ਸੱਥ ਵੱਲ ਨੂੰ ਤੁਰੇ ਆਉਂਦੇ ਬੰਦਿਆਂ ਨੂੰ ਵੇਖ ਕੇ ਬਾਬੇ ਕਪੂਰ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਅਮਲੀਆ ਓਏ, ਸੋਡਾ ਗੁਆਂਢੀ ਬਿੱਕਰ ਝਿੱਫ਼ ਕਿਵੇਂ ਬੰਦਿਆਂ ਨੂੰ ਮਗਰ ਲਾਈ ਆਉਂਦਾ ਜਿਮੇਂ ਵੋਟਾਂ ਮੰਗਣ ਵੇਲੇ ਲੀਡਰ ਘਰ ਘਰ ਲੋਕਾਂ ਦੇ ਪਸੂ ਡਰਾਉਂਦੇ ਫ਼ਿਰਦੇ ਹੁੰਦੇ ਐ। ਇਹ ਤਾਂ ਆਏਂ ਢਾਣਾ ਬੰਨ੍ਹੀ ਆਉਂਦੇ ਐ ਜਿਮੇਂ ਕਬਜਾ ਲੈਣ ਚੱਲੇ ਹੁੰਦੇ ਐ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਕਬਜਾ ਲੈਣ ਆਲਾ ਇਨ੍ਹਾਂ ‘ਚੋਂ ਕਿਹੜਾ ਬਾਬਾ ਦੱਸੀਂ ਖਾਂ। ਇਹ ਕਿਤੇ ਆਵਦੇ ਨਾ ਕਬਜੇ ਪਟਾ ਲੈਣ। ਇਹ ਤਾਂ ਕੋਈ ਹੋਰ ਗੱਲ ਲੱਗਦੀ ਐ। ਕੋਈ ਨ੍ਹੀ! ਸੱਥ ‘ਚ ਆ ਲੈਣ ਦੇ ਕਰਦੇਂ ਆਂ ਉਨੀ ਇੱਕੀ। ਐਥੇ ਈ ਆਉਣਗੇ ਹੋਰ ਇਹ ਕਚਹਿਰੀ ਤਾਂ ਚੱਲੇ ਨ੍ਹੀ ਬਈ ਛੱਬੀ ਦੀ ਜਮਾਨਤ ਕਰਾਉਣੀ ਐਂ ਕਿਸੇ ਦੀ।”
ਮਾਹਲੇ ਨੰਬਰਦਾਰ ਨੇ ਨਾਥੇ ਅਮਲੀ ਨੂੰ ਹਲੂਣਿਆਂ, ”ਤੂੰ ਬੋਲਦਾ ਨ੍ਹੀ ਓਏ ਪਾਪੜਾ ਜਿਆ। ਤੈਨੂੰ ਕਪੂਰ ਸਿਉਂ ਨੇ ਕੀ ਪੁੱਛਿਐ। ਆਂਢ ਗੁਆਂਢ ਦੀ ਗੱਲ ਸੁਣ ਕੇ ਤਾਂ ਪਤੰਦਰਾ ਇਉਂ ਛਾਪਲ ਜਾਨੈਂ ਜਿਮੇਂ ਮਚਲਿਆ ਵਿਆ ਸੀਰੀ ਸਾਂਝੀ ਅੱਧ ਵਚਾਲਿਉਂ ਸੀਰ ਛੱਡ ਕੇ ਜੁਲੜਾਂ ‘ਚੋਂ ਈ ਨ੍ਹੀ ਨਿੱਕਲਦਾ ਹੁੰਦਾ। ਹੈ ਕੁਸ ਪਤਾ ਤੈਨੂੰ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਮੈਂ ਤਾਂ ਨੰਬਰਦਾਰਾ ਇਉਂ ਚੁੱਪ ਕਰ ਗਿਆਂ ਬਈ ਪਹਿਲਾਂ ਸੱਥ ਆਲਿਆਂ ਨੂੰ ਬੋਲ ਲੈਣ ਦੀਏ, ਇਨ੍ਹਾਂ ਤੋਂ ਮਗਰੋਂ ਈ ਟੰਗਾਂਗੇ ਵੇਲਣੇ ‘ਤੇ ਸੇਵੀਆਂ।”
