ਲੀਕ ਤੋਂ ਹਟ ਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸਵਾ ਦੇ ਕਿਰਦਾਰ ਨਾਲ ਬੌਲੀਵੁਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਖ਼ਾਸ ਥਾਂ ਬਣਾ ਲਈ ਹੈ। ਰੰਗਮੰਚ ਨਾਲ ਜੁੜੀ ਰਹੀ ਕਲਕੀ ਨੇ ਜ਼ਿਆਦਾਤਰ ਕੰਮ ਉਸ ਅੰਦਰਲੇ ਕਲਾਕਾਰ ਨੂੰ ਉਭਾਰਨ ਵਾਲੀਆਂ ਫ਼ਿਲਮਾਂ ਵਿੱਚ ਹੀ ਕੀਤਾ ਹੈ। ਇੱਕ ਪਾਸੇ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗ੍ਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤ੍ਰਾ’ ਆਦਿ ਲੀਕ ਤੋਂ ਹਟਵੀਆਂ ਫ਼ਿਲਮਾਂ ਉਸ ਦੇ ਹਿੱਸੇ ਆਈਆਂ ਹਨ ਤਾਂ ਦੂਜੇ ਪਾਸੇ ਉਹ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’ ਵਰਗੀਆਂ ਕਮਰਸ਼ਲ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਕੀਲ ਚੁੱਕੀ ਹੈ। ਹੁਣ ਵੀ ਉਹ ਕਈ ਫ਼ਿਲਮਾਂ ਕਰ ਰਹੀ ਹੈ। ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਪਹਿਲਾਂ ਤੁਸੀਂ ਆਪਣੀ ਆਉਣ ਵਾਲੀ ਫ਼ਿਲਮ ‘ਜੀਆ ਔਰ ਜੀਆ’ ਬਾਰੇ ਕੁਝ ਦੱਸੋ?
– ਹੋਵਾਰਡ ਰੋਜਮੇਅਰ ਵੱਲੋਂ ਨਿਰਦੇਸ਼ਿਤ ‘ਜੀਆ ਔਰ ਜੀਆ’ ਦੋ ਅਜਿਹੀਆਂ ਮਹਿਲਾਵਾਂ ਦੀ ਕਹਾਣੀ ਹੈ ਜੋ ਇੱਕ-ਦੂਜੀ ਤੋਂ ਕਾਫ਼ੀ ਵੱਖਰੀਆਂ ਹਨ। ਸਿਰਫ਼ ਨਾਵਾਂ ਤੋਂ ਇਲਾਵਾ ਇਨ੍ਹਾਂ ਦੋਵਾਂ ਵਿੱਚ ਕੋਈ ਵੀ ਸਮਾਨਤਾ ਨਹੀਂ ਹੈ। ਇੱਕ ਵਾਰ ਸਫ਼ਰ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਦੋਵੇਂ ਇੱਕ-ਦੂਜੀ ਵਿੱਚ ਆਪਣਾ ਸਾਥੀ ਲੱਭ ਲੈਂਦੀਆਂ ਹਨ। ਇਸ ਦਾ ਫ਼ਿਲਮਾਂਕਣ ਸਵੀਡਨ ਵਿੱਚ ਹੋਇਆ ਹੈ ਅਤੇ ਇਹ ਫ਼ਿਲਮ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਹ ਵੀ ਦੱਸ ਦਿਆਂ ਕਿ ਸਿਰਫ਼ ਇਸ ਫ਼ਿਲਮ ਵਿੱਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਰਿਚਾ ਚੱਢਾ ਨਾਲ ਮੇਰਾ ਬਹੁਤ ਕਰੀਬੀ ਰਿਸ਼ਤਾ ਹੈ।
ਤੁਹਾਡੇ ਹਿਸਾਬ ਨਾਲ ਇਸ ਫ਼ਿਲਮ ਦੀ ਕੀ ਖਾਸੀਅਤ ਹੈ?
