ਵਿਦਿਆ ਬਾਲਨ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ ਕਿ ਜੇਕਰ ਕੰਮ ਦਾ ਜਨੂੰਨ ਅਤੇ ਕੜੀ ਮਿਹਨਤ ਕਰਨੀ ਆਉਂਦੀ ਹੋਵੇ ਤਾਂ ਤੁਸੀਂ ਆਪਣੀ ਕਿਸਮਤ ਆਪਣੇ ਆਪ ਲਿਖ ਸਕਦੇ ਹੋ। ਇਹੀ ਵਜ੍ਹਾ ਹੈ ਕਿ ਵਿਦਿਆ ਲਈ ਅੱਜ ਵੱਖਰੇ ਤੌਰ ‘ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਆਪਣੀ ਨਵੀਂ ਫ਼ਿਲਮ ‘ਤੁਮਹਾਰੀ ਸੁਲੂ’ ਵਿੱਚ ਵੀ ਉਹ ਚੁਣੌਤੀਪੂਰਨ ਕਿਰਦਾਰ ਵਿੱਚ ਹੈ। ਪੇਸ਼ ਹੈ ਵਿਦਿਆ ਬਾਲਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
*ਸਭ ਤੋਂ ਪਹਿਲਾਂ ਤਾਂ ਸੈਂਸਰ ਬੋਰਡ ਦੀ ਮੈਂਬਰ ਦੇ ਤੌਰ ਉੱਤੇ ਨਿਯੁਕਤੀ ਲਈ ਤੁਹਾਨੂੰ ਸ਼ੁਭ ਕਾਮਨਾਵਾਂ। ਇਸ ਆਹੁਦੇ ਉੱਤੇ ਆਉਣਾ ਕਿਵੇਂ ਲੱਗ ਰਿਹਾ ਹੈ ?
– ਬਹੁਤ – ਬਹੁਤ ਧੰਨਵਾਦ। ਜਿੱਥੇ ਤਕ ਇਸ ਪਦ ਉੱਤੇ ਨਿਯੁਕਤੀ ਦੀ ਗੱਲ ਹੈ ਤਾਂ ਮੈਨੂੰ ਇਹ ਕਹਿਣ ਵਿੱਚ ਹਿਚਕ ਨਹੀਂ ਕਿ ਇਸ ਵਾਰ ਸੈਂਸਰ ਬੋਰਡ ਵਿੱਚ ਸਮਾਨ ਵਿੱਚਾਰਧਾਰਾ ਵਾਲੇ ਲੋਕ ਹਨ। ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਇਸਦੇ ਪ੍ਰਧਾਨ ਦੇ ਤੌਰ ਉੱਤੇ ਹਨ ਤਾਂ ਉੱਥੇ ਹੀ ਸਰਕਾਰ ਵਲੋਂ ਪੁਨਰਗਠਿਤ ਬੋਰਡ ਵਿੱਚ ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ, ਨਰੇਂਦਰ ਕੋਹਲੀ, ਵਾਨੀ ਤ੍ਰਿਪਾਠੀ ਟਿੱਕੂ, ਗੌਤਮੀ ਤਡਿਮੱਲਾ ਵਰਗੇ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਹਨ। ਸੁਭਾਵਿਕ ਤੌਰ ਉੱਤੇ ਬਹੁਤ ਹੀ ਚੰਗਾ ਅਨੁਭਵ ਹੋ ਰਿਹਾ ਹੈ ਕਿਉਂਕਿ ਇੱਕ ਨਵੀਂ ਜ਼ਿੰਮੇਦਾਰੀ ਨਿਭਾਉਣ ਦਾ ਮੌਕਾ ਮਿਲਿਆ ਹੈ।
*ਤੁਸੀਂ ਸੈਂਸਰ ਬੋਰਡ ਦਾ ਹਿੱਸਾ ਬਣਨ ਦਾ ਫ਼ੈਸਲਾ ਕਿਸ ਆਧਾਰ ਉੱਤੇ ਲਿਆ ?