ਮਾਹਲਾ ਨੰਬਰਦਾਰ ਕਹਿੰਦਾ, ”ਚੱਲ ਦੱਸ ਫ਼ਿਰ ਹੁਣ। ਇਹ ਤਾਂ ਸਾਰੇ ਚੁੱਪ ਕਰਗੇ। ਛੇਤੀ ਬੋਲ ਢਾਣੇ ਦੇ ਆਉਣ ਤੋਂ ਪਹਿਲਾਂ ਪਹਿਲਾਂ। ਨਹੀਂ ਤਾਂ ਉਨ੍ਹਾਂ ਨੇ ਆ ਕੇ ਸਾਰੀ ਗੱਲ ਘਪਲ਼ ਚੌਦੇਂ ‘ਚ ਰੋਲ ਦੇਣੀ ਐ। ਦੱਸਣਗੇ ਕੁਸ ਹੋਰ ਤੇ ਹੋਇਆ ਓੱਥੇ ਕੁਸ ਹੋਰ ਹੋਊ।”
ਨਾਥਾ ਅਮਲੀ ਕਹਿੰਦਾ, ”ਹੋਰ ਕੀ ਬਾਂਦਰੀ ਮਣ੍ਹੇ ‘ਤੇ ਚੜ੍ਹਾ ਦੇਣਗੇ। ਗੱਲ ਤਾਂ ਜਿਹੜੀ ਹੋਈ ਹੋਊ ਉਹੀ ਦੱਸਣਗੇ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਐਨੇ ਬੰਦਿਆਂ ‘ਚ ਤਾਂ ਕੋਈ ਨਾ ਕੋਈ ਅਸਲੀ ਗੱਲ ਦੀ ਟੇਢ ਮੇਢ ਕਰ ਈ ਜਾਂਦੈ ਅਮਲੀਆ। ਤੂੰ ਸਣਾ ਗੱਲ।”
ਨਾਥਾ ਅਮਲੀ ਕਹਿੰਦਾ, ”ਗਰਮੀਤੇ ‘ਕਾਲੀ ਕੇ ਤੇ ਸੁੱਚੇ ਪ੍ਰੇਮੀ ਕੇ ਆਪਸ ਵਿੱਚ ਲੜ ਪੇ। ਇਹ ਤਾਂ ਉਨ੍ਹਾਂ ਨੂੰ ਛਡਾਉਣ ਗਏ ਸੀ।”
ਬੁੱਘਰ ਦਖਾਣ ਨੇ ਅਮਲੀ ਨੂੰ ਪੁੱਛਿਆ, ”ਤੂੰ ਕਿਉਂ ਨ੍ਹੀ ਗਿਆ ਉਨ੍ਹਾਂ ਨੂੰ ਛਡਾਉਣ। ਤੂੰ ਕਿਉਂ ਐਧਰ ਨੂੰ ਭੱਜਿਆਇਐਂ। ਐਧਰ ਕੀ ਕੁਕੜੀ ਸੇਵਾ ਤੋਂ ਉਠਦੀ ਸੀ। ਤੂੰ ਸਾਰੀ ਗੱਲ ਸੁਣ ਕੇ ਆਉਣੀ ਸੀ। ਅੱਜ ਤਾਂ ਅਮਲੀਆ ਤੂੰ ਕੱਚੀ ਗੱਲ ਕਰ ਗਿਐਂ ਓਏ।”
