ਚੰਡੀਗੜ – ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਮੋਦੀ ਸਰਕਾਰ ਵੱਲੋਂ ਕਣਕ ਦੇ ਐਮ.ਐਸ.ਪੀ ਵਿੱਚ ਕੀਤੇ ਗਏ ੧੧੦ ਰੁਪਏ ਦੇ ਮਾਮੂਲੀ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸ. ਖਹਿਰਾ ਨੇ ਕਿਹਾ ਕਿ ੧੧੦ ਰੁਪਏ ਫੀ ਕੁਇੰਟਲ ਦਾ ਕੀਤਾ ਗਿਆ ਮਾਮੂਲੀ ਵਾਧਾ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਗਿਆ ਕੋਝਾ ਮਜਾਕ ਹੈ। ਉਹਨਾਂ ਕਿਹਾ ਕਿ ਐਮ.ਐਸ.ਪੀ ਦੇ ਵਿੱਚ ਨਾਂਮਤਾਰ ਵਾਧਾ ਕਰਦੇ ਸਮੇਂ ਭਾਰਤ ਸਰਕਾਰ ਵੱਧ ਰਹੀ ਮਹਿੰਗਾਈ ਨੂੰ ਪੂਰੀ ਤਰਾਂ ਨਾਲ ਅੱਖੋ ਪਰੋਖੇ ਕੀਤਾ ਹੈ।
ਸ. ਖਹਿਰਾ ਨੇ ਕਿਹਾ ਕਿ ਇਹ ਤੱਥ ਹੈ ਕਿ ਪੰਜਾਬ ਦੇ ਕਿਸਾਨ ੧ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ ਜਿਸ ਕਰਕੇ ਉਹ ਰੋਜਾਨਾ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਭਰ ਦੇ ਕਿਸਾਨਾਂ ਦੇ ਹਲਾਤ ਕਿਸੇ ਪ੍ਰਕਾਰ ਨਾਲ ਵੀ ਪੰਜਾਬ ਦੇ ਕਿਸਾਨਾਂ ਨਾਲੋਂ ਬੇਹਤਰ ਨਹੀਂ ਹਨ। ਇਸ ਲਈ ਉਹਨਾਂ ਕਿਹਾ ਕਿ ੧੧੦ ਰੁਪਏ ਫੀ ਕੁਇੰਟਲ ਵਿੱਚ ਕੀਤਾ ਮਾਮੂਲੀ ਵਾਧਾ ਦੇਸ਼ ਭਰ ਦੇ ਕਿਸਾਨਾਂ ਦੇ ਹਲਾਤਾਂ ਵਿੱਚ ਸੁਧਾਰ ਨਹੀਂ ਲਿਆ ਸਕਦਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਨਾੜ ਨਾ ਸਾੜਣ ਲਈ ਮਜਬੂਰ ਕਰ ਰਹੀ ਹੈ, ਜਿਸ ਵਾਸਤੇ ਫੀ ਏਕੜ ੪,੦੦੦ ਤੋਂ ੫,੦੦੦ ਰੁਪਏ ਦਾ ਖਰਚਾ ਆਉਂਦਾ ਹੈ, ਉਥੇ ਹੀ ਦੂਸਰੇ ਪਾਸੇ ਭਾਰਤ ਸਰਕਾਰ ਐਮ.ਐਸ.ਪੀ ਵਿੱਚ ਸਿਰਫ ੧੧੦ ਰੁਪਏ ਫੀ ਕੁਇੰਟਲ ਦਾ ਵਾਧਾ ਕਰ ਰਹੀ ਹੈ, ਜੋ ਕਿ ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਜਾਣ ਵਾਲੇ ਖਰਚੇ ਦਾ ਅੱਧਾ ਵੀ ਨਹੀਂ ਹੈ।ਵਿਰੋਧੀ ਧਿਰ ਦੇ ਨੇਤਾ ਨੇ ਦਾਲਾਂ ਦੇ ਐਮ.ਐਸ.ਪੀ ਵਿੱਚ ੨੦੦ ਰੁਪਏ ਫੀ ਕੁਇੰਟਲ ਦੇ ਕੀਤੇ ਮਾਮੂਲੀ ਵਾਧੇ ਦੀ ਵੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਦਾਲਾਂ ਦੇ ਐਮ.ਐਸ.ਪੀ ਵਿੱਚ ਕੀਤਾ ਵਾਧਾ ਕਿਸੇ ਪ੍ਰਕਾਰ ਵੀ ਵੱਧ ਰਹੀ ਮਹਿੰਗਾਈ ਨਾਲ ਮੇਲ ਨਹੀਂ ਖਾਂਦਾ।