– ਦਰਅਸਲ, ‘ਜੀਆ ਔਰ ਜੀਆ’ ਇਸ ਨਾਂ ਦੀਆਂ ਦੋ ਕੁੜੀਆਂ (ਰਿਚਾ ਅਤੇ ਮੇਰੀ) ਦੀ ਕਹਾਣੀ ਹੈ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਕ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਜੀਆ ਬਹੁਤ ਹੀ ਚੰਚਲ ਅਤੇ ਮਜ਼ਾਹੀਆ ਸੁਭਾਅ ਵਾਲੀ ਹੈ ਜਦੋਂਕਿ ਦੂਜੀ ਜੀਆ ਤਣਾਅ ਵਿੱਚ ਡੁੱਬੀ ਹੋਈ ਹੈ। ਜਿੱਥੋਂ ਤਕ ਖਾਸੀਅਤ ਦਾ ਸਬੰਧ ਹੈ ਤਾਂ ਇਸ ਫ਼ਿਲਮ ਦੀ ਕਹਾਣੀ ਕਾਫ਼ੀ ਵੱਖਰੀ ਕਿਸਮ ਦੀ ਹੈ ਜੋ ਮੈਨੂੰ ਕਾਫ਼ੀ ਪਸੰਦ ਆਈ। ਇਹੀ ਵਜ੍ਹਾ ਹੈ ਕਿ ਮੈਂ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ। ਇਹ ਹੁਣ ਤਕ ਦਾ ਮੇਰਾ ਸਭ ਤੋਂ ਵੱਖਰਾ ਕਿਰਦਾਰ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਨੌਜਵਾਨਾਂ ਦੀ ਦੋਸਤੀ ਦੀਆਂ ਕਹਾਣੀਆਂ ਤਾਂ ਪਰਦੇ ਉੱਤੇ ਆ ਚੁੱਕੀਆਂ ਹਨ, ਪਰ ਮੁਟਿਆਰਾਂ ਦੀ ਦੋਸਤੀ ਅਤੇ ਮੌਜ-ਮਸਤੀ ਬਾਰੇ ਇਹ ਪਹਿਲੀ ਫ਼ਿਲਮ ਹੈ। ਗਾਣੇ ਬੌਲੀਵੁੱਡ ਫ਼ਿਲਮਾਂ ਦੀ ਜਾਨ ਹੁੰਦੇ ਹਨ। ਇਸ ਲਈ ਫ਼ਿਲਮ ਵਿੱਚ ਤਿੰਨ ਗੀਤ ਰੱਖੇ ਗਏ ਹਨ। ਇਹ ਹੀ ਨਹੀਂ, ਗੀਤ ‘ਜੀਆ ਓ ਜੀਆ’ ਵੀ ਦੇਵ ਆਨੰਦ ਹੋਰਾਂ ਦੀ ਫ਼ਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ ਤੋਂ ਲਿਆ ਗਿਆ ਹੈ ਜਿਸ ਨੂੰ ਮੁਹੰਮਦ ਰਫ਼ੀ ਸਾਹਿਬ ਨੇ ਗਾਇਆ ਸੀ।
ਸੁਣਨ ਵਿੱਚ ਆਉਂਦਾ ਹੈ ਕਿ ਜਦੋਂ ਤੁਸੀਂ ਫ਼ਿਲਮਾਂ ਨਹੀਂ ਕਰ ਰਹੇ ਹੁੰਦੇ ਤਾਂ ਰੰਗਮੰਚ ਨਾਲ ਜੁੜ ਜਾਂਦੇ ਹੋ?
– ਮੈਂ ਖ਼ੁਦ ਨੂੰ ਰੰਗਮੰਚ ਨਾਲ ਨਹੀਂ ਜੋੜਦੀ ਸਗੋਂ ਮੈਂ ਮੂਲ ਰੂਪ ਵਿੱਚ ਰੰਗਮੰਚ ਕਲਾਕਾਰ ਹੀ ਹਾਂ। ਇਹੀ ਵਜ੍ਹਾ ਹੈ ਕਿ ਜਦੋਂ ਮੇਰੇ ਕੋਲ ਫ਼ਿਲਮਾਂ ਨਹੀਂ ਹੁੰਦੀਆਂ ਤਾਂ ਮੈਂ ਆਪਣੇ ਜਿਹੇ ਕੁਝ ਬੇਰੁਜ਼ਗਾਰ ਅਦਾਕਾਰਾਂ ਨੂੰ ਨਾਲ ਜੋੜ ਕੇ ਥਿਏਟਰ ਸ਼ੁਰੂ ਕਰ ਦਿੰਦੀ ਹਾਂ। ਮੈਨੂੰ ਬਿਨਾਂ ਕੰਮ ਤੋਂ ਰਹਿਣਾ ਬੇਹੱਦ ਖ਼ਰਾਬ ਲੱਗਦਾ ਹੈ, ਪਰ ਜ਼ਿੰਦਗੀ ਵਿੱਚ ਕਰਨ ਲਈ ਹੋਰ ਵੀ ਬਹੁਤ ਕੁਝ ਹੈ। ਮੈਨੂੰ ਨਾਟਕ ਨਿਰਦੇਸ਼ਿਤ ਕਰਕੇ ਅਤੇ ਉਨ੍ਹਾਂ ਵਿੱਚ ਅਦਾਕਾਰੀ ਕਰਕੇ ਬਹੁਤ ਖ਼ੁਸ਼ੀ ਮਿਲਦੀ ਹੈ। ਇਸ ਤਰ੍ਹਾਂ ਅਸੀਂ ਆਪਣੀ ਕਲਾ ਨਾਲ ਵੀ ਜੁੜੇ ਰਹਿੰਦੇ ਹਾਂ।
ਬੌਲੀਵੁੱਡ ਵਿੱਚ ਆਪਣੇ ਹੁਣ ਤਕ ਦੇ ਸਫ਼ਰ ਬਾਰੇ ਕੀ ਕਹੋਗੇ?
– ਮੈਂ ਬੌਲੀਵੁਡ ਵਿੱਚ ਇੱਕ ਦਹਾਕੇ ਤੋਂ ਜ਼ਿਆਦਾ ਵਕਤ ਬਿਤਾ ਲਿਆ ਹੈ। ਪਹਿਲਾਂ ਮੇਰੇ ਲਈ ਇਹ ਜਗ੍ਹਾ ਨਵੀਂ ਸੀ ਤਾਂ ਮੈਂ ਆਪਣੀ ਸਾਖ ਨੂੰ ਲੈ ਕੇ ਫ਼ਿਕਰਮੰਦ ਰਹਿੰਦੀ ਸੀ। ਮੈਂ ਸੋਚਦੀ ਸੀ ਕਿ ਇਹ ਇੰਡਸਟਰੀ ਮੇਰੇ ਬਾਰੇ ਕੀ ਸੋਚ ਰਹੀ ਹੋਵੇਗੀ? ਪਰ, ਹੁਣ ਮੈਂ ਇਸ ਨੂੰ ਸਹਿਜ ਨਾਲ ਲੈਂਦੀ ਹਾਂ।
ਬੌਲੀਵੁੱਡ ਵਿੱਚ ਦਸ ਸਾਲਾਂ ਦਾ ਤਜਰਬਾ ਕੀ ਕਹਿੰਦਾ ਹੈ?