ਅਮਲੀ ਕਹਿੰਦਾ, ”ਔਹ ਜਿਹੜੇ ‘ਠਾਰਾਂ ਜਣੇ ਆਉਂਦੇ ਐ ਸਭ ਕੁਸ ਦੱਸ ਈ ਦੇਣਗੇ।”
ਬਾਬਾ ਕਪੂਰ ਸਿਉਂ ਕਹਿੰਦਾ, ”ਉਨ੍ਹਾਂ ਤੋਂ ਮਸਾਲਾ ਨ੍ਹੀ ਨਾ ਲੱਗਣਾ। ਸਿੱਧ ਪਧਰੀ ਜੀ ਗੱਲ ਸਣਾ ਕੇ ਪਾਥੀਆਂ ‘ਚ ਗਧਾ ਵਾੜ ਦੇਣਗੇ। ਤੂੰ ਦੱਸਣੀ ਸੀ ਗੱਲ ਘੋਟ ਘੋਟ ਕੇ ਜੇ ਜਿਮੇਂ ਪ੍ਰਸਿੰਨੀ ਬੁੜ੍ਹੀ ਸਾਗ ਘੋਟਦੀ ਅੱਧੀ ਰਾਤ ਕਰ ਦਿੰਦੀ ਐ। ਜਦੋਂ ਨੂੰ ਸਾਗ ਬਣਦਾ ਉਦੋਂ ਨੂੰ ਅੱਧਾ ਟੱਬਰ ਭੁੱਖਾ ਈ ਸੌਂ ਜਾਂਦਾ। ਓਮੇਂ ਈਂ ਤੂੰ ਆਥਣ ਜਾ ਕਰ ਈ ਦੇਣਾ ਸੀ, ਕੱਲ੍ਹ ਨੂੰ ਫ਼ੇਰ ਵੇਖੀ ਜਾਂਦੀ ਕੀ ਬਣਦਾ।”
ਏਨੇ ਚਿਰ ਨੂੰ ਬੰਦਿਆਂ ਦਾ ਢਾਣਾ ਵੀ ਗਟਾਰ੍ਹਾਂ ਜੀਆਂ ਬਲਾਉਂਦਾ ਸੱਥ ‘ਚ ਆ ਦੜਕਿਆ। ਸਾਰਿਆਂ ਤੋਂ ਮੂਹਰੇ ਆਏ ਗੱਜਣੀ ਕੇ ਤੋਤੀ ਨੂੰ ਬਾਬੇ ਕਪੂਰ ਸਿਉਂ ਨੇ ਟਿੱਚਰ ‘ਚ ਪੁੱਛਿਆ, ”ਕਾਹਦੀ ਖਾਤਰ ਬਾਸ ‘ਕੱਠੀ ਕਰਦੇ ਫਿ:ਰਦੇ ਐਂ ਤੋਤੀ ਮੱਲਾ?”
ਤੋਤੀ ਕਹਿੰਦਾ, ”ਕਾਹਨੂੰ ਬਾਬਾ ਬਾਸ ‘ਕੱਠੀ ਕਰਦੇ ਆਂ, ਅਸੀਂ ਤਾਂ ਗਰਮੀਤੇ ਕਾਲੀ ਕੇ ਤੇ ਸੁੱਚੇ ਪ੍ਰੇਮੀ ਕਿਆਂ ਨੂੰ ਲੜਣੋਂ ਹਟਾਉਣ ਗਏ ਸੀ।”
ਬਾਬੇ ਕਪੂਰ ਸਿਉਂ ਨੇ ਪੁੱਛਿਆ, ”ਉਨ੍ਹਾਂ ਨੂੰ ਕੀ ਹੋ ਗਿਆ। ਵੱਟ ਡੌਲ਼ ਕੋਈ ਉਨ੍ਹਾਂ ਦੀ ਨ੍ਹੀ ਸਾਂਝੀ, ਕੰਧ ਕੌਲ਼ਾ ਨ੍ਹੀ ਕੋਈ ਨਾਲ ਲੱਗਦਾ। ਗਰਮੀਤੇ ਕਾਲੀ ਕੇ ਹੋਰ ਗਲੀ ‘ਚ ਰਹਿੰਦੇ ਐ ਸੁੱਚੇ ਪ੍ਰੇਮੀ ਕੇ ਕਿਸੇ ਹੋਰ ਪਾਸੇ। ਸਮਝ ਨ੍ਹੀ ਆਈ ਬਈ ਕਿਉਂ ਲੜੇ ਐ?”
