ਚੰਡੀਗੜ -ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਆਪਣੇ ਨਾਮ ਉਪਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਪਰ ਚੱਲ ਰਹੇ ਜਾਅਲੀ ਖਾਤਿਆਂ ਦਾ ਸਖਤ ਨੋਟਿਸ ਲੈਂਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਇਹਨਾਂ ਖਾਤਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸ. ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਪੁਲਿਸ ਦੇ ਸਾਈਬਰ ਸੈਲ ਨੂੰ ਸ਼ਿਕਾਇਤ ਕਰ ਕੇ ਜਾਅਲੀ ਖਾਤੇ ਚਲਾਉਣ ਵਾਲੇ ਗੈਰ ਸਮਾਜੀ ਤੱਤਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਹਨਾਂ ਦੇ ਨਾਮ ਉਪਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਜਿਵੇਂ ਕਿ ਟਵਿੱਟਰ, ਫੇਸਬੁੱਕ, ਇੰਸਟਾਗਰਾਮ ਆਦਿ ਉਪਰ ਜਾਅਲੀ ਖਾਤੇ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉਪਰ ਉਹਨਾਂ ਦੇ ਨਾਮ ਉਪਰ ਜਾਅਲੀ ਖਾਤੇ ਚੱਲ ਰਹੇ ਹਨ ਜਿਸ ਨਾਲ ਉਹਨਾਂ ਦੇ ਚਾਹੁਣ ਵਾਲੇ ਗੁੰਮਰਾਹ ਹੋ ਰਹੇ ਹਨ। ਉਹਨਾਂ ਸੋਸ਼ਲ ਮੀਡੀਆ ਉਪਰ ਉਹਨਾਂ ਨੂੰ ਚਾਹੁਣ ਵਾਲੇ ਅਤੇ ਕੁਮੈਂਟ ਤੇ ਲਾਈਕ ਕਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹਨਾਂ ਦਾ ਟਵਿੱਟਰ ਉਪਰ ਸਿਰਫ ਇਕੋ ਖਾਤਾ ਅਧਿਕਾਰਤ ਤੌਰ ‘ਤੇ ਚੱਲਦਾ ਹੈ ਜਿਹੜਾ @sherryontopp ਨਾਮ ਉਪਰ ਹੈ। ਇਸ ਤੋਂ ਇਲਾਵਾ ਫੇਸਬੁੱਕ ਉਪਰ ਇਕੋ ਅਧਿਕਾਰਤ ਪੇਜ਼ ਚੱਲਦਾ ਹੈ ਜਿਹੜਾ @sherryontopp ਨਾਮ ਉਪਰ ਚੱਲਦਾ ਹੈ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਹੋਰ ਬਹੁਤ ਖਾਤੇ/ਪੇਜ਼ ਟਵਿੱਟਰ, ਫੇਸਬੁੱਕ ਤੇ ਇੰਸਟਾਗਰਾਮ ਉਪਰ ਉਹਨਾਂ ਦੇ ਨਾਮ ਉਪਰ ਚੱਲ ਰਹੇ ਹਨ ਜਿਹੜੇ ਜਾਅਲੀ ਹਨ।
ਸ. ਸਿੱਧੂ ਨੇ ਪੰਜਾਬ ਦੇ ਲੋਕਾਂ ਅਤੇ ਸੋਸ਼ਲ ਮੀਡੀਆ ਉਪਰ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਧਿਕਾਰਤ ਖਾਤੇ ਤੋਂ ਬਿਨਾਂ ਹੋਰ ਕਿਸੇ ਵੀ ਖਾਤੇ ਵੱਲੋਂ ਅਪਲੋਡ ਕੀਤੀਆਂ ਜਾਂਦੀਆਂ ਪੋਸਟਾਂ ਤੋਂ ਸੁਚੇਤ ਰਹਿਣ। ਉਨ•ਾਂ ਕਿਹਾ ਕਿ ਉਹ ਜਲਦ ਹੀ ਇਕ ਆਪਣੀ ਵੈਬਸਾਈਟ ਲਾਂਚ ਕਰਨਗੇ ਜਿਸ ਨਾਲ ਲੋਕਾਂ ਨਾਲ ਆਨਲਾਈਨ ਰਾਬਤਾ ਕਾਇਮ ਹੋ ਸਕੇ ਅਤੇ ਇਸ ਵੈਬਸਾਈਟ ਰਾਹੀਂ ਲੋਕਾਂ ਦੇ ਸੁਝਾਅ ਅਤੇ ਫੀਡਬੈਕ ਵੀ ਲਈ ਜਾਵੇਗੀ ਤਾਂ ਜੋ ਇਨ•ਾਂ ਨੂੰ ਸਰਕਾਰੀ ਨੀਤੀਆਂ ਵਿੱਚ ਸ਼ਾਮਲ ਕੀਤਾ ਜਾ ਸਕੇ।