ਸਿਰਸਾ — ਡੇਰਾ ਸੱਚਾ ਸੌਦਾ ਦੀ ਆਮਦਨ ਦਾ ਰਿਕਾਰਡ ਹਾਸਲ ਕਰਨ ਲਈ ਆਮਦਨ ਕਰ ਵਿਭਾਗ ਵਲੋਂ ਦਾਇਰ ਪਟੀਸ਼ਨ ‘ਤੇ ਸਥਾਨਕ ਅਦਾਲਤ ਨੇ ਸੁਣਵਾਈ ਲਈ 30 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਵਿਭਾਗ ਵਲੋਂ ਉਨ੍ਹਾਂ ਦੇ ਵਕੀਲ ਅਦਾਲਤ ‘ਚ ਆਏ ਹੋਏ ਸਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ‘ਚ ਹਾਈਕੋਰਟ ਦੇ ਆਦੇਸ਼ ‘ਤੇ ਹੋਈ ਸਰਚ ਦੇ ਦੌਰਾਨ ਉਥੋਂ ਬਰਾਮਦ ਕੀਤੇ ਗਏ ਰਿਕਾਰਡਾਂ ਨੂੰ ਉਥੋਂ ਦੇ ਪੁਲਸ ਥਾਣੇ ‘ਚ ਜਮ੍ਹਾਂ ਕਰਵਾਇਆ ਗਿਆ ਹੈ। ਰੋਹਤਕ ਸਥਿਤ ਈ.ਡੀ. ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰਿਕਾਰਡ ਦੀ ਜਾਂਚ ਲਈ ਇਕ ਕਾਰਜ ਯੋਜਨਾ ਤਿਆਰ ਕੀਤੀ। ਕਰੀਬ ਇਕ ਹਫਤਾ ਪਹਿਲਾਂ ਇਕ ਵਿਸ਼ੇਸ਼ ਟੀਮ ਸਿਰਸਾ ਪੁੱਜੀ ਸੀ ਅਤੇ ਟੀਮ ‘ਚ ਸ਼ਾਮਲ ਅਧਿਕਾਰੀਆਂ ਨੇ ਇਥੇ ਅਦਾਲਤ ‘ਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਪੁਲਸ ਦੇ ਕਬਜ਼ੇ ‘ਚ ਆਏ ਰਿਕਾਰਡ ਦੀ ਫੋਟੋ ਕਾਪੀ ਦਿੱਤੀ ਜਾਵੇ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਵਿਭਾਗ ਨੂੰ ਗੁੰਮਰਾਹ ਤਾਂ ਨਹੀਂ ਕੀਤਾ ਜਾ ਰਿਹਾ। ਇਸ ‘ਤੇ ਪੁਲਸ ਵਲੋਂ ਅਦਾਲਤ ‘ਚ ਆਪਣਾ ਪੱਖ ਰੱਖਿਆ ਗਿਆ ਕਿ ਸਾਰਾ ਰਿਕਾਰਡ ਹਾਈਕੋਰਟ ਦੇ ਆਦੇਸ਼ਾਂ ‘ਤੇ ਹੀ ਸੀਲਬੰਦ ਕੀਤਾ ਗਿਆ ਹੈ। ਕੋਰਟ ਨੇ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ 23 ਅਕਤੂਬਰ ਦੀ ਤਾਰੀਖ ਤੈਅ ਕੀਤੀ ਸੀ। ਇਸਦੇ ਅਧੀਨ ਈ.ਡੀ. ਵਲੋਂ ਉਨ੍ਹਾਂ ਦਾ ਵਕੀਲ ਅਦਾਲਤ ‘ਚ ਪੇਸ਼ ਹੋਇਆ ਪਰ ਹੁਣ ਅਦਾਲਤ ਨੇ 30 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ। ਇਸ ਲਈ ਡੇਰੇ ਦੀ ਆਮਦਨ ਨਾਲ ਸਬੰਧਤ ਰਿਕਾਰਡ ਦੀ ਜਾਂਚ ਸ਼ੁਰੂ ਨਹੀਂ ਹੋ ਸਕੀਂ।