– ਵੇਖੋ , ਮੈਂ ਸੋਚਿਆ ਕਿ ਜੇਕਰ ਮੈਂ ਇਸਨੂੰ ਹਾਂ ਨਹੀਂ ਕਿਹਾ ਤਾਂ ਮੈਨੂੰ ਸੈਂਸਰ ਬੋਰਡ ਵਲੋਂ ਲਏ ਗਏ ਕਿਸੇ ਵੀ ਫ਼ੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਮੈਨੂੰ ਲੱਗਾ ਕਿ ਮੈਂ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਲਈ ਤਿਆਰ ਹਾਂ। ਹਾਲਾਂਕਿ, ਹੁਣੇ ਮੈਂ ਇਸ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੀ ਕਿ ਸਾਡਾ ਰੁਖ਼ ਕੀ ਹੋਵੇਗਾ ਜਾਂ ਸਾਡੇ ਫ਼ੈਸਲੇ ਕਿਸ ਉੱਤੇ ਆਧਾਰਿਤ ਹੋਣਗੇ, ਪਰ ਪਿਛਲੇ ਦਿਨਾਂ ਵਿੱਚ ਇੱਕ ਬੈਠਕ ਹੋਈ ਜਿਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਬੋਰਡ ਵਿੱਚ ਸਾਰੇ ਸਮਾਨ ਵਿੱਚਾਰਧਾਰਾ ਵਾਲੇ ਲੋਕ ਹਨ ਅਤੇ ਇਹ ਸਾਡੇ ਅਤੇ ਬੌਲੀਵੁੱਡ ਲਈ ਚੰਗਾ ਹੈ।
*ਤੁਸੀਂ ਆਪਣੀ ਆਉਣ ਵਾਲੀ ਫ਼ਿਲਮ ‘ਤੁਮਹਾਰੀ ਸੁਲੂ’ ਬਾਰੇ ਕੁਝ ਦੱਸੋ।
– ਇਸ ਫ਼ਿਲਮ ਵਿੱਚ ਮੈਂ ਇੱਕ ਸੁੰਦਰ, ਉਤਸ਼ਾਹੀ ਅਤੇ ਖ਼ੁਸ਼ ਮੁੰਬਈ ਦੀ ਰਹਿਣ ਵਾਲੀ ਸੁਲੋਚਨਾ ਨਾਮਕ ਗ੍ਰਹਿਣੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਉਣ ਵਾਲੀ ਹਾਂ, ਜਿਸ ਦਾ ਨਿਯਮਿਤ ਜੀਵਨ ਬਦਲਦਾ ਹੈ, ਜਦੋਂ ਉਸਨੂੰ ਇੱਕ ਮੋਹਰੀ ਰੇਡੀਓ ਸਟੇਸ਼ਨ ਉੱਤੇ ਰਾਤ ਲਈ ਆਰਜੇ (ਰੇਡੀਓ ਜੌਕੀ) ਦੀ ਨੌਕਰੀ ਮਿਲ ਜਾਂਦੀ ਹੈ ਜਿਸ ਨਾਲ ਉਹ ਬਹੁਤ ਖ਼ੁਸ਼ ਹੁੰਦੀ ਹੈ। ਇਹ ਫ਼ਿਲਮ ਨੌਜਵਾਨਾਂ ਅਤੇ ਪਰਿਵਾਰਾਂ ਲਈ ਇੱਕ ਮਜ਼ੇਦਾਰ ਫ਼ਿਲਮ ਹੋਵੇਗੀ। ਫ਼ਿਲਮ ਵਿੱਚ ਮੇਰੇ ਪਤੀ ਦੇ ਰੂਪ ਵਿੱਚ ਬੌਲੀਵੁੱਡ ਅਦਾਕਾਰ ਮਾਨਵ ਕੌਲ ਨਜ਼ਰ ਆਉਣਗੇ। ਇਸਤੋਂ ਇਲਾਵਾ ਇਸ ਫ਼ਿਲਮ ਵਿੱਚ ਨੇਹਾ ਧੂਪੀਆ ਮੇਰੀ ਬੌਸ ਦੇ ਰੂਪ ਵਿੱਚ ਅਤੇ ਪ੍ਰਸਿੱਧ ਆਰਜੇ ਮਾਲਿਸ਼ਕਾ ਦੇ ਕਿਰਦਾਰ ਵਿੱਚ ਅਲਬਲੀ ਅੰਜਲੀ ਨਜ਼ਰ ਆਏਗੀ। ਇਹ ਫ਼ਿਲਮ 24 ਨਵੰਬਰ ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ।
