ਆਲੀਆ ਭੱਟ ਨੇ ਛੇ ਸਾਲ ਦੇ ਆਪਣੇ ਬੌਲੀਵੁੱਡ ਕਰੀਅਰ ਵਿੱਚ 11 ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ‘ਹਾਈਵੇਅ’, ‘ਉੜਤਾ ਪੰਜਾਬ’ ਅਤੇ ‘ਡੀਅਰ ਜ਼ਿੰਦਗੀ’ ਵਰਗੀਆਂ ਫ਼ਿਲਮਾਂ ਵਿੱਚ ਤਾਂ ਉਸ ਨੇ ਆਪਣੀ ਅਦਾਕਾਰੀ ਦਾ ਪੱਧਰ ਬਹੁਤ ਉੱਤੇ ਰੱਖਿਆ ਹੈ। ਇਹੀ ਵਜ੍ਹਾ ਹੈ ਕਿ ਆਲੀਆ ਨੂੰ ਲੋਕ ਹੁਣ ਗੰਭੀਰਤਾ ਨਾਲ ਲੈਣ ਲੱਗੇ ਹਨ। ਪੇਸ਼ ਹੈ ਆਲੀਆ ਭੱਟ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
ਤੁਹਾਡੀ ਫ਼ਿਲਮ ‘ਰਾਜੀ’ ਦੀ ਬਹੁਤ ਚਰਚਾ ਹੈ। ਇਸ ਬਾਰੇ ਵਿੱਚ ਕੁਝ ਦੱਸੋ।
– ਕਿਉਂਕਿ ਮਸ਼ਹੂਰ ਫ਼ਿਲਮਸਾਜ਼ – ਗੀਤਕਾਰ ਗੁਲਜ਼ਾਰ ਦੀ ਡਾਇਰੈਕਟਰ ਧੀ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਰਾਜੀ’ ਇੱਕ ਸੱਚੀ ਕਹਾਣੀ ਉੱਤੇ ਆਧਾਰਿਤ ਹੈ, ਇਸ ਲਈ ਇਸ ਦੀ ਹੁਣ ਤੋਂ ਹੀ ਚਰਚਾ ਹੋ ਰਹੀ ਹੈ। ਇਸ ਫ਼ਿਲਮ ਵਿੱਚ ਮੈਂ ਇੱਕ ਕਸ਼ਮੀਰੀ ਕੁੜੀ ਦੇ ਕਿਰਦਾਰ ਵਿੱਚ ਦਿਖਾਂਗੀ, ਜਦੋਂ ਕਿ ਇਸ ਵਿੱਚ ਮੇਰੇ ਨਾਲ ‘ਮਸਾਨ’ ਫ਼ਿਲਮ ਦੇ ਹੀਰੋ ਵਿੱਕੀ ਕੌਸ਼ਲ ਹਨ। ਦਰਅਸਲ, ਇਹ ਫ਼ਿਲਮ ਲੇਖਕ ਹਰਿੰਦਰ ਸਿੱਕਾ ਦੇ ‘ਕੌਲਿੰਗ ਸਾਹਿਮਤ’ ਨਾਵਲ ਉੱਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਮੇਰਾ ਕਿਰਦਾਰ ਇੱਕ ਅਜਿਹੀ ਕਸ਼ਮੀਰੀ ਕੁੜੀ ਦਾ ਹੈ ਜੋ ਭਾਰਤ- ਪਾਕਿਸਤਾਨ ਲੜਾਈ ਦੌਰਾਨ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਵਿਆਹ ਕਰ ਲੈਂਦੀ ਹੈ। ਰਾਜੀ ਅਗਲੇ ਸਾਲ 11 ਮਈ ਨੂੰ ਰਿਲੀਜ਼ ਹੋਵੇਗੀ।
ਅੱਜਕੱਲ੍ਹ ਤੁਹਾਨੂੰ ਜੋ ਫ਼ਿਲਮਾਂ ਮਿਲ ਰਹੀਆਂ ਹਨ, ਉਹ ਸ਼ੁਰੂਆਤ ਤੋਂ ਹੀ ਚਰਚਾ ਵਿੱਚ ਆ ਜਾਂਦੀਆਂ ਹਨ। ਕਰੀਅਰ ਵਿੱਚ ਆਈ ਇਸ ਤਬਦੀਲੀ ਦਾ ਮੋੜ ਕਿਸ ਫ਼ਿਲਮ ਨੂੰ ਮੰਨਦੇ ਹੋ?