-ਜਿੱਥੋਂ ਤਕ ਬੌਲੀਵੁੱਡ ਦਾ ਸਵਾਲ ਹੈ, ਇਹ ਬਹੁਤ ਹੀ ਗਿਣਤੀਆਂ-ਮਿਣਤੀਆਂ ਵਾਲਾ ਕੰਮਕਾਜ ਹੈ ਜਿਸ ਦੀਆਂ ਕਈ ਪਰਤਾਂ ਹਨ। ਕਿਸੇ ਵੀ ਅਦਾਕਾਰ ਨੂੰ ਉਸ ਵੱਲੋਂ ਟਿਕਟ ਖਿੜਕੀ ਉੱਤੇ ਕੀਤੀ ਜਾਂਦੀ ਕਮਾਈ ਦੇ ਆਧਾਰ ਉੱਤੇ ਜਾਣਿਆ ਜਾਂਦਾ ਹੈ। ਮੈਨੂੰ ਜਾਪਦਾ ਹੈ ਕਿ ਬੌਲੀਵੁੱਡ ਵਿੱਚ ਕਲਾ ਸਿਨਮਾ ਨੂੰ ਉਹ ਤਵੱਜੋ ਨਹੀਂ ਮਿਲਦੀ ਜਿੰਨੀ ਕਮਰਸ਼ਲ ਫ਼ਿਲਮਾਂ ਨੂੰ ਮਿਲਦੀ ਹੈ। ਇਸ ਲਈ ਜਦੋਂ ਤਕ ਇੰਡਸਟਰੀ ਵਿੱਚ ਫ਼ਿਲਮਾਂ ਤੋਂ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਸੋਚ ਨਹੀਂ ਬਦਲੇਗੀ, ਉਦੋਂ ਤਕ ਕਲਾ ਸਿਨਮਾ ਨੂੰ ਮਜ਼ਬੂਤੀ ਅਤੇ ਤਵੱਜੋ ਨਹੀਂ ਮਿਲੇਗੀ। ਇੱਥੇ ਕਲਾ ਫ਼ਿਲਮਾਂ ਨੂੰ ਹਮੇਸ਼ਾਂ ਹੀ ਸੰਘਰਸ਼ ਕਰਨਾ ਪੈਂਦਾ ਹੈ।
ਦਸ ਸਾਲ ਬਾਅਦ ਵੀ ਤੁਹਾਨੂੰ ਬੌਲੀਵੁੱਡ ਵਿੱਚ ਸਹੀ ਮੁਕਾਮ ਨਹੀਂ ਮਿਲ ਸਕਿਆ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?
– ਹਾਂ ਜੀ ਅਤੇ ਮੈਨੂੰ ਆਪਣਾ ਮੁਕਾਮ ਬਣਾਉਣ ਲਈ ਅੱਜ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਪਰ ਇਸ ਸੰਘਰਸ਼ ਨੂੰ ਮੈਂ ਇਸ ਪੇਸ਼ੇ ਦਾ ਹਿੱਸਾ ਮੰਨਦੀ ਹਾਂ। ਅਜਿਹਾ ਨਹੀਂ ਕਿ ਇੱਕ ਫ਼ਿਲਮ ਦੇ ਬਾਅਦ ਤੁਹਾਨੂੰ ਸਭ ਕੁਝ ਆ ਜਾਂਦਾ ਹੈ।
ਅੱਜਕੱਲ੍ਹ ਬੌਲੀਵੁੱਡ ਵਿੱਚ ਬਾਇਓਪਿਕਸ ਕਾਫ਼ੀ ਬਣ ਰਹੀਆਂ ਹਨ। ਕੀ ਤੁਸੀਂ ਵੀ ਅਜਿਹੀ ਫ਼ਿਲਮ ਵਿੱਚ ਕੰਮ ਕਰਨਾ ਚਾਹੋਗੇ?
– ਹਾਂ ਜੀ, ਬਿਲਕੁਲ। ਮੈਂ ਵੀ ਬਾਇਓਪਿਕ ਵਿੱਚ ਕੰਮ ਕਰਨਾ ਹੈ। ਮੈਂ ਹਮੇਸ਼ਾਂ ਤੋਂ ਸਿਸਟਰ ਨਿਵੇਦਿਤਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਰਹੀ ਹਾਂ। ਜੇ ਬੌਲੀਵੁੱਡ ਵਿੱਚ ਕਦੇ ਵੀ ਸਿਸਟਰ ਨਿਵੇਦਿਤਾ ਦੀ ਜ਼ਿੰਦਗੀ ਉੱਤੇ ਫ਼ਿਲਮ ਬਣੇਗੀ ਤਾਂ ਉਸ ਦੀ ਕਾਸਟਿੰਗ ਵਿੱਚ ਮੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਹੋਵੇਗਾ (ਹੱਸਦੇ ਹੋਏ) ਕਿਉਂਕਿ ਸਿਸਟਰ ਨਿਵੇਦਿਤਾ ਵਿਦੇਸ਼ੀ ਮਹਿਲਾ ਦਾ ਕਿਰਦਾਰ ਹੈ। ਉਹ ਸਵਾਮੀ ਵਿਵੇਕਾਨੰਦ ਦੇ ਵਿੱਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਆ ਕੇ ਰਹਿਣ ਲੱਗੀ ਸੀ। ਬਾਅਦ ਵਿੱਚ ਉਸ ਨੇ ਭਾਰਤ ਵਿੱਚ ਕਈ ਸਥਾਨਾਂ ਉੱਤੇ ਸਕੂਲ ਵੀ ਸਥਾਪਤ ਕੀਤੇ। ਸਿਸਟਰ ਨਿਵੇਦਿਤਾ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਸਨ। ਮੈਂ ਉਨ੍ਹਾਂ ਦੀਆਂ ਕਿਤਾਬਾਂ ਖ਼ੂਬ ਪੜ੍ਹੀਆਂ ਕਿਉਂਕਿ ਮੇਰੀ ਮਾਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ ਅਤੇ ਮੈਂ ਵੀ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ।
ਕਿਸੇ ਪੁਰਾਣੀ ਫ਼ਿਲਮ ਦੇ ਰੀਮੇਕ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਕਿਹੜੀ ਫ਼ਿਲਮ ਚੁਣੋਗੇ?
– ਮੈਂ ਗੁਰੂਦੱਤ ਅਤੇ ਵਹੀਦਾ ਰਹਿਮਾਨ ਦੀ ਫ਼ਿਲਮ ‘ਪਿਆਸਾ’ ਦੇ ਰੀਮੇਕ ਵਿੱਚ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ‘ਪਿਆਸਾ’ ਦਾ ਰੀਮੇਕ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਲੋਕ ਇੱਕ ਵਾਰ ਫ਼ਿਰ ਇੱਕ ਚੰਗੇਰੀ ਕਹਾਣੀ ਨਵੇਂ ਅੰਦਾਜ਼ ਨਾਲ ਦੇਖ ਸਕਣ।
ਕੀ ਤੁਹਾਨੂੰ ਲੱਗਦਾ ਹੈ ਕਿ ‘ਪਿਆਸਾ’ ਤੋਂ ਲੈ ਕੇ ਹੁਣ ਤਕ ਮੁਲਕ ਦੇ ਹਾਲਾਤ ਵਿੱਚ ਕੋਈ ਬਦਲਾਅ ਆਇਆ ਹੈ?
– ਬਿਲਕੁਲ ਨਹੀਂ। ਉਂਜ, ਇਸ ਨੂੰ ਅਸੀਂ ਬਦਕਿਸਮਤੀ ਹੀ ਕਹਿ ਸਕਦੇ ਹਾਂ ਕਿ ਪਿਛਲੇ ਪੰਜਾਹ ਸਾਲਾਂ ਵਿੱਚ ਮੁਲਕ ਅਤੇ ਬੌਲੀਵੁੱਡ ਦੇ ਹਾਲਾਤ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ। ਲੋਕਾਂ ਦਾ ਨਜ਼ਰੀਆ ਲਗਪਗ ਉਹੋ ਜਿਹਾ ਹੀ ਹੈ ਜਿਹੜਾ ਪੰਜਾਹ ਸਾਲ ਪਹਿਲਾਂ ਸੀ। ਬੌਲੀਵੁੱਡ ਵਿੱਚ ਮੌਜੂਦਾ ਸਮੇਂ ਵਿੱਚ ‘ਪਿਆਸਾ’ ਵਰਗੀ ਕੋਈ ਕਲਾਸਿਕ ਫ਼ਿਲਮ ਨਹੀਂ ਬਣ ਸਕੀ।
ਇਤਿਹਾਸਕ ਫ਼ਿਲਮਾਂ ਬਾਰੇ ਤੁਸੀਂ ਕੀ ਕਹੋਗੇ?