*ਇਹ ਫ਼ਿਲਮ ਪਹਿਲਾਂ ਪਹਿਲੀ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ, ਫ਼ਿਰ ਇਸ ਨੂੰ ਇੱਕ ਹਫ਼ਤੇ ਪਹਿਲਾਂ ਰਿਲੀਜ਼ ਕਰਨ ਦੀ ਕੋਈ ਖਾਸ ਵਜ੍ਹਾ ?
-ਕਿਉਂਕਿ ਉਸੀਂ ਦਿਨ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਫ਼ਿਲਮ ‘ 102 ਨੌਟ ਆਊਟ’ ਰਿਲੀਜ਼ ਹੋਣ ਵਾਲੀ ਹੈ। ਬਾਕਿਸ ਅਫ਼ਿਸ ਉੱਤੇ ਦੋਨਾਂ ਫ਼ਿਲਮਾਂ ਦੀ ਟੱਕਰ ਟਾਲਣ ਦੇ ਮਕਸਦ ਨਾਲ ਹੀ ‘ਤੁਮਹਾਰੀ ਸੁਲੂ’ ਦੀ ਰਿਲੀਜ਼ ਨੂੰ ਇੱਕ ਹਫ਼ਤੇ ਪਹਿਲਾਂ ਕਰ ਦਿੱਤਾ।
* ‘ਤੁਮਹਾਰੀ ਸੁਲੂ’ ਵਿੱਚ ਸ੍ਰੀਦੇਵੀ ਦੇ ਸੁਪਰਹਿੱਟ ਗੀਤ ਹਵਾ ਹਵਾਈ ਦਾ ਰੀਮਿਕਸ ਵੀ ਦੇਖਣ – ਸੁਣਨ ਨੂੰ ਮਿਲੇਗਾ?
– ਹਾਂ, ਇਸ ਫ਼ਿਲਮ ਵਿੱਚ ਸ੍ਰੀਦੇਵੀ ਅਤੇ ਅਨਿਲ ਕਪੂਰ ਦੀ 1987 ਦੀ ਸੁਪਰਹਿੱਟ ਫ਼ਿਲਮ ‘ਮਿਸਟਰ ਇੰਡੀਆ’ ਦੇ ਗੀਤ ‘ਹਵਾ ਹਵਾਈ’ ਦਾ ਰੀਮੇਕ ਸ਼ਾਮਿਲ ਕੀਤਾ ਗਿਆ ਹੈ। ਇਸ ਗੀਤ ਵਿੱਚ ਮੇਰੇ ਨਾਲ ਨੇਹਾ ਧੂਪੀਆ ਨਜ਼ਰ ਆਏਗੀ। ਉਂਜ, ਇਹ ਗੀਤ ਇਸ ਫ਼ਿਲਮ ਵਿੱਚ ਸਿਰਫ਼ ਇੱਕ ਰੀਮਿਕਸ ਹੀ ਨਹੀਂ ਹੈ, ਸਗੋਂ ਇਹ ਬੇਹੱਦ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ। ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਇਸ ਗੀਤ ਦੀ ਪੂਰੀ ਗਰਿਮਾ ਨੂੰ ਬਣਾਕੇ ਰੱਖੀਏ ਅਤੇ ਇਹ ਰੀਮਿਕਸ ਵੀ ਲੋਕਾਂ ਨੂੰ ਅਸਲ ਗੀਤ ਜਿੰਨਾ ਹੀ ਪਸੰਦ ਆਏ।
*ਪਿਛਲੀ ਫ਼ਿਲਮ ‘ਬੇਗ਼ਮ ਜਾਨ’ ਨੂੰ ਸਮੀਖਿਅਕਾਂ ਦੀ ਸ਼ਾਬਾਸ਼ੀ ਤਾਂ ਮਿਲੀ, ਪਰ ਬਾਕਸ ਆਫ਼ਿਸ ਉੱਤੇ ਕੋਈ ਕਮਾਲ ਨਹੀਂ ਕਰ ਸਕੀ। ਤੁਸੀਂ ਕੀ ਕਹੋਗੇ ?