– ਬੇਸ਼ਕ ‘ਹਾਈਵੇਅ’ ਅਤੇ ‘ਉੜਤਾ ਪੰਜਾਬ’ ਨੂੰ ਹੀ ਮੋੜ ਮੰਨਦੀ ਹਾਂ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਫ਼ਿਲਮਾਂ ਤੋਂ ਬਾਅਦ ਮੈਂ ਭਾਵਨਾਤਮਕ ਅਤੇ ਮਾਨਿਸਕ ਤੌਰ ‘ਤੇ ਮਜ਼ਬੂਤ ਹੋਈ ਹਾਂ। ਮੈਂ ਅਜੇ 23 ਸਾਲ ਦੀ ਹੀ ਹਾਂ, ਪਰ ਇਹ ਸੱਚ ਹੈ ਕਿ ਮੇਰੇ ਪ੍ਰਤੀ ਇੰਡਸਟਰੀ ਦੇ ਲੋਕਾਂ ਦਾ ਨਜ਼ਰਿਆ ਬਦਲਿਆ ਹੈ। ਮੈਂ ਲੋਕਾਂ ਦੀ ਇਹ ਸੋਚ ਬਦਲਣਾ ਚਾਹੁੰਦੀ ਸੀ ਕਿ ਮੈਂ ਸਿਰਫ਼ ਬਚਕਾਨੇ ਕਿਰਦਾਰ ਹੀ ਕਰ ਸਕਦੀ ਹਾਂ ਅਤੇ ਫ਼ਿਲਮਾਂ ਮੇਰੇ ਲਈ ਸਿਰਫ਼ ਮੌਜ ਮਸਤੀ ਜਾਂ ਖੇਡ ਨਹੀਂ ਹੈ। ਮੈਂ ਇੱਥੇ ਅਭਿਨੇਤਰੀ ਬਣਨ ਆਈ ਹਾਂ ਅਤੇ ਲੋਕ ਜਦੋਂ ਇੱਕ ਅਭਿਨੇਤਰੀ ਦੇ ਰੂਪ ਵਿੱਚ ਤੁਹਾਨੂੰ ਵੱਖ- ਵੱਖ ਕਿਰਦਾਰਾਂ ਵਿੱਚ ਸਵੀਕਾਰ ਕਰਨ ਲੱਗਦੇ ਹਨ, ਉਦੋਂ ਤੁਹਾਨੂੰ ਅਸਲੀ ਖ਼ੁਸ਼ੀ ਮਿਲਦੀ ਹੈ।
ਕੀ ਤੁਹਾਨੂੰ ਵੀ ਲੱਗਦਾ ਹੈ ਕਿ ਹੁਣ ਅਦਾਕਾਰਾਵਾਂ ਵਾਲਾ ਰੁਝਾਨ ਬਦਲ ਰਿਹਾ ਹੈ ?
