ਚੰਡੀਗੜ – ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਜਾਰੀ ਇਕ ਪਰੈਸ ਨੋਟ ਵਿਚ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੀ ਆਰ.ਜੀ.ਐਸ ਟਰੇਡਰਜ਼ ਪ੍ਰਾਂਈਵੇਟ ਲਿਮਟਿਡ ਕੰਪਨੀ ਰਾਹੀਂ ਪ੍ਰੋਪਰਾਈਟਰਸ਼ਿਪ ਫਰਮ ਰਾਜਬੀਰ ਇੰਟਰਪ੍ਰਾਈਜਜ ਵਿੱਚ ਸਿੱਧੇ ਤੋਰ ਉੱਤੇ ਪੈਸੇ ਨਿਵੇਸ਼ ਕਰਨ ਦੇ ਪੁਖਤਾ ਸਬੂਤ ਸਾਹਮਣੇ ਆ ਚੁੱਕੇ ਹਨ, ਜਿਸ ਦੇ ਰਾਹੀ ਮਈ ੨੦੧੭ ਵਿੱਚ ਨਵਾਂ ਸ਼ਹਿਰ ਜਿਲੇ ਦੀਆਂ ਵਿਵਾਦਿਤ ਰੇਤ ਖੱਡਾਂ ਅਲਾਟ ਕਰਵਾਉਣ ਲਈ ਲੋੜੀਂਦੀ ੫੦ ਫੀਸਦੀ ਰਕਮ ਜਮਾਂ ਕਰਵਾਈ ਗਈ ਸੀ।
ਉਹਨਾਂ ਕਿਹਾ ਕਿ ਕਾਰਪੋਰੇਟ ਅਫੇਅਰਸ ਮੰਤਰਾਲੇ ਦੇ ਰਿਕਾਰਡ ਅਨੁਸਾਰ ਆਰ.ਜੀ.ਐਸ ਟਰੇਡਰਸ ਪ੍ਰਾਈਵੇਟ ਲਿਮਟਿਡ ੧੯.੦੫.੧੯੯੨ ਨੂੰ ਰਜਿਸਟਰੇਸ਼ਨ ਨੰ ੧੨੨੯੭ ਅਧੀਨ ਰਜਿਸਟਰ ਹੋਈ ਸੀ। ਰਾਣਾ ਗੁਰਜੀਤ ਸਿੰਘ ਅਤੇ ਰਾਣਾ ਹਰਦੀਪ ਸਿੰਘ ਕੰਪਨੀ ਦੇ ਪਹਿਲੇ ਡਾਇਰੈਕਟਰ ਸਨ। ਰਾਣਾ ਗੁਰਜੀਤ ਸਿੰਘ ਦਾ ਭਰਾ ਰਾਣਾ ਰਣਜੀਤ ਸਿੰਘ ੧੫.੧੦.੨੦੦੩ ਨੂੰ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਅਤੇ ਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ੨੯.੦੪.੨੦੦੪ ਨੂੰ ਡਾਈਰੈਕਟਰ ਬਣਾਇਆ ਗਿਆ ਸੀ। ਕਾਰਪੋਰੇਟ ਅਫਅੇਰਸ ਮੰਤਰਾਲੇ ਨੂੰ ਜਮਾਂ ਕਰਵਾਏ ਗਏ ਦਸਤਾਵੇਜਾਂ ਅਨੁਸਾਰ ਆਰ.ਜੀ.ਐਸ ਟਰੇਡਰਸ ਕੰਪਨੀ ਦਾ ਪਤਾ ਐਸ.ਸੀ.a ੪੯-੫੦ ਸੈਕਟਰ ੮ ਚੰਡੀਗੜ ਹੈ ਜੋ ਕਿ ਦਾਗੀ ਮੰਤਰੀ ਦੀ ਮਲਕੀਅਤ ਵਾਲੀ ਰਾਣਾ ਸ਼ੂਗਰਸ ਦਾ ਵੀ ਹੈ। ਆਰ.ਜੀ.ਐਸ ਟਰੇਡਰਸ ਕੰਪਨੀ ਦਾ ਈਮੇਲ ਪਤਾ ਨਿਡੋ@ਰaਨaਗਰੁਪ.ਚੋਮ ਵੀ ਦਾਗੀ ਮੰਤਰੀ ਦੀਆਂ ਹੋਰਨਾਂ ਕੰਪਨੀਆਂ ਰਾਣਾ ਸ਼ੂਗਰਸ ਲਿਮਟਿਡ, ਰਾਣਾ ਪੋਲੀਕੋਟ ਲਿਮਟਿਡ ਅਤੇ ਰਾਣਾ ਇਨਫੋਰਮੈਟਿਕਸ ਦਾ ਵੀ ਦਫਤਰੀ ਈਮੇਲ ਪਤਾ ਹੈ।
