ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਫ਼ਿਲਮ ‘ਫ਼ੰਨੇ ਖ਼ਾਂ’ ‘ਚ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਉਹ ਨਿਰਦੇਸ਼ਕ ਅਤੁਲ ਮਾਂਜਰੇਕਰ ਦੀ ਫ਼ਿਲਮ ‘ਫ਼ੰਨੇ ਖ਼ਾਂ’ ‘ਚ ਕੰਮ ਕਰ ਰਹੀ ਹੈ। ਇਸ ਫ਼ਿਲਮ ‘ਚ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਐਸ਼ਵਰਿਆ ਨੇ ਕਿਹਾ, ‘ਮੈਂ ਫ਼ਿਲਮ ਦੀ ਸਟਾਰ ਕਾਸਟ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ। ਇਸ ਫ਼ਿਲਮ ‘ਚ ਕੰਮ ਕਰਨ ਲਈ ਮੈਂ ਬਹੁਤ ਉਤਾਵਲੀ ਹਾਂ ਅਤੇ ਫ਼ਿਲਮ ਨਿਰਮਾਣ ਦੀ ਪ੍ਰਤੀਕਿਰਿਆ ਦਾ ਆਨੰਦ ਲੈ ਰਹੀ ਹਾਂ। ਮੈਂ ਆਉਣ ਵਾਲੇ ਸਮੇਂ ‘ਚ ਫ਼ਿਲਮ ਬਾਰੇ ਹੋਰ ਵੀ ਗੱਲ ਕਰਾਂਗੀ।’ ਦੱਸਣਯੋਗ ਹੈ ਕਿ ‘ਫ਼ੰਨੇ ਖ਼ਾਂ’ ਸਾਲ 2000 ‘ਚ ਆਈ ਹਾਲੀਵੁੱਡ ਫ਼ਿਲਮ ‘ਐਵਰੀਬਾਡੀ ਫ਼ੇਮਸ’ ਦਾ ਹਿੰਦੀ ਵਰਜ਼ਨ ਹੈ ਤੇ ਇਸ ‘ਚ ਐਸ਼ਵਰਿਆ ਅਤੇ ਅਨਿਲ ਕਪੂਰ ਦੀ ਜੋੜੀ ਇਕ ਵਾਰ ਫ਼ਿਰ ਨਜ਼ਰ ਆਏਗੀ। ਇਹ ਇਕ ਮਿਊਜ਼ੀਕਲ ਡਰਾਮਾ ਹੋਵੇਗੀ, ਜਿਸ ‘ਚ ਐਸ਼ਵਰਿਆ ਵੀ ਆਪਣੀ ਆਵਾਜ਼ ਦਾ ਹੁਨਰ ਵਿਖਾਉਣ ਦੀ ਕੋਸ਼ਿਸ਼ ਕਰੇਗੀ। ਐਸ਼ਵਰਿਆ ਨੇ ਅਨਿਲ ਕਪੂਰ ਨਾਲ ਸੁਭਾਸ਼ ਘਈ ਦੀ ਫ਼ਿਲਮ ‘ਤਾਲ’ ‘ਚ ਵੀ ਕੰਮ ਕੀਤਾ ਸੀ ਅਤੇ ਉਸ ਤੋਂ ਬਾਅਦ ਸਤੀਸ਼ ਕੌਸ਼ਿਕ ਦੀ ਫ਼ਿਲਮ ‘ਹਮਾਰਾ ਦਿਲ ਆਪਕੇ ਪਾਸ ਹੈ’ ‘ਚ ਦੋਵੇਂ ਦੁਆਰਾ ਇਕੱਠੇ ਨਜ਼ਰ ਆਏ ਸਨ। ਨਿਰਮਾਤਾ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ‘ਫ਼ੰਨੇ ਖ਼ਾਂ’ ਫ਼ਿਲਮ ਵਿਸ਼ਵ ਭਰ ‘ਚ ਅਗਲੇ ਸਾਲ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਐਸ਼ਵਰਿਆ ਨੇ ਆਪਣੀ ਬੇਟੀ ਅਰਾਧਿਆ ਬਾਰੇ ਕਿਹਾ ਕਿ ‘ਇਕ ਮਾਂ ਦੇ ਰੂਪ ‘ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਮੇਰੇ ਜੀਵਨ ‘ਚ ਸਭ ਤੋਂ ਮਹੱਤਵਪੂਰਨ ਹੈ।