ਥਾਇਰੌਇਡ ਦੀਆਂ ਸਮੱਸਿਆਵਾਂ ਔਰਤਾਂ ਵਿੱਚ ਵਧੇਰੇ ਹੁੰਦੀਆਂ ਹਨ। ਇਸ ਗ੍ਰੰਥੀ ਦੇ ਵਧਣ ਨਾਲ ਧੌਣ ਵਿੱਚ, ਸਾਹਮਣੇ ਪਾਸੇ ਸੋਜ ਜਾਂ ਗਿਲ੍ਹਟੀ ਬਣ ਜਾਂਦੀ ਜਿਸ ਨੂੰ ਗਿਲੜ੍ਹ ਕਿਹਾ ਜਾਂਦਾ ਹੈ । ਥਾਇਰੌਇਡ ਗ੍ਰੰਥੀ ਧੌਣ ਵਿੱਚ ਸਾਹਮਣੇ ਪਾਸੇ, ਬਿਲਕੁਲ ਵਿੱਚਕਾਰ, ਤਿੱਤਲੀ ਦੀ ਸ਼ਕਲ ਵਰਗਾ ਅੰਗ ਹੁੰਦਾ ਹੈ। ਇਸ ਦੀ ਕੋਈ ਵੀ ਸਮੱਸਿਆ ਹੋ ਜਾਵੇ ਤਾਂ ਸਰੀਰਕ ਕਸ਼ਟ ਦੇ ਨਾਲ ਨਾਲ, ਸਾਹਮਣੇ ਹੋਣ ਕਰਕੇ ਸੁਹੱਪਣ ‘ਤੇ ਵੀ ਬੁਰਾ ਅਸਰ ਪੈਂਦਾ ਹੈ।
ਥਾਇਰੌਇਡ ਦੇ ਹਾਰਮੋਨਜ਼ ਦਾ ਨਾਮ ਹੈ ਟੀ-3 ਯਾਨੀ ਟ੍ਰਾਈ-ਆਇਡੋ-ਥਾਇਰੋਨੀਨ ਅਤੇ ਟੀ-4 ਅਰਥਾਤ ਥਾਇਰੌਕ-ਸੀਨ। ਇਹ ਹਾਰਮੋਨਜ਼ ਸਰੀਰ ਦੇ ਸੈਲਾਂ ਨੂੰ ਊਰਜਾ ਪ੍ਰਦਾਨ ਕਰਦੇ ਹਨ। ਭੋਜਨ ਜਾਂ ਪਾਣੀ ਰਾਹੀਂ, ਆਇਓਡੀਨ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ। ਇਹ ਥਾਇਰੌਇਡ ਦੇ ਵਿਕਾਸ ਅਤੇ ਇਸ ਦੇ ਹਾਰਮੋਨਜ਼ ਬਨਣ ਲਈ ਜ਼ਰੂਰੀ ਹੈ। ਗਿਲ੍ਹੜ ਹੋ ਜਾਵੇ ਤਾਂ ਸਾਹ-ਰਗ ਨੱਪੀ ਜਾਣ ਕਾਰਨ ਖੰਘ ਜਾਂ ਸਾਹ ਰੁਕਣਾ; ਅਤੇ ਭੋਜਨ ਨਲੀ ਨੱਪੀ ਜਾਣ ਨਾਲ ਬੁਰਕੀ ਲੰਘਾਉਣ ਵਿੱਚ ਮੁਸ਼ਕਲ ਪੇਸ਼ ਅਉਣਾ, ਆਵਾਜ਼ ਦਾ ਭਾਰੀ ਹੋਣਾ ਆਦਿ ਲੱਛਣ ਹੁੰਦੇ ਹਨ। ਜਿੰਨ੍ਹਾਂ ਭੂਗੋਲਿਕ ਖੇਤਰਾਂ ਵਿੱਚ ਆਇਓਡੀਨ ਦੀ ਘਾਟ ਹੁੰਦੀ ਹੈ, ਉਥੇ ਗਿਲੜ੍ਹ ਦੇ ਕੇਸ ਜ਼ਿਆਦਾ ਹੁੰਦੇ ਹਨ। ਛੋਟੀਆਂ ਪਹਾੜੀਆਂ ਵਾਲੇ ਥਾਂ, ਜਿਵੇਂ ਪੰਜਾਬ ਦੇ ਹੁਸ਼ਿਆਰਪੁਰ, ਰੋਪੜ, ਪਠਾਨਕੋਟ ਦੇ ਨਾਲ ਲਗਦੇ ਖੇਤਰ, ਤੇ ਹਿਮਾਚਲ ਦੇ ਕਾਂਗੜਾ, ਪਾਲਮਪੁਰ ਆਦਿ ਥਾਵਾਂ ‘ਤੇ ਆਇਓਡੀਨ ਦੀ ਕਮੀ ਕਾਰਨ ਗਿਲੜ੍ਹ ਜ਼ਿਆਦਾ ਹੁੰਦਾ ਹੈ। ਉਂਜ ਅੱਜ ਕਲ੍ਹ ਆਇਓਡੀਨ ਵਾਲਾ ਲੂਣ ਵਰਤਣ ਕਰਕੇ ਇਹ ਕੇਸ ਪਹਿਲਾਂ ਨਾਲੋਂ ਕਾਫ਼ੀ ਘੱਟ ਹਨ। ਕਈ ਵਾਰ ਅਲੜ੍ਹ ਉਮਰ ਦੀਆਂ ਕੁੜੀਆਂ ਦੇ ਗਲੇ ਵਿੱਚ ਗਿਲੜ੍ਹ ਦੀ ਸੋਜ ਪੈਦਾ ਹੋ ਜਾਂਦੀ ਹੈ। ਇਸ ਨੂੰ ਪਿਊਬਰਟੀ ਗਾਇਟਰ ਕਿਹਾ ਜਾਂਦਾ ਹੈ। ਗਰਭ ਅਵਸਥਾ ਦੌਰਾਨ ਗਿਲੜ੍ਹ: ਜਣੇਪੇ ਤੋਂ ਪਿਛੋਂ, ਅਤੇ ਕਈ ਵਾਰ ਅਬਾਰਸ਼ਨ ਤੋਂ ਬਾਅਦ ਵੀ, ਔਰਤਾਂ ਨੂੰ ਗਿਲੜ੍ਹ ਹੋ ਜਾਂਦਾ ਹੈ। ਇਨ੍ਹਾਂ ਵਿੱਚ ਪਹਿਲਾਂ ‘ਹਾਇਪਰ’ ਤੇ ਬਾਅਦ ਵਿੱਚ ‘ਹਾਇਪੋ’ ਥਾਇਰਾਡਿਜ਼ਮ ਵਾਲੀਆਂ ਨਿਸ਼ਾਨੀਆਂ ਦੇ ਨਾਲ ਨਾਲ, ਤੇ ਗਲੇ ਵਿੱਚ ਸੋਜਾ ਹੋ ਜਾਂਦਾ ਹੈ। ਜੇਕਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਈਏ ਤੇ ਸੰਤੁਲਿਤ ਭੋਜਨ ਛਕੀਏ, ਕੁਝ ਦੇਰ ਬਾਦ ਇਹ ਗਿਲੜ੍ਹ ਠੀਕ ਹੋ ਜਾਂਦਾ ਹੈ। ਜਿਹੜੀਆਂ ਬੀਬੀਆਂ ਨੂੰ ਟਾਈਪ-ਵਨ ਕਿਸਮ ਦਾ ਸ਼ੂਗਰ ਰੋਗ ਹੋਵੇ ਉਨ੍ਹਾਂ ਵਿੱਚ ਜਣੇਪੇ ਤੋਂ ਪਿਛੋਂ ਗਿਲੜ੍ਹ ਉਤਪੰਨ ਹੋਣ ਦਾ 25% ਜ਼ੋਖਿਮ ਰਹਿੰਦਾ ਹੈ।