ਠੋਸ ਸਬੂਤਾਂ ਤੋਂ ਇਲਾਵਾ ਮੰਤਰੀ ਅਤੇ ਉਸ ਦੀ ਪਤਨੀ ਰਾਜਬੰਸ ਕੋਰ ਨੇ ੨੦੧੭ ਵਿਧਾਨ ਸਭਾ ਚੋਣਾਂ ਵਿੱਚ ਫਾਇਲ ਕਰਵਾਏ ਐਫੀਡੇਵਿਟ ਅਨੁਸਾਰ ਆਰ.ਜੀ.ਐਸ ਟਰੇਡਰਸ ਕੰਪਨੀ ਤੋਂ ੪੦੭ ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਦੋ ਹੋਰਨਾਂ ਕੰਪਨੀਆਂ ਆਰ.ਜੇ ਟੈਕਸਫੈਬ ਲਿਮਟਿਡ ਅਤੇ ਜੇ.ਆਰ ਬਿਲਡਰਸ ਪ੍ਰਾਈਵੇਟ ਲਿਮਟਿਡ ਜਿਹਨਾਂ ਨੂੰ ਨਾਰੰਗ ਕਮੀਸ਼ਨ ਨੇ ਉਪਰੋਕਤ ਦੱਸੀਆਂ ਖੱਡਾਂ ਵਿੱਚ ਹਿੱਸੇਦਾਰ ਕਿਹਾ ਹੈ, ਨੇ ਵੀ ਰਾਣਾ ਗੁਰਜੀਤ ਸਿੰਘ ਨੂੰ ਉਸ ਦੇ ਹੀ ਚੋਣ ਐਫੀਡੇਵਿਟ ਅਨੁਸਾਰ ੫੪੮ ਲੱਖ ਰੁਪਏ ਅਤੇ ੪੬੪ ਲੱਖ ਰੁਪਏ ਦਾ ਕਰਜ਼ ਦਿੱਤਾ ਹੋਇਆ ਹੈ।
ਭਾਂਵੇ ਕਿ ਅਮਿਤ ਬਹਾਦੁਰ ਅਤੇ ਕੁਲਵਿੰਦਰਪਾਲ ਸਿੰਘ ੧੯-੨੦ ਮਈ ੨੦੧੭ ਨੂੰ ਦੋਨਾਂ ਖੱਡਾਂ ਦੀ ਨੀਲਾਮੀ ਵਾਲੇ ਦਿਨ ਰਾਣਾ ਗੁਰਜੀਤ ਸਿੰਘ ਦੇ ਕਰਮਚਾਰੀ ਸਨ, ਪਰੰਤੂ ਮੰਤਰੀ ਨੇ ਬਹੁਤ ਚਤੁਰਾਈ ਨਾਲ ਇਹਨਾਂ ਇਲਜਾਮਾਂ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਦੇ ਕੰਪਨੀ ਛੱਡ ਚੁੱਕੇ ਹੋਣ ਨੂੰ ਸਾਬਿਤ ਕਰਨ ਲਈ ਆਪਣੇ ਰਿਕਾਰਡ ਵਿੱਚ ਪਿਛਲੀਆਂ ਤਰੀਕਾਂ ਵਿੱਚ ਐਂਟਰੀਆਂ ਕੀਤੀਆਂ। ਪਰੰਤੂ ਕਾਰਪੋਰੇਟ ਅਫੇਅਰਸ ਮੰਤਰਾਲੇ ਅਨੁਸਾਰ ੨੯ ਮਈ ੨੦੧੭ ਤੱਕ ਅਮਿਤ ਬਹਾਦੁਰ ਰਾਣਾ ਗੁਰਜੀਤ ਸਿੰਘ ਦੀਆਂ ਤਿੰਨ ਕੰਪਨੀਆਂ ਵਿੱਚ ਡਾਇਰੈਕਟਰ ਸੀ।