ਨਾਥਾ ਅਮਲੀ ਬਾਬੇ ਕਪੂਰ ਸਿਉਂ ਨੂੰ ਕਤਾੜ ਕੇ ਪੈ ਗਿਆ, ”ਤੈਨੂੰ ਤਾਂ ਬਾਬਾ ਕਾਹਦੀ ਸਮਝ ਆਉਣੀ ਸੀ ਸਮਝ ਤਾਂ ਉਨ੍ਹਾਂ ਨੂੰ ਨ੍ਹੀ ਆਈ ਜਿਹੜੇ ਲੜਦਿਆਂ ਨੂੰ ਛਡਾਉਣ ਗਏ ਸੀ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਹੋ ਗੀ ਨਾ ਓਹੀ ਗੱਲ ਜਿਹੜੀ ਮੈਂ ਕਹਿ ਕੇ ਹਟਿਆਂ। ਬਈ ਇਹ ਢਾਣਾ ਤਾਂ ਉਡਦੀਆਂ ਦੇ ਫ਼ੰਘ ਫ਼ੜਨ ਆਲੇ ਐ। ਇਨ੍ਹਾਂ ਤੋਂ ਕਾਹਦਾ ਹਟਣਾ ਸੀ ਉਨ੍ਹਾਂ ਨੇ। ਪਚੈਤੀਆ ਇਨ੍ਹਾਂ ‘ਚ ਨ੍ਹੀ ਕੋਈ, ਕੋਈ ਸਿਆਣਾ ਬੰਦਾ ਨ੍ਹੀ ਲੱਗਦਾ ਮੈਨੂੰ ਤਾਂ ਇਨ੍ਹਾਂ ‘ਚ। ਸਭ ਗਿੱਦੜਾਂ ਦੀਆਂ ਡਾਰਾਂ ਨੂੰ ਡਰਾਉਣ ਆਲੇ ਐ। ਸੱਚੀ ਗੱਲ ਇਨ੍ਹਾਂ ਦੇ ਕਿਸੇ ਦੇ ਵੀ ਮੂੰਹ ‘ਚੋਂ ਨ੍ਹੀ ਸਰਦੀ ਕਦੇ। ਹਟਾ ਦੇਣਗੇ ਲੜਦਿਆਂ ਨੂੰ ਇਹੇ ਲਦੇਨ ਦੇ ਚਾਚੇ ਵੱਡੇ।”
ਮਾਹਲਾ ਨੰਬਰਦਾਰ ਕਹਿੰਦਾ, ”ਲਾਲਾ ਲਾਲਾ ਤੋਂ ਤਾਂ ਯਾਰ ਤੀਜਾ ਪਿੰਡ ਵੀ ਲੱਖਣ ਲਾ ਲੈਂਦਾ ਬਈ ਕਾਹਦੇ ਪਿੱਛੇ ਲੜੇ ਐ, ਤੁਸੀਂ ਤਾਂ ਫ਼ਿਰ ਵੀ ਪਿੰਡ ਦੇ ਪਚੈਤੀਏ ਐਂ ਸੋਨੂੰ ਕਿਉਂ ਨਾ ਪਤਾ ਲੱਗਿਆ ਹੋਵੇ।”
ਨਾਥਾ ਅਮਲੀ ਬਾਬੇ ਕਪੂਰ ਸਿਉਂ ਨੂੰ ਕਹਿੰਦਾ, ”ਮੈਂ ਦੱਸਾਂ ਫ਼ਿਰ ਬਾਬਾ?”