– ਮੈਨੂੰ ਲੱਗਦਾ ਹੈ ਕਿ ਹੁਣ ਪੁਰਾਣੀਆਂ ਅਭਿਨੇਤਰੀਆਂ ਪਹਿਲਾਂ ਤੋਂ ਜ਼ਿਆਦਾ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਲੇਖਕ ਉਨ੍ਹਾਂ ਲਈ ਚੰਗੇ ਕਿਰਦਾਰ ਨਹੀਂ ਲਿਖ ਰਹੇ ਹਨ। ਮੈਨੂੰ ਤਾਂ ਲੱਗਦਾ ਹੈ ਕਿ ਲੇਖਕਾਂ ਨੂੰ ਸਲਮਾਨ, ਸ਼ਾਹਰੁਖ ਜਾਂ ਅਜੈ ਦੇਵਗਨ ਨਾਲ ਕੰਮ ਕਰਨ ਵਾਲੇ ਕਿਰਦਾਰ ਵੀ ਚੰਗੀ ਤਰ੍ਹਾਂ ਲਿਖਣੇ ਚਾਹੀਦੇ ਹਨ। ਹਾਲਾਂਕਿ , ਇਸਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਰੁਝਾਨ ਬਦਲ ਰਿਹਾ ਹੈ। ਜੇਕਰ ਉਸ ਤਰ੍ਹਾਂ ਦੇ ਵਿਸ਼ੇ ਲਿਖੇ ਜਾਣਗੇ ਜਿਸ ਵਿੱਚ ਅਭਿਨੇਤਰੀਆਂ ਕੰਮ ਕਰ ਸਕਣ ਤਾਂ ਇਹ ਚੰਗੀ ਗੱਲ ਹੈ। ਫ਼ਿਰ ਉਮਰ ਕੋਈ ਮੁੱਦਾ ਨਹੀਂ ਰਹੇਗੀ। ਮੈਂ ਹਮੇਸ਼ਾਂ ਤੋਂ ਅਦਾਕਾਰੀ ਨੂੰ ਲੈ ਕੇ ਜਨੂੰਨੀ ਰਹੀ ਹਾਂ, ਜੇਕਰ ਮੈਨੂੰ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲੇਗਾ ਜਿਸ ਵਿੱਚ ਸਟੋਰੀ – ਟੈਲਿੰਗ ਹੋਵੇ ਤਾਂ ਮੈਂ ਉਹ ਸਾਰੇ ਕੰਮ ਕਰਨੇ ਚਾਹਾਂਗੀ। ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਜਦੋਂ 90 ਸਾਲ ਦੀ ਵੀ ਹੋ ਜਾਵਾਂ ਤਾਂ ਮੈਂ ਹਮੇਸ਼ਾਂ ਕੰਮ ਕਰਦੀ ਰਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਇਸ ਦੁਨੀਆਂ ਨੂੰ ਬਾਏ ਬੋਲਾਂ ਤਾਂ ਇੱਕ ਫ਼ਿਲਮ ਦੇ ਸੈਟ ਤੋਂ ਹੀ ਬੋਲਾਂ।
ਤੁਸੀਂ ਅਜੇ 23 ਸਾਲ ਦੇ ਹੀ ਹੋ, ਪਰ 90 ਸਾਲ ਦੀ ਉਮਰ ਤਕ ਕੰਮ ਕਰਨਾ ਚਾਹੁੰਦੇ ਹੋ। ਅਜਿਹਾ ਕਿਉਂ ?
-ਕਿਉਂਕਿ ਮੈਂ ਹਮੇਸ਼ਾਂ ਤੋਂ ਅਭਿਨੇਤਰੀ ਹੀ ਬਣਨਾ ਚਾਹੁੰਦੀ ਸੀ ਅਤੇ ਬਣ ਵੀ ਗਈ। ਕਿਉਂਕਿ ਮੈਨੂੰ ਅਦਾਕਾਰੀ ਕਰਨੀ ਪਸੰਦ ਹੈ, ਇਸ ਲਈ ਚਾਹੁੰਦੀ ਹਾਂ ਕਿ ਆਪਣੇ ਆਖਰੀ ਸਾਹ ਤਕ ਸਿਰਫ਼ ਫ਼ਿਲਮਾਂ ਵਿੱਚ ਹੀ ਕੰਮ ਕਰਦੀ ਰਹਾਂ। ਇਹੀ ਵਜ੍ਹਾ ਹੈ ਕਿ ਮੇਰੀ ਚਾਹਤ ਹੈ ਕਿ ਮੈਂ ਜਦੋਂ 90 ਸਾਲ ਦੀ ਵੀ ਹੋ ਜਾਵਾਂ ਤਾਂ ਵੀ ਫ਼ਿਲਮਾਂ ਦੇ ਸੈਟ ਉੱਤੇ ਜਾਵਾਂ ਅਤੇ ਮੇਰੀ ਮੌਤ ਵੀ ਕਿਸੇ ਫ਼ਿਲਮ ਦੇ ਸੈਟ ਉੱਤੇ ਹੀ ਹੋਵੇ।
ਤੁਸੀਂ ਅੱਜ ਇੱਕ ਕਾਮਯਾਬ ਅਭਿਨੇਤਰੀ ਹੋ। ਸਟਾਰਡਮ ਨੂੰ ਕਿੰਨਾ ਮਾਣ ਰਹੇ ਹੋ ?