– ‘ਬੇਗ਼ਮ ਜਾਨ’ ਬਾਕਸ ਆਫ਼ਿਸ ਉੱਤੇ ਕੋਈ ਕਮਾਲ ਨਹੀਂ ਕਰ ਸਕੀ, ਪਰ ਮੈਨੂੰ ਇਸ ਫ਼ਿਲਮ ਦਾ ਹਿੱਸਾ ਬਣਨ ਦਾ ਹਮੇਸ਼ਾਂ ਮਾਣ ਰਹੇਗਾ ਕਿਉਂਕਿ ਇਸ ਫ਼ਿਲਮ ਵਿੱਚ ਇੱਕ ਖ਼ਾਸ ਸੰਦੇਸ਼ ਹੈ ਅਤੇ ਮੈਨੂੰ ਹਮੇਸ਼ਾਂ ਸਾਰਥਿਕ ਫ਼ਿਲਮਾਂ ਪ੍ਰੋਤਸਾਹਿਤ ਕਰਦੀਆਂ ਰਹੀਆਂ ਹਨ। ਇਸ ਫ਼ਿਲਮ ਵਿੱਚ ਵੇਸਵਾ ਘਰ ਦੀ ਮਾਲਕਣ ਦਾ ਮੇਰਾ ਕਿਰਦਾਰ ਵੀ ਬਹੁਤ ਚੁਣੌਤੀਪੂਰਨ ਸੀ ਅਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਚੁਣੌਤੀ ਲੈਣਾ ਹਮੇਸ਼ਾਂ ਤੋਂ ਪਸੰਦ ਰਿਹਾ ਹੈ।
*ਤੁਸੀਂ ਤਾਂ ਇੱਕ ਮਲਿਆਲਮ ਕਹਾਣੀ ਉੱਤੇ ਆਧਾਰਿਤ ਫ਼ਿਲਮ ਵੀ ਕਰ ਰਹੇ ਸੀ ?