ਰਤਨ ਸਿਉਂ ਸੂਬੇਦਾਰ ਨਾਥੇ ਅਮਲੀ ਨੂੰ ਆਪਣੀ ਫ਼ੌਜੀ ਬੋਲੀ ‘ਚ ਕੁੱਦ ਕੇ ਪੈ ਗਿਆ, ”ਅਬ ਤਾਂ ਆਪ ਬੋਲ ‘ਤਾ ਥਾ ਕਿ ਮੁਝ ਕੇ ਕਿਆ ਮਲੂਮ ਹੈ ਲੜਾਈ।”
ਬਾਬਾ ਕਪੂਰ ਸਿਉਂ ਰਤਨ ਸਿਉਂ ਸੂਬੇਦਾਰ ਨੂੰ ਗੁੱਸੇ ‘ਚ ਆਇਆ ਵੇਖ ਕੇ ਸੂਬੇਦਾਰ ਨੂੰ ਕਹਿੰਦਾ, ”ਤੈਨੂੰ ਪਤਾ ਤਾਂ ਹੈ ਰਤਨ ਸਿਆਂ ਬਈ ਅਮਲੀ ਨੂੰ ਹਾਸਾ ਮਖੌਲ ਕਰਨ ਦੀ ਆਦਤ ਐ। ਕੀ ਹੋ ਗਿਆ ਜੇ ਜੁਆਕ ਨੇ ਸੱਥ ‘ਚ ਆ ਕੇ ਕੋਈ ਟਿੱਚਰ ਮਖੌਲ ਕਰ ‘ਤਾ ਤਾਂ। ਫਿਰ ਵੀ ਤਾਂ ਆਪਣੀ ਸੱਥ ਦੀ ਸ਼ਾਨ ਐਂ ਨਾਥਾ ਸਿਉਂ। ਸਭ ਕੁਸ ਦੱਸੂ ਤੁੰ ਚੁੱਪ ਕਰ।”
ਬਾਬੇ ਕਪੂਰ ਸਿਉਂ ਨੇ ਨਾਥੇ ਅਮਲੀ ਨੂੰ ਵਡਿਆਉਂਦਿਆਂ ਸੂਬੇਦਾਰ ਵਿੱਚਦੀ ਗੱਲ ਕੱਢੀ।
ਬੁੱਘਰ ਦਖਾਣ ਕਹਿੰਦਾ, ”ਨਾਥੇ ਨੂੰ ਲੜਾਈ ਦਾ ਪਤੈ? ਇਹ ਤਾਂ ਕਈ ਦਿਨ ਹੋ ਗੇ ਪਹਿਲਾਂ ਵੀ ਏਸੇ ਗੱਲ ਪਿੱਛੇ ਲੜੇ ਸੀ।”
ਬਾਬੇ ਕਪੂਰ ਸਿਉਂ ਨੇ ਵਡਿਆਇਆ ਫ਼ਿਰ ਨਾਥੇ ਅਮਲੀ ਨੂੰ, ”ਤੂੰ ਦੱਸ ਫ਼ਿਰ ਸ਼ੇਰਾ ਕਾਹਦੇ ਪਿੱਛੇ ਲੜੇ ਐ ਗਰਮੀਤੇ ਕਾਲੀ ਕੇ ਤੇ ਸੁੱਚੇ ਪ੍ਰੇਮੀ ਕੇ?”