ਇਸ ਦੇ ਨਾਲ ਹੀ ਖਹਿਰਾ ਨੇ ਟਰੈਕਟਰਾਂ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਉੱਪਰ ਲਗਾਏ ੨੮ ਫੀਸਦੀ ਜੀ.ਐਸ.ਟੀ ਦੀ ਵੀ ਅਲੋਚਨਾ ਕੀਤੀ ਕਿਉਂਕਿ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋਵੇਗਾ।ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਪਰ ਟਰੈਕਟਰਾਂ ਦਾ ੩੦,੦੦੦ ਰੁਪਏ ਸਲਾਨਾ ਟੈਕਸ ਲਗਾਏ ਜਾਣ ਦੀਆਂ ਆ ਰਹੀਆਂ ਖਬਰਾਂ ਉੱਪਰ ਵੀ ਖਹਿਰਾ ਨੇ ਡੂੰਘਾ ਖੇਦ ਜਤਾਇਆ। ਖਹਿਰਾ ਨੇ ਕਿਹਾ ਕਿ ਜੇਕਰ ਇਹ ਖਬਰਾਂ ਸੱਚ ਹਨ ਤਾਂ ਪਹਿਲਾਂ ਹੀ ਢਹਿ ਢੇਰੀ ਹੋ ਗਈ ਖੇਤੀਬਾੜੀ ਅਰਥਵਿਵਸਥਾ ਹੋਰ ਤਬਾਹ ਹੋ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਖੁਦਕੁਸ਼ੀਆਂ ਵਿੱਚ ਹੋਰ ਵਾਧਾ ਹੋਵੇਗਾ।
ਵਿਰੋਧੀ ਧਿਰ ਦੇ ਨੇਤਾ ਮੋਦੀ ਸਰਕਾਰ ਉੱਪਰ ਵੀ ਖੂਬ ਵਰੇ ਜਿਸਨੇ ਕਿ ਵੱਡੇ ਵਪਾਰਕ ਘਰਾਣਿਆਂ ਦੇ ੨.੧੧ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਨੂੰ ਂੋਨ ਫeਰਡੋਰਮਨਿਗ ਅਸਸeਟ(ਂਫਅ) ਕਰਾਰ ਕੇ ਮੁਆਫ ਕਰ ਦਿੱਤੇ ਹਨ। ਸ. ਖਹਿਰਾ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਚੰਦ ਵੱਡੇ ਵਪਾਰਕ ਘਰਾਣਿਆਂ ਦਾ ੨.੧੧ ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ ਕਰ ਸਕਦੀ ਹੈ ਤਾਂ ਭਾਰਤ ਸਰਕਾਰ ਪੰਜਾਬ ਦੇ ਛੋਟੇ ਅਤੇ ਦਰਮਿਆਣੇ ਕਿਸਾਨਾਂ ਦਾ ੧ ਲੱਖ ਕਰੋੜ ਰੁਪਏ ਦਾ ਵੱਡਾ ਕਰਜ਼ਾ ਕਿਉਂ ਨਹੀਂ ਮੁਆਫ ਕਰ ਸਕਦੀ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਭਾਰਤ ਸਰਕਾਰ ਕੋਲ ਢੁੱਕਵੇਂ ਢੰਗ ਨਾਲ ਨਾ ਉਠਾaਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਢਿੱਲੇ ਮੱਠੇ ਰਵੱਈਏ ਦੀ ਆਮ ਆਦਮੀ ਪਾਰਟੀ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮੁੱਦਿਆਂ ਉੱਪਰ ਸਿਰਫ ਜੁਬਾਨੀ ਸੇਵਾ ਕਰ ਰਹੇ ਹਨ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਤੋਂ ਭੱਜ ਰਹੇ ਹਨ।
ਸ. ਖਹਿਰਾ ਨੇ ਕਿਹਾ ਕਿ ਕਣਕ, ਝੋਨੇ ਅਤੇ ਹੋਰਨਾਂ ਫਸਲਾਂ ਦੇ ਐਮ.ਐਸ.ਪੀ ਸਵਾਮੀਨਾਥਨ ਕਮੇਟੀ ਅਨੁਸਾਰ ਫੀ ਏਕੜ ਦੀ ਲਾਗਤ ਤੋਂ ੫੦ ਫੀਸਦੀ ਉੱਪਰ ਨਿਯਤ ਕੀਤਾ ਜਾਣਾ ਚਾਹੀਦਾ ਹੈ। ਸ. ਖਹਿਰਾ ਨੇ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰਾਂ ਦੀ ਨਿਖੇਧੀ ਕੀਤੀ ਜੋ ਕਿ ਆਪਣੇ ਚੋਣ ਮੈਨੀਫੈਸਟੋ ਵਾਅਦੇ ਦੇ ਬਾਵਜੂਦ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਵਿੱਚ ਅਸਫਲ ਰਹੇ ਹਨ।