-ਜੀ ਹਾਂ । ਮੈਂ ਇੱਕ ਮਲਿਆਲਮ ਬਾਇਓਪਿਕ ਲੇਖਕ ਕਮਲਾਦਾਸ ਉੱਤੇ ਕਰ ਰਹੀ ਹਾਂ। ਉਸਦੀ ਤਿਆਰੀ ਤੇਜ਼ੀ ਨਾਲ ਚੱਲ ਰਹੀ ਹੈ। ਉਹ ਇੱਕ ਵਿਵਾਦਗ੍ਰਸਤ ਮਹਿਲਾ ਸੀ। ਜਿਸ ਤਰ੍ਹਾਂ ਨਾਲ ਉਹ ਆਪਣੀ ਜ਼ਿੰਦਗੀ ਜਿੱਤੀ ਸੀ, ਉਹ ਲੋਕਾਂ ਨੂੰ ਹੁਣ ਵੀ ਦਿਲਚਸਪ ਲੱਗਦਾ ਹੈ। ਉਨ੍ਹਾਂ ਉੱਤੇ ਫ਼ਿਲਮ ਬਣ ਰਹੀ ਹੈ ਅਤੇ ਮੈਂ ਉਨ੍ਹਾਂ ਨੂੰ ਸਮਝਣਾ ਚਾਹੁੰਦੀ ਹਾਂ। ਇਸਦੇ ਇਲਾਵਾ ਕਿਸੇ ਵੀ ਭਾਸ਼ਾ ਵਿੱਚ ਚੰਗੀ ਸਕਰਿਪਟ ਉੱਤੇ ਮੈਂ ਕੰਮ ਕਰਨਾ ਚਹਾਂਗੀ।
*ਤੁਹਾਡੇ ਹਿੱਸੇ ਵਿੱਚ ਮਹਿਲਾ ਪ੍ਰਧਾਨ ਫ਼ਿਲਮਾਂ ਕਾਫ਼ੀ ਜ਼ਿਆਦਾ ਹਨ। ਅਜਿਹੀਆਂ ਫ਼ਿਲਮਾਂ ਕਰਨ ਦੀ ਕੋਈ ਖ਼ਾਸ ਵਜ੍ਹਾ?
– ਵਜ੍ਹਾ ਇਹ ਹੈ ਕਿ ਮੈਨੂੰ ਵੱਖ – ਵੱਖ ਕਿਰਦਾਰ ਨਿਭਾਉਣ ਵਿੱਚ ਮਜ਼ਾ ਆਉਂਦਾ ਹੈ। ਮੈਂ ਆਪਣੇ ਅਜਿਹੇ ਰੋਲ ਦੀ ਤਿਆਰੀ ਉੱਤੇ ਵੀ ਜ਼ਿਆਦਾ ਫ਼ੋਕਸ ਨਹੀਂ ਕਰਦੀ। ਮੈਂ ਕਦੇ ਵੀ ਅਜਿਹੇ ਕਿਰਦਾਰਾਂ ਲਈ ਜ਼ਿਆਦਾ ਤਿਆਰੀ ਨਹੀਂ ਕੀਤੀ। ਡਾਇਰੈਕਟਰ ਦੇ ਦਿਮਾਗ਼ ਵਿੱਚ ਇਸ ਕਿਰਦਾਰ ਨੂੰ ਲੈ ਕੇ ਇੱਕ ਨਜ਼ਰੀਆ ਹੁੰਦਾ ਹੈ ਅਤੇ ਮੈਂ ਉਨ੍ਹਾਂ ਦਾ ਸਿਰਫ਼ ਪਾਲਣ ਕਰਦੀ ਹਾਂ। ਮੈਂ ਆਪਣੇ ਆਪ ਨੂੰ ਬੇਹੱਦ ਕਿਸਮਤ ਵਾਲੀ ਮੰਨਦੀ ਹਾਂ ਕਿ ਮੈਨੂੰ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ।
*ਕਿਸੇ ਖ਼ਾਸ ਅਤੇ ਅਹਿਮ ਫ਼ਿਲਮ ਦੇ ਨਾ ਚੱਲਣ ਉੱਤੇ ਨਿਰਾਸ਼ ਵੀ ਹੁੰਦੇ ਹੋ?
– ਬਿਲਕੁਲ ਨਹੀਂ, ਕਿਉਂਕਿ ਸਾਡਾ ਕੰਮ ਕੇਵਲ ਆਪਣਾ ਬਿਹਤਰੀਨ ਦੇਣਾ ਹੁੰਦਾ ਹੈ। ਫ਼ਿਲਮ ਦੀ ਕਾਮਯਾਬੀ ਜਾਂ ਨਾਕਾਮੀ ਨਾਲ ਕਲਾਕਾਰ ਦਾ ਕੋਈ ਸਬੰਧ ਨਹੀਂ ਹੁੰਦਾ। ਉਂਜ, ਤੁਹਾਨੂੰ ਦੱਸ ਦੇਵਾਂ ਕਿ ਰੋਜ਼ਾਨਾ ਜੀਵਨ ਵਿੱਚ ਕਿਸੇ ਗੱਲੋਂ ਪ੍ਰੇਸ਼ਾਨ ਹੋਣ ਤੋਂ ਪਹਿਲਾਂ ਮੈਂ ਉਸ ਗੱਲ ਨੂੰ ਪਹਿਲਾਂ ਆਪਣੇ ਪਰਿਵਾਰ ਵਿੱਚ ਮੰਮੀ- ਪਾਪਾ ਅਤੇ ਭੈਣ ਨਾਲ ਅਤੇ ਹੁਣ ਪਤੀ ਸਿਧਾਰਥ ਨਾਲ ਖੁੱਲ੍ਹਕੇ ਗੱਲ ਕਰਦੀ ਹਾਂ। ਮੈਨੂੰ ਜਦੋਂ ਵੀ ਕਿਸੇ ਦੀ ਕੋਈ ਗੱਲ ਜਾਂ ਟਿੱਪਣੀ ‘ਤੇ ਨਿਰਾਸ਼ਾ ਹੁੰਦੀ ਹੈ ਤਾਂ ਮੈਂ ਆਪਣੇ ਪਰਿਵਾਰ ਦੇ ਲੋਕਾਂ ਦੇ ਸਾਹਮਣੇ ਜ਼ਰੂਰ ਕਹਿੰਦੀ ਹਾਂ, ਇਸ ਨਾਲ ਬੁਰੀ ਗੱਲ ਦਾ ਅਸਰ ਘੱਟ ਹੁੰਦਾ ਹੈ।
*ਇੰਡਸਟਰੀ ਦੇ ਕਲਾਕਾਰਾਂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਰਹਿੰਦਾ ਹੈ। ਇਸ ਪ੍ਰਤੀ ਤੁਹਾਡਾ ਕੀ ਰੁਖ਼ ਹੁੰਦਾ ਹੈ ?
– ਆਮਤੌਰ ਉੱਤੇ ਮੈਂ ਅਫ਼ਵਾਹਾਂ ਉੱਤੇ ਧਿਆਨ ਨਹੀਂ ਦਿੰਦੀ, ਪਰ ਕਦੇ – ਕਦੇ ਇਹ ਪ੍ਰੇਸ਼ਾਨ ਕਰਨ ਵਾਲਾ ਵੀ ਸਾਬਤ ਹੁੰਦਾ ਹੈ। ਅਜਿਹੇ ਸਮੇਂ ਵਿੱਚ ਮੇਰਾ ਮਜ਼ਾਕੀਆ ਸੁਭਾਅ ਮੈਨੂੰ ਪ੍ਰੇਸ਼ਾਨੀ ਤੋਂ ਬਚਾਉਂਦਾ ਹੈ। ਉਂਜ, ਇੱਕ ਅਭਿਨੇਤਰੀ ਅਤੇ ਜਨਤਕ ਹਸਤੀ ਹੋਣ ਦੇ ਨਾਤੇ ਮੈਂ ਇਹ ਸਵੀਕਾਰ ਕਰ ਲਿਆ ਹੈ ਕਿ ਲੋਕ ਨਿੱਜੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨਾ ਚਾਹੁਣਗੇ ਕਿਉਂਕਿ ਲੋਕ ਇਸ ਵਿੱਚ ਰੁਚੀ ਲੈਂਦੇ ਹਨ ਅਤੇ ਵੱਖ – ਵੱਖ ਤਰ੍ਹਾਂ ਦੇ ਅਨੁਮਾਨ ਲਗਾਉਂਦੇ ਰਹਿੰਦੇ ਹਨ। ਮੈਨੂੰ ਇਸ ਤੋਂ ਕੋਈ ਸਮੱਸਿਆ ਵੀ ਨਹੀਂ ਹੈ, ਪਰ ਜਦੋਂ ਮਰਿਆਦਾ ਦੀਆਂ ਰੇਖਾਵਾਂ ਨੂੰ ਪਾਰ ਕੀਤਾ ਜਾਂਦਾ ਹੈ ਤਾਂ ਪ੍ਰੇਸ਼ਾਨੀ ਜ਼ਰੂਰ ਹੁੰਦੀ ਹੈ।
*ਤੁਹਾਨੂੰ ਇੰਡਸਟਰੀ ਦਾ ਲੇਡੀ ਅਮਿਤਾਭ ਕਿਹਾ ਜਾਂਦਾ ਹੈ , ਤੁਸੀਂ ਕੀ ਸੋਚਦੇ ਹੋ ?