ਪ੍ਰਤਾਪਾ ਭਾਊ ਕਹਿੰਦਾ, ”ਲੜਣਾ ਕਾਹਦੇ ਪਿੱਛੇ ਸੀ, ਸੁੱਚੇ ਕੇ ਕਾਂਗਰਸੀਏ ਐ ਤੇ ਗਰਮੀਤੇ ਕੇ ਕਾਲੀ ਐ। ਹੁਣ ਤੂੰ ਆਪੇ ਵੇਖ ਲੈ ਬਈ ਇਨ੍ਹਾਂ ਦੀ ਕਾਹਦੀ ਲੜਾਈ ਹੋਊਗੀ।”
ਨਾਥਾ ਅਮਲੀ ਪ੍ਰਤਾਪੇ ਭਾਊ ਨੂੰ ਟਿੱਚਰ ‘ਚ ਗੱਲ ਕਰਦਾ ਬੋਲਿਆ, ”ਓਏ ਕਾਹਨੂੰ ਭਾਊ ਇਹ ਗੱਲ ਐ। ਇਨ੍ਹਾਂ ਪਾਲਟੀਆਂ ਪਿੱਛੇ ਤਾਂ ਆਪਣੇ ਪਿੰਡ ‘ਚ ਕੋਈ ਲੜਦਾ ਈ ਨ੍ਹੀ। ਇਹ ਤਾਂ ਮੈਂ ਦੱਸਦਾਂ ਸੋਨੂੰ। ਆਹ ਜਿਹੜਾ ਸੱਚੇ ਝੂਠੇ ਸੌਦੇ ਆਲੇ ਸਾਧ ਦਾ ਜਿਹੜਾ ਰੌਲਾ ਪਿਆ, ਗੱਲ ਇਹਤੋਂ ਵਿਗੜੀ ਐ। ਸਾਰੇ ਜਹਾਨ ਨੂੰ ਪਤਾ ਬਈ ਸੱਚੇ ਸੌਦਾ ਆਲਾ ਗਰਮੀਤਾ ਸਾਧ ਕੰਜਰਪੁਣੇ ‘ਚ ਜੇਲ੍ਹ ‘ਚ ਡੱਕ @ਤਾ ਅਗਲਿਆ ਨੇ।”
ਸੂਬੇਦਾਰ ਰਤਨ ਨੇ ਪੁੱਛਿਆ, ”ਕਿਸ ਕੰਜਰਪੁਣੇ ਮੇਂ ਬਈ?”
ਕ੍ਰਿਪਾਲੇ ਕਾ ਠੁਣੀਆਂ ਗੱਲਾਂ ਸੁਣੀ ਜਾਂਦਾ ਗੱਲ ਨੂੰ ਵਿੱਚੋਂ ਟੋਕ ਕੇ ਬਾਬੇ ਕਪੂਰ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਇਹ ਜਿਹੜੀ ਗਰਮੀਤੇ ਤੇ ਸੁੱਚੇ ਕਿਆ ਆਲੀ ਲੜਾਈ ਦੀ ਗੱਲ ਕਰਦੇ ਐ, ਇਹ ਮੈਨੂੰ ਤਾਂ ਸਮਝ ਨ੍ਹੀ ਆਈ ਬਈ ਕੀ ਅੜਿੰਗ ਬੜਿੰਗ ਜਾ ਪਾਈ ਜਾਂਦੇ ਐ। ਗਰਮੀਤਾ ਤਾਂ ਪ੍ਰੇਮੀ ਐਂ ਤੇ ਸੁੱਚਾ ਕਾਲੀ ਐ। ਇਹ ਕਹੀ ਜਾਂਦੇ ਐ ਗਰਮੀਤਾ ਕਾਲੀ ਤੇ ਸੁੱਚਾ ਪ੍ਰੇਮੀ, ਉਲਟ-ਪੁਲਟ ਜਾ ਨ੍ਹੀ ਲੱਗਦੈ ਤੈਨੂੰ?”
