੁੰਬਈ— ਇੱਥੇ 29 ਸਤੰਬਰ ਨੂੰ ਐਲਫਿੰਸਟਨ ਪੁੱਲ ‘ਤੇ ਹੋਈ ਭੱਜ-ਦੌੜ ਦੀ ਜਾਂਚ ਰਿਪੋਰਟ ‘ਚ ਇਸ ਤ੍ਰਾਸਦੀ ਦਾ ਕਾਰਨ ਭਾਰੀ ਬਾਰਸ਼ ਦੱਸੀ ਗਈ ਹੈ। ਉਸ ਘਟਨਾ ‘ਚ 23 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਰੇਲਵੇ ਦੇ ਮੁੱਖ ਸੁਰੱਖਿਆ ਅਧਿਕਾਰੀ ਦੀ ਪ੍ਰਧਾਨਗੀ ਵਾਲੇ ਪੈਨਲ ਨੇ ਬੁੱਧਵਾਰ ਨੂੰ ਮਹਾਪ੍ਰਬੰਧਕ ਅਨਿਲ ਕੁਮਾਰ ਨੂੰ ਆਪਣੀ ਰਿਪੋਰਟ ਸੌਂਪੀ। ਪੈਨਲ ਨੇ ਇਸ ਘਟਨਾ ‘ਚ ਜ਼ਖਮੀ ਹੋਏ 30 ਯਾਤਰੀਆਂ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਇਲਾਵਾ ਘਟਨਾ ਦਾ ਵੀਡੀਓ ਫੁਟੇਜ ਵੀ ਜਾਂਚਿਆ ਸੀ।
ਰਿਪੋਰਟ ਅਨੁਸਾਰ ਭੱਜ-ਦੌੜ ਦਾ ਕਾਰਨ ਭਾਰੀ ਬਾਰਸ਼ ਸੀ। ਤੇਜ਼ ਬਾਰਸ਼ ਕਾਰਨ ਬਾਹਰ ਵੱਲੋਂ ਟਿਕਟ ਕਾਊਂਟਰਾਂ ‘ਤੇ ਖੜ੍ਹੇ ਲੋਕ ਵੀ ਬਾਰਸ਼ ਤੋਂ ਬਚਣ ਲਈ ਪੌੜ੍ਹੀਆਂ ਵੱਲ ਦੌੜੇ, ਜਿੱਥੇ ਪਹਿਲਾਂ ਤੋਂ ਕਾਫੀ ਭੀੜ ਸੀ। ਇਸ ‘ਚ ਕਿਹਾ ਗਿਆ ਕਿ ਸਟੇਸ਼ਨ ‘ਤੇ ਯਾਤਰੀਆਂ ਦੀ ਵਧਦੀ ਗਿਣਤੀ ਨਾਲ ਸਮੱਸਿਆ ਹੋਰ ਵਧ ਗਈ। ਜਿਨ੍ਹਾਂ ਲੋਕਾਂ ਕੋਲ ਭਾਰੀ ਸਾਮਾਨ ਸੀ, ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਇਹੀ ਭੱਜ-ਦੌੜ ਦਾ ਕਾਰਨ ਬਣੀ।
ਰਿਪੋਰਟ ‘ਚ ਕਿਹਾ ਗਿਆ ਕਿ ਕਿਸੇ ਵੀ ਚਸ਼ਮਦੀਦ ਨੇ ਇਹ ਨਹੀਂ ਕਿਹਾ ਹੈ ਕਿ ਅਵਿਵਸਥਾ ਪੁੱਲ ‘ਤੇ ਹੋਏ ਸ਼ਾਰਟ ਸਰਕਿਟ ਕਾਰਨ ਫੈਲੀ। ਜਾਂਚ ਪੈਨਲ ਨੇ ਸੁਝਾਅ ਦਿੱਤਾ ਹੈ ਕਿ ਰੁਝੇ ਸਮੇਂ ‘ਚ ਯਾਤਰੀਆਂ ਦੇ ਭਾਰੀ ਸਾਮਾਨ ਲੈ ਕੇ ਆਉਣ ‘ਤੇ ਰੋਕ ਲਾਈ ਜਾਵੇ। ਇਸ ਤੋਂ ਇਲਾਵਾ ਉਹ ਲੋਕ ਜੋ ਸਾਮਾਨ ਨਾਲ ਭਰੀਆਂ ਟੋਕਰੀਆਂ ਨਾਲ ਲਏ ਹੁੰਦੇ ਹਨ, ਉਨ੍ਹਾਂ ਦੇ ਵੀ ਰੁਝੇ ਸਮੇਂ ‘ਚ ਇੱਥੇ ਆਉਣ ‘ਤੇ ਰੋਕ ਲਾਈ ਜਾਵੇ। ਪੈਨਲ ਨੇ ਕੁਝ ਹੋਰ ਸੁਝਾਅ ਵੀ ਦਿੱਤੇ ਹਨ, ਜਿਨ੍ਹਾਂ ‘ਚ ਪੌੜੀਆਂ ਵਾਲੇ ਖੇਤਰ ਨੂੰ ਚੌੜਾ ਕਰਨ ਲਈ ਬੁਕਿੰਗ ਦਫ਼ਤਰ ਨੂੰ ਕਿਤੇ ਹੋਰ ਬਣਾਉਣਾ ਆਦਿ ਸ਼ਾਮਲ ਹੈ। ਇਸ ‘ਚ ਕਿਹਾ ਗਿਆ ਹੈ ਕਿ ਸਟੇਸ਼ਨ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵਾਇਰਲੈੱਸ ਹੈਂਡਸੈੱਟ ਉਪਲਬੱਧ ਕਰਵਾਏ ਜਾਣ ਤਾਂ ਕਿ ਉਹ ਸਮੇਂ ‘ਤੇ ਪ੍ਰਤੀਕਿਰਿਆ ਦੇ ਸਕਣ।