– ਅਮਿਤਾਭ ਬੱਚਨ ਵਰਗਾ ਕਲਾਕਾਰ ਬਣਨਾ ਇੰਨਾ ਆਸਾਨ ਨਹੀਂ ਹੈ , ਕਿਉਂਕਿ ਉਹ ਇੱਕ ਅਜਿਹੇ ਕਲਾਕਾਰ ਹਨ ਜੋ ਇਕੱਲੇ ਆਪਣੇ ਦਮ ਉੱਤੇ ਹੀ ਫ਼ਿਲਮ ਚਲਾਉਣ ਦਾ ਮੂਲ ਤੱਤ ਰੱਖਦੇ ਹਨ। ਹਾਲਾਂਕਿ, ਮੈਂ ਬਹੁਤ ਹੀ ਮਾਣ ਮਹਿਸੂਸ ਕਰਦੀ ਹਾਂ ਜਦੋਂ ਕੋਈ ਮੇਰੀ ਤੁਲਨਾ ਉਨ੍ਹਾਂ ਨਾਲ ਕਰਦਾ ਹੈ, ਪਰ ਆਪਣੇ ਆਪ ਉੱਤੇ ਹਾਸਾ ਵੀ ਆਉਂਦਾ ਹੈ ਕਿਉਂਕਿ ਮੈਨੂੰ ਕਦੇ ਅੱਜ ਤਕ ਅਜਿਹਾ ਨਹੀਂ ਲੱਗਿਆ ਕਿ ਮੈਂ ਕਿਸੇ ਫ਼ਿਲਮ ਨੂੰ ਸਿਰਫ਼ ਆਪਣੇ ਦਮ ਉੱਤੇ ਚਲਾ ਸਕਦੀ ਹਾਂ।
*ਤੁਹਾਡੇ ਹਿਸਾਬ ਨਾਲ ਫ਼ਿਲਮ ਦਾ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ ?
– ਅੱਜ ਦੇ ਸਮੇਂ ਵਿੱਚ ਫ਼ਿਲਮ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਇਹ ਅਜੋਕੇ ਕਲਾਕਾਰਾਂ ਲਈ ਚੰਗਾ ਮੌਕਾ ਹੈ ਕਿ ਉਹ ਆਪਣੇ ਕੰਮ ਨੂੰ ਲੋਕਾਂ ਤਕ ਮੀਡੀਆ ਦੇ ਮਾਧਿਅਮ ਨਾਲ ਪਹੁੰਚਾਉਣ। ਇਸਨੂੰ ਮੈਂ ਹਮੇਸ਼ਾਂ ਨਵੇਂ ਤਰੀਕਿਆਂ ਨਾਲ ਕਰਨਾ ਚਾਹੁੰਦੀ ਹਾਂ ਤਾਂ ਕਿ ਦਰਸ਼ਕਾਂ ਦੀ ਰੁਚੀ ਫ਼ਿਲਮ ਪ੍ਰਤੀ ਵਧੇ।
*ਆਪਣੇ ਹੁਣ ਤਕ ਦੇ ਸਫ਼ਰ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੇ ਖ਼ੁਦ ਵਿੱਚ ਕਿੰਨੀ ਤਬਦੀਲੀ ਮਹਿਸੂਸ ਕਰਦੇ ਹੋ?
