ਬੌਲੀਵੁੱਡ ‘ਚ ਇਨ੍ਹੀਂ ਦਿਨੀਂ ਬਾਇਓਪਿਕ ਅਤੇ ਖੇਡਾਂ ‘ਤੇ ਆਧਾਰਿਤ ਫ਼ਿਲਮਾਂ ਬਣਾਉਣ ਦਾ ਕਾਫ਼ੀ ਰੁਝਾਨ ਹੈ। ‘ਮੈਰੀ ਕਾਮ’, ‘ਮਿਲਖਾ ਸਿੰਘ’, ‘ਐੱਮਐੱਸ ਧੋਨੀ’, ਅਤੇ ‘ਮੁਹਮੰਦ ਅਜ਼ਹਰੂਦੀਨ’ ਤੋਂ ਬਾਅਦ ਇਸੇ ਸੂਚੀ ‘ਚ ਕਪਿਲ ਦੇਵ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਕਬੀਰ ਖ਼ਾਨ ਕਪਿਲ ਦੇਵ ‘ਤੇ ਆਧਾਰਤ ਆਪਣੀ ਆਉਣ ਵਾਲੀ ਫ਼ਿਲਮ ਦੀ ਤਿਆਰੀ ‘ਚ ਲੱਗ ਗਏ ਹਨ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ‘ਚ ਸ਼ਾਮਲ ਚੰਗੀਆਂ ਕਹਾਣੀਆਂ ‘ਚੋਂ ਇਕ ਹੈ। ਦੱਸਣਯੋਗ ਹੈ ਕਿ ਕਬੀਰ ਖ਼ਾਨ 1983 ‘ਚ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਜਿੱਤਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਦੀ ਜ਼ਿੰਦਗੀ ਬਾਰੇ ਫ਼ਿਲਮ ਬਣਾ ਰਹੇ ਹਨ। ਉਨ੍ਹਾਂ ਨੇ ਸਕ੍ਰਿਪਟ ‘ਤੇ ਕੰਮ ਪੂਰਾ ਕਰ ਲਿਆ ਹੈ, ਜਿਸ ‘ਚ ਰਣਵੀਰ ਸਿੰਘ ਸਿਲਵਰ ਸਕ੍ਰੀਨ ‘ਤੇ ਕਪਿਲ ਦੇਵ ਦਾ ਕਿਰਦਾਰ ਨਿਭਾਉਾਂਦੇਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ਚਰਚਾ ਸੀ ਕਿ ਇਸ ਫ਼ਿਲਮ ਲਈ ਅਰਜੁਨ ਕਪੂਰ ਤਕ ਪਹੁੰਚ ਕੀਤੀ ਗਈ ਸੀ ਪਰ ਹੁਣ ਰਣਵੀਰ ਸਿੰਘ ਨੂੰ ਇਸ ਲਈ ਫ਼ਾਈਨਲ ਕੀਤਾ ਗਿਆ ਹੈ। ਰਣਵੀਰ ਪਹਿਲੀ ਵਾਰ ਕਿਸੇ ਬਾਇਓਪਿਕ ‘ਚ ਕੰਮ ਕਰਨਗੇ। ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤੀ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਰਣਵੀਰ ਨੂੰ ਇਕ ਕ੍ਰਿਕਟਰ ਦੇ ਤੌਰ ‘ਤੇ ਪਹਿਲੀ ਵਾਰ ਪਰਦੇ ਤੇ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ। ਕਬੀਰ ਖ਼ਾਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਹੋਏ ਸਭ ਤੋਂ ਮਹੱਤਵਪੂਰਨ ਘਟਨਾ ‘ਤੇ ਰੋਸ਼ਨੀ ਪਾਏਗੀ। ਇਸ ਵਰਲਡ ਕੱਪ ਨੂੰ ਭਾਰਤੀ ਟੀਮ ਨੇ ਵੈਸਟ ਇੰਡੀਜ਼ ਦੀ ਟੀਮ ਨੂੰ ਫ਼ਾਈਨਲ ‘ਚ ਹਰਾ ਕੇ ਜਿੱਤਿਆ ਸੀ। ਇਹ ਇਕ ਇਤਿਹਾਸਿਕ ਜਿੱਤ ਸੀ। ਇਸ ਫ਼ਿਲਮ ‘ਚ ਬਾਕੀ ਕਿਰਦਾਰ ਨਿਭਾਉਣ ਲਈ ਕਲਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਵੱਡਾ ਪ੍ਰੋਗਰਾਮ ਹੋਵੇਗਾ, ਜਿਸ ‘ਚ 1983 ਵਿਸ਼ਵ ਕੱਪ ਦੀ ਜੇਤੂ ਕ੍ਰਿਕਟ ਟੀਮ ਦੇ ਖਿਡਾਰੀ ਮੌਜ਼ੂਦ ਹੋਣਗੇ। ਇਸ ਪ੍ਰੋਗਰਾਮ ‘ਚ ਰਣਵੀਰ ਸਿੰਘ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ।