ਕੋਲਕਾਤਾ— ਤ੍ਰਿਣਮੂਲ ਕਾਂਗਰਸ ਤੋਂ ਕੱਢੇ ਗਏ ਨੇਤਾ ਮੁਕੁਲ ਰਾਏ ਨੇ ਅੱਜ ਯਾਨੀ ਬੁੱਧਵਾਰ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਮਿਲ ਕੇ ਰਾਜ ਸਭਾ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫੇ ਤੋਂ ਬਾਅਦ ਮੁਕੁਲ ਰਾਏ ਦੇ ਭਾਜਪਾ ‘ਚ ਜਾਣ ਦੀ ਸੰਭਾਵਨਾ ਹੋਰ ਵਧ ਗਈ ਹੈ। ਰਾਏ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਭਾਜਪਾ ‘ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਏ ਨੇ ਕਿਹਾ ਕਿ ਭਾਜਪਾ ਨੇਤਾਵਾਂ ਨਾਲ ਗੱਲ ਕਰਨ ‘ਚ ਉਨ੍ਹਾਂ ਨੂੰ ਬੇਹੱਦ ਸਹਿਜ ਮਹਿਸੂਸ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਮੁਕੁਲ ਰਾਏ ਨੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨਾਲ ਰਾਜ ਸਭਾ ਸਦਨ ਕਮੇਟੀ ਮੁਖੀ ਅਤੇ ਸੰਸਦ ਮੈਂਬਰ ਓਮ ਮਾਥੁਰ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਹ 11 ਅਕਤੂਬਰ ਨੂੰ ਉੱਪ ਰਾਸ਼ਟਰਪਤੀ (ਰਾਜ ਸਭਾ ਦੇ ਉੱਪ ਸਭਾਪਤੀ) ਨੂੰ ਆਪਣਾ ਅਸਤੀਫਾ ਸੌਂਪਣਗੇ ਅਤੇ ਫਿਰ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਨਾਲ ਆਪਣੀ ਲੰਬੀ ਸਿਆਸੀ ਪਾਰੀ ਨੂੰ ਖਤਮ ਕਰਨ ਦਾ ਫੈਸਲਾ ਕਿਉਂ ਕੀਤਾ, ਜਿਸ ਦੀ ਸਥਾਪਨਾ ਉਨ੍ਹਾਂ ਨੇ ਹੋਰਾਂ ਨਾਲ ਮਿਲ ਕੇ ਕੀਤੀ ਸੀ।