– ਸਫ਼ਰ ਤਾਂ ਉਤਰਾਅ – ਚੜ੍ਹਾਅ ਵਿੱਚ ਰਿਹਾ ਹੈ ਕਿਉਂਕਿ ਕੁਝ ਫ਼ਿਲਮਾਂ ਚੱਲੀਆਂ ਤੇ ਕੁਝ ਨਹੀਂ,ਪਰ ਮੈਂ ਕਦੇ ਹਾਰ ਨਹੀਂ ਮੰਨੀ ਕਿਉਂਕਿ ਹਰ ਦਿਨ ਇੱਕ ਨਵਾਂ ਦਿਨ ਹੁੰਦਾ ਹੈ ਅਤੇ ਹਰ ਦਿਨ ਤੁਸੀਂ ਕੁਝ ਨਵਾਂ ਕਰ ਸਕਦੇ ਹੋ। ਮੇਰੇ ਜੀਵਨ ਵਿੱਚ ਤਬਦੀਲੀ ਤਾਂ ਬਹੁਤ ਆਈ ਹੈ, ਪਹਿਲਾਂ ਮੈਂ ਇਕੱਲੀ ਸੀ, ਹੁਣ ਵਿਆਹ ਹੋ ਚੁੱਕਾ ਹੈ। ਸਭ ਕੁਝ ਬਦਲ ਚੁੱਕਿਆ ਹੈ ਅਤੇ ਸਮੇਂ ਦੇ ਨਾਲ – ਨਾਲ ਮੇਰਾ ਵੀ ਵਿਕਾਸ ਹੋਇਆ ਹੈ।
*ਤੁਸੀਂ ਹਮੇਸ਼ਾਂ ਕੁਝ ਨਾ ਕੁਝ ਸਮਾਜਿਕ ਕਾਰਜ ਕਰਦੇ ਹੋ, ਇਸਦੀ ਰੁਚੀ ਕਿੱਥੋਂ ਪੈਦਾ ਹੋਈ ?
– ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਰਿਹਾ ਹੈ ਕਿ ਸਾਨੂੰ ਉਹ ਸਭ ਕੁਝ ਮਿਲਿਆ ਜਿਸਦੀ ਜ਼ਰੂਰਤ ਹੈ, ਪਰ ਇਸਦਾ ਕੁਝ ਭਾਗ ਸਾਨੂੰ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ ਜਿਨ੍ਹਾਂ ਕੋਲ ਇਹ ਸਭ ਨਹੀਂ ਹੈ। ਮੇਰੀ ਭੈਣ ਵੀ ਆਪਣੇ ਬੱਚਿਆਂ ਨੂੰ ਆਪਸ ਵਿੱਚ ਵੰਡਣਾ ਸਿਖਾਉਂਦੀ ਹੈ। ਇਹ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਉਣਾ ਪੈਂਦਾ ਹੈ। ਇਸ ਨਾਲ ਬੱਚਿਆਂ ਵਿੱਚ ਸੰਵੇਦਨਸ਼ੀਲਤਾ ਵਧਦੀ ਹੈ। ਨਾਲ ਹੀ ਇਸ ਤੋਂ ਤੁਹਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਇੱਕ ਇਨਸਾਨ ਆਪਣੇ ਕੋਲ ਕਿੰਨਾ ਰੱਖ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਮੈਨੂੰ ਕਿਸੇ ਦੇ ਬਾਰੇ ਵਿੱਚ ਸੋਚਣ ਉੱਤੇ ਮਜਬੂਰ ਕਰਦੀਆਂ ਹਨ ਅਤੇ ਮੈਂ ਸਮਾਜਿਕ ਕਾਰਜਾਂ ਵੱਲ ਚੱਲ ਪੈਂਦੀ ਹਾਂ।