ਨਵੀਂ ਦਿੱਲੀ — ਪ੍ਰਸਿੱਧ ਸਮਾਜ- ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਮੌਜੂਦਾ ਭਾਜਪਾ ਸਰਕਾਰ ਕਾਂਗਰਸ ਨਾਲੋਂ ਵੀ ਵੱਧ ਜ਼ਹਿਰੀਲੀ ਹੈ। ਕਿਸੇ ਸਮੇਂ ਨਰਿੰਦਰ ਮੋਦੀ ਦੀ ਸ਼ਲਾਘਾ ਕਰਨ ਵਾਲੇ ਅੰਨਾ ਹਜ਼ਾਰੇ ਅੱਜਕਲ ਉਨ੍ਹਾਂ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਮੋਦੀ ਨੂੰ ਹੁਣ ਤਕ ਦਾ ਸਭ ਤੋਂ ਨਕਾਰਾ ਪ੍ਰਧਾਨ ਮੰਤਰੀ ਤਕ ਕਿਹਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਮੋਦੀ ਨੇ ਅੰਨਾ ਹਜ਼ਾਰੇ ਦੀ ਕਿਸੇ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਸੀ।
ਲੋਕਪਾਲ ਦੇ ਮੁੱਦੇ ‘ਤੇ ਅੰਨਾ ਹਜ਼ਾਰੇ ਲਗਾਤਾਰ ਮੋਦੀ ਨੂੰ ਚਿੱਠੀਆਂ ਲਿਖ ਰਹੇ ਹਨ ਪਰ ਮੋਦੀ ਨੇ ਅੱਜ ਤਕ ਉਨ੍ਹਾਂ ਦੀ ਇਕ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਇਸੇ ਕਾਰਨ ਅੰਨਾ ਨੇ ਹੁਣ 2011 ਵਰਗਾ ਅੰਦੋਲਨ ਮੁੜ ਤੋਂ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਅੰਨਾ ਇਸ ਤੋਂ ਪਹਿਲਾਂ ਵੀ ਕਈ ਵਾਰ ਅੰਦੋਲਨ ਕਰਨ ਦੀ ਗੱਲ ਕਹਿ ਚੁੱਕੇ ਹਨ ਪਰ ਅੰਦੋਲਨ ਨਹੀਂ ਕੀਤਾ। ਹੁਣ ਉਨ੍ਹਾਂ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਸਹੁੰ ਚੁੱਕ ਕੇ ਅੰਦੋਲਨ ਕਰਨ ਦੀ ਗੱਲ ਕਹੀ ਹੈ ਜਿਸ ਤੋਂ ਇਹ ਮੰਨਿਆ ਜਾਂਦਾ ਹੈ ਕਿ ਇਸ ਵਾਰ ਅੰਦੋਲਨ ਹੋ ਕੇ ਰਹੇਗਾ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ 100 ਫੀਸਦੀ ਅੰਦੋਲਨ ਹੋਵੇਗਾ। ਮੈਂ ਕਦੇ ਵੀ ਅੰਦੋਲਨ ਤੋਂ ਭੱਜਿਆ ਨਹੀਂ ਪਰ ਲੀਡਰ ਚਲਾਕੀ ਨਾਲ ਮੈਨੂੰ ਸਭ ਮੁੱਦਿਆਂ ਦਾ ਹੱਲ ਕਰਨ ਦੀ ਗੱਲ ਕਹਿ ਕੇ ਸ਼ਾਂਤ ਕਰਵਾ ਦਿੰਦੇ ਸਨ। ਮੈਨੂੰ ਲੋਕਾਂ ਦੀਆਂ ਨਜ਼ਰਾਂ ‘ਚ ਲੀਡਰ ਝੂਠਾ ਸਾਬਿਤ ਕਰ ਦਿੰਦੇ ਸਨ ਅਤੇ ਇਹ ਉਨ੍ਹਾਂ ਦੀ ਤਰਕੀਬ ਹੈ। ਜਿਸ ਉਮੀਦ ਨਾਲ ਲੋਕਾਂ ਨੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ, ਉਸ ਮੁਤਾਬਕ ਉਹ ਉਨ੍ਹਾਂ ਉਮੀਦਾਂ ‘ਤੇ ਖਰੇ ਨਹੀਂ ਉਤਰੇ।
ਅੰਨਾ ਹਜ਼ਾਰੇ ਨੇ ਕਿਹਾ ਕਿ ਮੌਜੂਦਾ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ। ਕੰਮ-ਧੰਦੇ ਚੌਪਟ ਹੋ ਗਏ ਹਨ। ਸਰਕਾਰੀ ਦਫਤਰਾਂ ‘ਚ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੁੰਦਾ। ਨੋਟਬੰਦੀ ਪਿੱਛੋਂ ਮੈਂ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਕੋਲੋਂ ਪੁੱਛਿਆ ਸੀ ਕਿ ਹੁਣ ਤਕ ਵਿਦੇਸ਼ਾਂ ‘ਚ ਜਮ੍ਹਾ ਕਿੰਨਾ ਪੈਸਾ ਭਾਰਤ ਵਾਪਸ ਆਇਆ ਹੈ, ਤਾਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਅਜਿਹੇ ਕਈ ਗੰਭੀਰ ਸਵਾਲ ਹਨ ਜਿਨ੍ਹਾਂ ਦਾ ਮੈਂ ਜਵਾਬ ਮੰਗਦਾ ਰਹਿੰਦਾ ਹਾਂ ਪਰ ਨਹੀਂ ਮਿਲਦਾ। ਸ਼ਾਇਦ ਮੋਦੀ ਨੇ ਮੰਤਰੀਆਂ ਨੂੰ ਮੇਰੇ ਨਾਲ ਗੱਲ ਕਰਨ ਤੋਂ ਰੋਕਿਆ ਹੋਵੇਗਾ।