ਹੁਸ਼ਿਆਰਪੁਰ — ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ‘ਚ ਬੇਤਹਾਸ਼ਾ ਵਾਧਾ ਕਰਕੇ ਇਕ ਵਾਰ ਫਿਰ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਦਸੂਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਵਾਧਾ ਗਰੀਬਾਂ ਨਾਲ ਬਹੁਤ ਵੱਡਾ ਧੋਖਾ ਹੈ। ਕਾਂਗਰਸ ਹਮੇਸ਼ਾ ਆਪਣੀ ਕਹਿਣੀ ਤੇ ਕਰਨੀ ‘ਚ ਅੰਤਰ ਰੱਖਦੀ ਹੈ। ਅੱਜ ਉਦਯੋਗਿਕ ਅਤੇ ਘਰੇਲੂ ਖਪਤਕਾਰ ਬਿਜਲੀ ਦੀਆਂ ਦਰਾਂ ‘ਚ ਵਾਧੇ ਨੂੰ ਲੈ ਕੇ ਪਰੇਸ਼ਾਨ ਹਨ।
ਸ. ਦਸੂਹਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰੇਲੂ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਉਹ ਵਾਅਦਾ ਅੱਜ ਕਿੱਥੇ ਗਿਆ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ ਹੋਈ ਹੈ। ਜੇਕਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਗੁਰਦਾਸਪੁਰ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਤਾਂ ਸ਼ਾਇਦ ਕਾਂਗਰਸ ਨੂੰ ਮੂੰਹ ਦੀ ਖਾਣੀ ਪੈਂਦੀ ਅਤੇ ਲੋਕ ਘੇਰ-ਘੇਰ ਕੇ ਪੁੱਛਦੇ ਕਿ ਤੁਹਾਡੇ ਵਾਅਦਿਆਂ ਦਾ ਕੀ ਬਣਿਆ। ਕਾਂਗਰਸ ਧੋਖੇਬਾਜ਼ਾਂ ਦੀ ਪਾਰਟੀ ਹੈ। ਇਸੇ ਕਾਰਨ ਇਹ ਦੇਸ਼-ਵਿਦੇਸ਼ ਦੇ ਨਕਸ਼ੇ ਤੋਂ ਗਾਇਬ ਹੋ ਰਹੀ ਹੈ। ਇਨ੍ਹਾਂ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ ਪ੍ਰਾਪਤ ਕਰ ਲਈ ਪਰ ਹੁਣ ਲੋਕਾਂ ਨੂੰ ਅੱਖਾਂ ਦਿਖਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਲੋਕਾਂ ਨੂੰ ਪੰਜਾਬ ਅੰਦਰ ਕੋਈ ਵੀ ਪਰੇਸ਼ਾਨੀ ਨਹੀਂ ਸੀ ਆਉਣ ਦਿੱਤੀ ਗਈ ਅਤੇ ਹਰ ਵਰਗ ਲਈ ਚੰਗੀਆਂ ਸਕੀਮਾਂ ਹੋਂਦ ‘ਚ ਲਿਆਂਦੀਆਂ ਗਈਆਂ। ਪਿਛਲੀ ਸਰਕਾਰ ਵੱਲੋਂ ਦਿੱਤੀਆਂ ਸਕੀਮਾਂ ਨੂੰ ਵੀ ਕਾਂਗਰਸ ਸਰਕਾਰ ਬੰਦ ਕਰਨ ‘ਤੇ ਤੁਲੀ ਹੋਈ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੀ ਚੱਕੀ ‘ਚ ਪੀਸ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਅੱਜ ਤ੍ਰਾਹ-ਤ੍ਰਾਹ ਕਰ ਰਿਹਾ ਹੈ ਅਤੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਦਿਨ-ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਲੋਕ ਕਤਲ ਕੀਤੇ ਜਾ ਰਹੇ ਹਨ ਪਰ ਕੋਈ ਵੀ ਲੀਡਰ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਉਣ ਵਾਲੇ ਸਮੇਂ ‘ਚ ਮੂੰਹ ਦੀ ਖਾਣੀ ਪਵੇਗੀ।