ਹਾਇਪੋ-ਥਾਇਰੌਇਡਜ਼ਮ: ਜਦ ਥਾਇਰੌਇਡ ਗ੍ਰੰਥੀ ‘ਚੋਂ ਹਾਰਮੋਨ ਪੈਦਾਵਾਰ ਘਟ ਜਾਵੇ ਤਾਂ ਇਸ ਨੂੰ ਹਾਇਪੋ-ਥਾਇਰੌਇਡਜ਼ਮ ਕਿਹਾ ਜਾਂਦਾ ਹੈ। ਇਸ ਦੇ ਲੱਛਣ ਹਨ: ਮੋਟਾਪਾ, ਥਕਾਵਟ, ਸਖ਼ਤ ਚਮੜੀ, ਅੱਖਾਂ ‘ਤੇ ਥੋੜੀ ਸੋਜ, ਪਸੀਨਾ ਘੱਟ ਜਾਂ ਨਾ ਆਉਣਾ, ਭਰਵੱਟੇ ਤੇ ਹੋਰ ਵਾਲ ਝੜ ਜਾਣਾ, ਆਵਾਜ਼ ਭਾਰੀ ਹੋ ਜਾਣਾ, ਯਾਦ-ਦਾਸ਼ਤ ਕਮਜ਼ੋਰ ਹੋ ਜਾਣਾ, ਦਿਮਾਗੀ ਪ੍ਰੇਸ਼ਾਨੀ, ਘੱਟ ਸੁਨਣਾ, ਜ਼ਿਆਦਾ ਠੰਢ ਮਹਿਸੂਸ ਕਰਨਾ, ਬੇਤਰਤੀਬੀ ਮਹਾਵਾਰੀ ਆਦਿ। ਇਹ ਸਮੱਸਿਆ ਬੱਚਿਆਂ ਵਿੱਚ ਵੀ, ਤੇ ਜਮਾਂਦਰੂ ਵੀ ਹੁੰਦੀ ਹੈ। ਐਸੇ ਬੱਚਿਆਂ ਨੂੰ ਕਰੈਟਿਨ ਕਿਹਾ ਜਾਂਦਾ ਹੈ। ਇਹਦੇ ਲੱਛਣ ਹਨ ਬੇਹੱਦ ਸੁਸਤ ਹੋਣਾ, ਦੁੱਧ ਚੁੰਘਦੇ-ਚੁੰਘਦੇ ਸੌਂ ਜਾਣਾ, ਕਬਜ਼, ਸਰੀਰ ਦਾ ਵਾਧਾ ਨਾ ਹੋਣਾ, ਵਧਿਆ ਹੋਇਆ ਢਿੱਡ, ਧੁੰਨੀ ਦਾ ਹਰਨੀਆ ਆਦਿ। ਐਸੀ ਸਮੱਸਿਆ ਗਰਭ ਦੌਰਾਨ ਆਇਓਡੀਨ ਦੀ ਕਮੀ ਕਾਰਨ ਹੁੰਦੀ ਹੈ।
ਹਾਇਪਰ-ਥਾਇਰੋਇਡਿਜ਼ਮ: ਕਈਆਂ ਸਥਿਤੀਆਂ ਵਿੱਚ ਥਾਇਰੌਇਡ ਦੇ ਹਾਰਮੋਨਜ਼ ਵਧੇਰੇ ਮਾਤਰਾ ਵਿੱਚ ਬਨਣ ਲਗਦੇ ਹਨ। ਇਸ ਨੂੰ ਹਾਇਪਰ-ਥਾਇਰੋਇਡਿਜ਼ਮ ਕਿਹਾ ਜਾਂਦਾ ਹੈ। ਐਸੇ ਰੋਗੀਆਂ ਵਿੱਚ ਲੱਛਣ ਹਨ: ਥਕਾਵਟ, ਦਿਲ ਜ਼ਿਆਦਾ ਧੜਕਣਾ, ਫ਼ਿਕਰਮੰਦੀ ਜਾਂ ਉਦਾਸੀ, ਪੱਠਿਆਂ ਦੀ ਕਮਜ਼ੋਰੀ, ਹੱਥ ਪੈਰ ਕੰਬਣੇ, ਅੱਖਾਂ ਬਾਹਰ ਨੂੰ ਨਿਕਲੀਆਂ ਹੋਈਆਂ, ਗਰਮੀ ਬਰਦਾਸ਼ਤ ਨਾ ਕਰ ਸਕਣਾ, ਭੁੱਖ ਜ਼ਿਆਦਾ ਲੱਗਣੀ, ਫ਼ਿਰ ਵੀ ਭਾਰ ਦਾ ਘਟਣਾ, ਗਿੱਟਿਆਂ ‘ਤੇ ਥੋੜ੍ਹੀ ਸੋਜ, ਬੇਚੈਨੀ, ਗਾਲੜੀ ਹੋਣਾ, ਨਬਜ਼ ਦੀ ਗਤੀ ਤੇਜ਼ ਹੋਣਾ (ਸੁੱਤਿਆਂ ਹੋਇਆਂ ਵੀ), ਹਥੇਲੀਆਂ ਪਸੀਨੇ ਨਾਲ ਗਿੱਲੀਆਂ ਹੋਣੀਆਂ ਤੇ ਨੀਂਦ ਦਾ ਘੱਟ ਹੋਣਾ। ਜੇਕਰ ਮਾਂ, ਗਰਭ ਦੌਰਾਨ ਥਾਇਰੌਇਡ ਦੀਆਂ ਦਵਾਈਆਂ ਖਾਂਦੀ ਰਹੀ ਹੋਵੇ ਤਾਂ ਨਵ-ਜਨਮੇਂ ਬੱਚੇ ਦਾ ਭਾਰ ਘੱ ਟਹੋ ਸਕਦਾ ਹੈ, ਨਬਜ਼ ਤੇਜ਼ ਹੋਵੇਗੀ ਤੇ ਗਲੇ ਵਿੱਚ ਗਿਲੜ੍ਹ ਹੋਵੇਗਾ ।
ਥਾਇਰੌਇਡ ਗਿਲੜ੍ਹ ਦਾ ਕੈਂਸਰ: ਇਹ ਕੈਂਸਰ ਅੋਰਤਾਂ ਵਿੱਚ ਵਧੇਰੇ ਹੁੰਦਾ ਹੈ। ਆਮ ਕਰਕੇ ਇਹ 20-50 ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਹੁੰਦਾ ਹੈ। 65 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਵਿੱਚ ਇਕ ਖ਼ਾਸ ਕਿਸਮ ‘ਐਨਾਪਲਾਸਟਿਕ ਥਾਇਰੌਇਡ-ਕੈਂਸਰ’ ਦੇ ਚਾਂਸ ਵਧੇਰੇ ਹੁੰਦੇ ਹਨ ।
ਨਿਸ਼ਾਨੀਆਂ: ਸ਼ੁਰੂ ਵਿੱਚ ਇਸ ਕੈਂਸਰ ਦੇ ਕੋਈ ਲੱਛਣ ਨਹੀਂ ਹੁੰਦੇ। ਬਾਅਦ ਵਿੱਚ ਨਿਮਨ ਲਿਖਤ ਹੋ ਸਕਦੇ ਹਨ: ਧੌਣ ਦੇ ਸਾਹਮਣੇ ਪਾਸੇ ਇਕ ਗਿਲ੍ਹਟੀ ਵਾਂਗ ਜਾਂ ਸੋਜਾ, ਕੈਂਸਰ ਦੀ ਗਿਲ੍ਹਟੀ ਪਿੱਛੇ ਨੂੰ ਵਧ ਜਾਵੇ ਤਾਂ ਆਵਾਜ਼ ਭਾਰੀ ਹੋ ਜਾਂਦੀ ਹੈ, ਸਾਹ ਨਾਲੀ ਦੱਬੀ ਜਾਵੇ ਤਾਂ ਸਾਹ ਵਿੱਚ ਮੁਸ਼ਕਿਲ ਪੇਸ਼ ਆਂਉਂਦੀ ਹੈ, ਭੋਜਨ-ਨਾਲੀ ਨੱਪੀ ਜਾਵੇ ਤਾਂ ਖਾਣਾ ਲੰਘਾਉਣਾ ਮੁਸ਼ਕਲ ਹੋ ਜਾਂਦਾ ਹੈ। ਆਮ ਕਰਕੇ ਸ਼ੁਰੂ ਵਿੱਚ ਦਰਦ ਨਹੀਂ ਹੁੰਦੀ ਪਰ ਕਈ ਵਾਰ ਹੋ ਵੀ ਸਕਦੀ ਹੈ।