ਨਾਥਾ ਅਮਲੀ ਠੁਣੀਏਂ ਦੀ ਗੱਲ ਸੁਣ ਕੇ ਠੁਣੀਏਂ ਨੂੰ ਕਹਿੰਦਾ, ”ਠੁਣ ਠੁਣ ਗਪਾਲ ਸਿਆਂ ! ਤੇਰੀ ਗੱਲ ਤਾਂ ਭਾਮੇਂ ਠੀਕ ਐ ਬਈ ਗਰਮੀਤਾ ਪ੍ਰੇਮੀ ਤੇ ਸੁੱਚਾ ਕਾਲੀ ਐ, ਪਰ ਕੀਤੇ ਤਾਂ ਦੋਮਾਂ ਨੇ ਕੰਜਰਪੁਣੇ ਆਲੇ ਕੰਮ ਈ ਐ।”
ਬਾਬਾ ਕਪੂਰ ਸਿਉਂ ਨੇ ਫ਼ੇਰ ਮੋੜੀ ਨਾਥੇ ਅਮਲੀ ਵੱਲ ਨੂੰ ਮੁਹਾਰ, ”ਇਹ ਫ਼ਾਲਤੂ ਜੀਆਂ ਗੱਲਾਂ ਅਮਲੀਆ ਛੱਡ ਤੂੰ। ਹੁਣ ਤੂੰ ਇਹ ਦੱਸ ਬਈ ਇਹ ਲੜੇ ਕਾਹਤੋਂ ਐਂ?”
ਨਾਥਾ ਅਮਲੀ ਬਾਬੇ ਕਪੂਰ ਸਿਉਂ ਨੂੰ ਕਹਿੰਦਾ, ”ਲੈ ਫ਼ਿ:ਰ ਬਾਬਾ ਸਿਆਂ ਸੁਣ ਲੈ ਇਨ੍ਹਾਂ ਦੀ ਲੜਾਈ ਦੀ ਹੀਰ। ਉਰ੍ਹੇ ਨੂੰ ਹੋ ਜਾ ਮਾੜਾ ਜਾ ਫੇਰ, ਐਡੀ ਦੂਰ ਤੈਨੂੰ ਚੰਗੀ ਤਰਾਂ ਨ੍ਹੀ ਗੱਲ ਸੁਣਨੀ। ਅੱਬਲ ਤਾਂ ਐਥੇ ਮੇਰੇ ਨੇੜੇ ਹੋ ਜਾ ਭੋਰਾ। ਮੈਂ ਗੱਲ ਕਰਦਾ ਸੀ ਬਈ ਗਰਮੀਤੇ ਪ੍ਰੇਮੀ ਦਾ ਤਾਂ ਤੈਨੂੰ ਪਤਾ ਈ ਐ ਕਿ ਬਈ ਖੇਹ ਖਾਣ ‘ਚ ਜੇਲ੍ਹ ‘ਚ ਤੁੰਨ ਕੇ ਰੱਖ ‘ਤਾ ਅਗਲਿਆਂ ਨੇ। ਤੇ ਸੁੱਚੇ ਕਾਲੀ ਨੂੰ ਵੀ ਸੁਣਿਐਂ ਬਈ ਖੇਹ ਖਾਣ ‘ਚ ਕਿਸੇ ਨੇ ਕੀੜਿਆਂ ਆਲੇ ਜੰਡ ‘ਤੇ ਚਾੜ੍ਹ ‘ਤਾ। ਹੁਣ ਗੱਲ ਤਾਂ ਇਹ ਐ ਜੀਹਤੋਂ ਲੜਾਈ ਪਈ ਐ ਬਈ ਗਰਮੀਤੇ ਪ੍ਰੇਮੀ ਦੇ ਬੰਦੇ ਸੁੱਚੇ ਕਾਲੀ ਕਿਆਂ ਨਾਲ ਇਸ ਕਰ ਕੇ ਲੜੇ ਐ ਬਈ ਤੁਸੀਂ ਕਾਲੀਆਂ ਨੇ ਸਾਡੇ ਬਾਬੇ ਦੀ ਰੀਸ ਕੀਤੀ ਐ। ਲੈ ਦੱਸ! ਇਹ ਵੀ ਕੋਈ ਲੜਾਈ ਐ। ਕੁੱਤ ਪੁਣਾ ਕੋਈ ਕਰ ਗਿਆ, ਇਹ ਖਾਹਮਖਾਹ ਈ ਲੜੀ ਜਾਂਦੇ ਐ। ਇਹ ਵੀ ਕੋਈ ਰੀਸ ਐ। ਅਕੇ ਜੇ ਸਾਡੇ ਬਾਬੇ ਨੇ ਕੰਜਰਪੁਣਾ ਕੀਤਾੈ, ਤੁਸੀਂ ਸਾਡੀ ਰੀਸ ਕਿਉਂ ਕਰੋਂ ਬਈ। ਆਹ ਲੜਾਈ ਐ ਇਨ੍ਹਾਂ ਲੋਕਾਂ ਦੀ।”
ਜੱਗਾ ਕਾਮਰੇਡ ਕਹਿੰਦਾ, ”ਓ ਛੱਡੋ ਯਾਰ ਹੁਣ ਇਹ ਗੱਲਾਂ। ਜਿਹੜਾ ਕਰ ਗਿਆ ਉਹੀ ਭਰੀ ਜਾਂਦਾ। ਤੁਸੀਂ ਪਤੰਦਰੋਂ ਖਾਹ ਮਖਾਹ ਈ ਬਾਂਦਰੀ ਨਸੂੜ੍ਹੇ ‘ਤੇ ਚਾੜਣੀ ਲਈ ਐ।”
ਨਾਥਾ ਅਮਲੀ ਕਾਮਰੇਡ ਦੀ ਗੱਲ ਸੁਣ ਕੇ ਕਹਿੰਦਾ, ”ਤੂੰ ਦੱਸਦੇ ਫ਼ਿਰ ਕਿਹੜੀ ਗੱਲ ਕਰੀਏ। ਆਪ ਤਾਂ ਤੂੰ ਲੜਾਈ ਵੇਖ ਕੇ ਇਉਂ ਤੂੜੀ ਆਲੀ ਸਬਾਤ੍ਹ ‘ਚ ਜਾ ਵੜਿਆ ਸੀ ਜਿਮੇਂ ਕਤੂਰਾ ਬਾਂਦਰੀ ਤੋਂ ਡਰਦਾ ਛਿਟੀਆਂ ਦੇ ਕੁਨੂੰ ‘ਚ ਵੜਦਾ ਫ਼ਿਰਦਾ ਹੁੰਦੈ, ਹੁਣ ਜਦੋਂ ਗੱਲ ਤੇਰੇ ‘ਤੇ ਆਉਣ ਲੱਗਪੀ, ਹੁਣ ਅਕੇ ਛੱਡੋ ਯਾਰ ਗੱਲ ਨੂੰ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਪੁਲਿਸ ਦੀ ਭਰੀ ਜੀਪ ਸੱਥ ਕੋਲ ਦੀ ਲੰਘ ਕੇ ਪਿੰਡ ‘ਚ ਆ ਵੜੀ। ਜਿਉਂ ਹੀ ਜੀਪ ਬੰਤੇ ਕਿਆਂ ਆਲੀ ਬੀਹੀ ‘ਚ ਮੁੜੀ, ਜਿੱਥੇ ਗੁਰਮੀਤੇ ਤੇ ਸੁੱਚੇ ਕੇ ਲੜੇ ਸੀ ਤਾਂ ਸਾਰੇ ਸੱਥ ਵਾਲੇ ਉੱਠ ਕੇ ਪੁਲਿਸ ਦੇ ਮਗਰ ਤੁਰ ਪਏ ਕਿ ਇਹ ਵੇਖਣ ਬਈ ਪੁਲਿਸ ਹੁਣ ਲੜਨ ਵਾਲਿਆਂ ਨੂੰ ਫ਼ੜ ਕੇ ਥਾਣੇ ਲੈ ਕੇ ਜਾਵੇਗੀ ਤੇ ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।