ਚੰਡੀਗੜ੍ਹ — ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਡੇਰਾ ਸਿਰਸਾ ਸਥਿਤ ਡੇਰਾ ਸੱਚਾ ਸੌਦਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਈ.ਡੀ. ਨੇ ਰਾਮ ਰਹੀਮ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ‘ਚ ਜਾਂਚ ਏਜੰਸੀ ਅਧਿਕਾਰਕ ਰੂਪ ‘ਚ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਰਹੀ ਹੈ। ਈ.ਡੀ. ਵਿਭਾਗ ਦੀ ਟੀਮ ਸਿਰਸਾ ਡੇਰੇ ‘ਚ ਪੁੱਜੀ ਹੈ, ਜਿੱਥੇ ਟੀਮ ਦੇ ਹੱਥ ਕੁਝ ਅਹਿਮ ਸੁਰਾਗ ਵੀ ਲੱਗੇ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਡੇਰੇ ਅੰਦਰੋਂ ਮਿਲੀ ਹਾਰਡ ਡਿਸਕ ਅਤੇ ਇਕ ਡਾਇਰੀ ਈ.ਡੀ. ਵਿਭਾਗ ਨੂੰ ਸੌਂਪ ਚੁੱਕੀ ਹੈ। ਇੰਨ੍ਹਾਂ ਸਬੂਤਾਂ ਅਤੇ ਡੇਰੇ ਅੰਦਰ ਹੋ ਰਹੀ ਜਾਂਚ ਦੇ ਅਧਾਰ ‘ਤੇ ਹੀ ਈ.ਡੀ. ਵਿਭਾਗ ਰਾਮ ਰਹੀਮ, ਹਨੀਪ੍ਰੀਤ ਅਤੇ ਵਿਪਾਸਨਾ ਸਮੇਤ ਇਨ੍ਹਾਂ ਦੀ ਬੈਂਕ ਡਿਟੇਲ ਅਤੇ ਹੋਰ ਰਿਕਾਰਡ ਦੀ ਜਾਂਚ ਕਰੇਗੀ। ਇਸ ਵਾਰ ਈ.ਡੀ. ਵਿਭਾਗ ਜ਼ਿਆਦਾ ਸਖਤੀ ਅਤੇ ਬਰੀਕੀ ਨਾਲ ਜਾਂਚ-ਪੜਤਾਲ ਕਰ ਰਿਹਾ ਹੈ ਅਤੇ ਜਲਦੀ ਹੀ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।