ਥਾਇਰੌਇਡ ਦੇ ਕੈਂਸਰ ਦੀਆਂ ਕਿਸਮਾਂ:
1. ਪੈਪੀਲਰੀ ਕਾਰਸੀਨੋਮਾ, 2. ਫ਼ੌਲੀਕੁਲਰ ਕਾਰਸੀਨੋਮਾ, 3.ਮੈਡੂਲਰੀ ਕਾਰਸੀਨੋਮਾ ਤੇ 4.ਐਨਾ-ਪਲਾਸਟਿਕ ਕਾਰਸੀਨੋਮਾ। ਲੱਛਣ ਜੋ ਵੀ ਹੋਣ, ਡਾਕਟਰ ਦੁਆਰਾ ਮੁਆਇਨਾ ਤੇ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਕੈਂਸਰ ਹੈ ਜਾਂ ਨਹੀਂ। ਥਾਇਰੌਇਡ ਹਾਰਮੋਨਜ਼ ਦੇ ਟੈਸਟਾਂ ਦੇ ਨਾਲ ਨਾਲ, ਅਲਟਰਾ ਸਾਊਂਡ, ਸੀ.ਟੀ. ਸਕੈਨ ਤੇ ਸੋਜ ਜਾਂ ਗਿਲ੍ਹਟੀ ਦਾ ਬਾਰੀਕ ਸੂਈ ਵਾਲਾ ਟੈਸਟ (ਫ਼ਾਇਨ ਨੀਡਲ ਐਸਪੀਰੇਸ਼ਨ ਸਾਇਟਾਲੋਜੀ) ਕਰਵਾ ਕੇ ਪਤਾ ਲਗਾਇਆ ਜਾਂਦਾ ਹੈ ਕਿ ਕੈਂਸਰ ਹੈ ਜਾ ਨਹੀਂ। ਇਸ ਟੈਸਟ ਦੇ ਆਧਾਰ ‘ਤੇ ਲੇਖਕ ਨੇ ਪਟਿਆਲਾ ਵਿਖੇ ਥਾਇਰੌਇਡ ਦੀਆਂ ਗਿਲ੍ਹਟੀਆਂ ਦੇ 415 ਮਰੀਜ਼ਾਂ ‘ਤੇ ਆਧਾਰਿਤ ਇਕ ਅਧਿਐਨ ਕੀਤਾ ਸੀ। ਇਨ੍ਹਾਂ ‘ਚੋਂ 63 ਕੇਸ ਕੈਂਸਰ ਦੇ ਨਿਕਲੇ ਸਨ। ਸੋ ਸੰਤੁਲਿਤ ਭੋਜਨ ਖਾਓ, ਦੇਸੀ ਇਲਾਜ, ਓਹੜ-ਪੋਹੜ ਤੇ ‘ਬਾਬਿਆਂ’ ਕੋਲ ਜਾਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਨੁਕਸਾਨ ਹੋ ਸਕਦੈ। ਇਸ ਲਈ ਮੁਕੰਮਲ ਜਾਂਚ ਤੋਂ ਬਾਅਦ ਮਾਹਿਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ।
ਡਾ. ਮਨਜੀਤ ਸਿੰਘ ਬੱਲ
83508- 00237