ਉਹਨਾਂ ਕਿਹਾ ਕਿ ਨਾਰੰਗ ਕਮੀਸ਼ਨ ਦੀ ਰਿਪੋਰਟ ਅਨੁਸਾਰ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਰੇਤ ਖੱਡਾਂ ਦੀ ਨੀਲਾਮੀ ਦੋਰਾਨ ਰਾਣਾ ਗੁਰਜੀਤ ਸਿੰਘ ਨੇ ਡਾਈਰੈਕਟਰ ਮਾਈਨਿੰਗ ਅਮਿਤ ਢਾਕਾ ਨੂੰ ਟੈਲੀਫੋਨ ਕੀਤਾ ਸੀ। ਨੀਲਾਮੀ ਨੋਟਿਸ ਦੀਆਂ ਸ਼ਰਤਾਂ ੫, ੨੨ ਅਤੇ ੨੫ ਦੀ ਸ਼ਰੇਆਮ ਉਲੰਘਣਾ ਦੇ ਬਾਵਜੂਦ ਆਪਣੇ ਹੱਥਠੋਕਿਆਂ ਨੂੰ ਖੱਡਾਂ ਗੈਰਕਾਨੂੰਨੀ ਢੰਗ ਨਾਲ ਅਲਾਟ ਕਰਵਾਉਣ ਲਈ ਡਾਈਰੈਕਟਰ ਉੱਪਰ ਬਣਾਏ ਗਏ ਸਿਆਸੀ ਦਬਾਅ ਦਾ ਖੁਲਾਸਾ ਹੁਣ ਸਿਰਫ ਸੀ.ਬੀ.ਆਈ ਜਾਂਚ ਹੀ ਕਰ ਸਕਦੀ ਹੈ। ਅਮਿਤ ਬਹਾਦੁਰ ਅਤੇ ਕੁਲਵਿੰਦਰਪਾਲ ਸਿੰਘ ਦੇ ਖਾਤਿਆਂ ਵਿੱਚੋਂ ਕੋਈ ਵੀ ਪੈਸਾ ਨਾ ਜਮਾਂ ਕਰਵਾ ਕੇ ਇਹ ਪੈਸਾ ਰਾਜਬੀਰ ਇੰਟਰਪ੍ਰਾਈਜਜ ਦੇ ਖਾਤੇ ਵਿੱਚੋਂ ਜਮਾਂ ਕਰਵਾਇਆ ਗਿਆ ਜਿਸ ਵਿੱਚ ਕਿ ਰਾਣਾ ਗੁਰਜੀਤ ਸਿੰਘ ਨਾਲ ਸਬੰਧਿਤ ਆਰ.ਜੀ.ਐਸ. ਟਰੇਡਰਸ ਕੰਪਨੀ ਨੇ ਨੀਲਾਮੀ ਲਈ ੩੬ ਲੱਖ ਰੁਪਏ ਜਮਾਂ ਕਰਵਾਏ। ਇਸੇ ਪ੍ਰਕਾਰ ਹੀ ਰਾਣਾ ਗੁਰਜੀਤ ਸਿੰਘ ਦੇ ਚੋਣ ਐਫੀਡੇਵਿਟ ਅਨੁਸਾਰ ਉਸ ਨੂੰ ਕਰਜ਼ ਦੇਣ ਵਾਲੀਆਂ ਕੰਪਨੀਆਂ ਆਰ.ਜੇ. ਟੈਕਸਫੈਬ ਨੇ ੪.੫੨ ਕਰੋੜ ਰੁਪਏ ਅਤੇ ਜੇ.ਆਰ. ਬਿਲਡਰਸ ਨੇ ੩੬ ਲੱਖ ਰੁਪਏ ਜਮਾਂ ਕਰਵਾਏ।
ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਬਾਕੀ ਬਚਿਆ ਬਸ਼ਰਤੇ ਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ ਬੇਸ਼ਰਮੀ ਨਾਲ ਇਹ ਨਾ ਕਹਿ ਦੇਵੇ ਕਿ ਇਹ ਤਾਂ ਕੋਈ ਹੋਰ ਰਾਣਾ ਗੁਰਜੀਤ ਸਿੰਘ ਹੈ, ਜਿਸ ਵਿੱਚ ਕਿ ਉਹ ਮਾਹਿਰ ਹੈ।
ਇਸ ਲਈ ਉੱਚ ਅਹੁਦਿਆਂ ਉੱਪਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਮੈਂ ਮੰਗ ਕਰਦਾ ਹਾਂ ਕਿ ਬਿਨਾਂ ਦੇਰੀ ਕੀਤੇ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ ਅਤੇ ਦਾਗੀ ਮੰਤਰੀ ਦੀ ਵਿੱਤੀ ਧਾਂਦਲੇਬਾਜੀ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