– ਮੈਂ ਵੀ ਇਤਿਹਾਸਕ ਕਿਰਦਾਰ ਨਿਭਾਉਣ ਦੀ ਤਮੰਨਾ ਰੱਖਦੀ ਹਾਂ। ਹਾਲਾਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਇਸ ਲਈ ਮੈਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਿਸੇ ਅਸਲੀ ਸ਼ਖ਼ਸੀਅਤ ਦੇ ਕਿਰਦਾਰ ਨੂੰ ਸੁਨਹਿਰੀ ਪਰਦੇ ਉੱਤੇ ਨਿਭਾਉਣਾ ਚਾਹੁੰਦੀ ਹਾਂ।
ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਕੁਝ ਦੱਸੋ?
– ਇਨ੍ਹੀਂ ਦਿਨੀਂ ਮੈਂ ਰਾਖੀ ਸ਼ਾਂਡਿਲਿਆ ਦੀ ਫ਼ਿਲਮ ‘ਸਕੌਲਰਸ਼ਿਪ’ ਵਿੱਚ ਕੰਮ ਕਰ ਰਹੀ ਹਾਂ ਜਿਸ ਦੀ ਸ਼ੂਟਿੰਗ ਚੱਲ ਰਹੀ ਹੈ। ਫ਼ਿਲਮ ਵਿੱਚ ਮੇਰੇ ਨਾਲ ਸੁਮਿਤ ਵਿਆਸ ਵੀ ਅਹਿਮ ਭੂਮਿਕਾ ਵਿੱਚ ਹਨ। ਇਸ ਦੀ ਕਹਾਣੀ ਵਰਤਮਾਨ ਸਮੇਂ ਦੇ ਇੱਕ ਪਰਿਵਾਰ ਦੀ ਹੈ। ਇਸ ਵਿੱਚ ਵਿਖਾਇਆ ਜਾਵੇਗਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਕਿਵੇਂ ਪਾਲਿਆ ਜਾਵੇ, ਕਾਰਪੋਰੇਟ ਜਗਤ ਵਿੱਚ ਆਪਣੇ ਆਪ ਨੂੰ ਕਿਵੇਂ ਸਥਾਪਤ ਰੱਖਿਆ ਜਾਵੇ ਅਤੇ ਪਰਿਵਾਰਕ ਤੇ ਕੰਮਕਾਜੀ ਜ਼ਿੰਦਗੀ ਵਿੱਚ ਸੰਤੁਲਨ ਕਿਵੇਂ ਕਾਇਮ ਕੀਤਾ ਜਾਵੇ। ਇਸ ਦੇ ਨਾਲ ਹੀ ‘ਸਮੋਕ’ ਨਾਂ ਦੀ ਵੈੱਬ ਸੀਰੀਜ਼ ਉੱਤੇ ਵੀ ਕੰਮ ਕਰ ਰਹੀ ਹਾਂ। ਇਸ ਤੋਂ ਇਲਾਵਾ ‘ਰਿਬਨ’, ‘ਆਜ਼ਮਾਇਸ਼’ ਵਰਗੀਆਂ ਫ਼ਿਲਮਾਂ ਵੀ ਕਰ ਰਹੀ ਹਾਂ।