– ਮੈਂ ਚਾਹੁੰਦੀ ਹਾਂ ਕਿ ਮੈਨੂੰ ਆਪਣੇ ਸਟਾਰਡਮ ਦਾ ਅਹਿਸਾਸ ਜਿੰਨਾ ਘੱਟ ਹੋਵੇ, ਓਨਾ ਹੀ ਚੰਗਾ ਹੈ। ਵਰਨਾ ਕਾਮਯਾਬੀ ਮੇਰੇ ਸਿਰ ਚੜ੍ਹ ਜਾਵੇਗੀ। ਮੈਂ ਇੱਕ ਆਮ ਕੁੜੀ ਹਾਂ ਅਤੇ ਉਹੀ ਬਣੀ ਰਹਿਣਾ ਚਾਹੁੰਦੀ ਹਾਂ। ਸੱਚ ਕਹਾਂ, ਤਾਂ ਸੈਲੇਬ੍ਰਿਟੀ ਰੁਤਬਾ ਮਿਲਦੇ ਹੀ ਆਮ ਜ਼ਿੰਦਗੀ ਜਿਊਣ ਦਾ ਮਜ਼ਾ ਚਲਾ ਜਾਂਦਾ ਹੈ। ਮੈਨੂੰ ਲੱਗਦਾ ਹੈ ਤੁਸੀਂ ਆਪਣੇ ਰੁਤਬੇ ਨੂੰ ਲੈ ਕੇ ਜਿੰਨੇ ਘੱਟ ਜਾਗਰੂਕ ਹੋਵੋਗੇ, ਉੱਨਾ ਹੀ ਚੰਗਾ ਹੈ।
ਤੁਹਾਡੇ ਇਰਦ – ਗਿਰਦ ਤੁਹਾਨੂੰ ਚਾਹੁਣ ਵਾਲੇ ਤੁਹਾਨੂੰ ਇੰਕ ਸਟਾਰ ਹੋਣ ਦਾ ਅਹਿਸਾਸ ਦਿਵਾਉਂਦੇ ਰਹਿੰਦੇ ਹਨ। ਤਾਂ ਵੀ ਤੁਹਾਡੇ ਰਵੱਈਏ ਵਿੱਚ ਤਬਦੀਲੀ ਨਹੀਂ ਆਈ?
– ਨਹੀਂ, ਵੇਖੋ ਮੈਂ ਕੋਈ ਪਰੀਆਂ ਦੇ ਦੇਸ਼ ਤੋਂ ਇੱਥੇ ਨਹੀਂ ਆਈ ਹਾਂ। ਮੈਂ ਵੀ ਇੱਕ ਆਮ ਨਾਗਰਿਕ ਹੀ ਹਾਂ ਅਤੇ ਫ਼ਿਲਮੀ ਪਰਦੇ ਤੋਂ ਬਾਹਰ ਵੀ ਮੈਂ ਇੱਕ ਸਾਧਾਰਨ ਕੁੜੀ ਦੀ ਤਰ੍ਹਾਂ ਹੀ ਰਹਿੰਦੀ ਹਾਂ। ਇਹ ਵੀ ਠੀਕ ਹੈ ਕਿ ਬਹੁਤ ਸਾਰੇ ਅਭਿਨੇਤਾ ਅਤੇ ਅਭਿਨੇਤਰੀਆਂ ਆਪਣੇ ਆਪ ਦੀ ਸਫ਼ਲਤਾ ਦਾ ਗਰੂਰ ਮਹਿਸੂਸ ਕਰਨ ਲੱਗਦੇ ਹਨ। ਮੇਰਾ ਮੰਨਣਾ ਹੈ ਤੁਸੀਂ ਜੇਕਰ ਸੀਨੀਅਰ ਹੋ ਜਾਂ ਜੂਨੀਅਰ ਤੁਹਾਨੂੰ ਦੂਜਿਆਂ ਦੀ ਇੱਜ਼ਤ ਕਰਨੀ ਆਉਣੀ ਚਾਹੀਦੀ ਹੈ। ਦੂਜਿਆਂ ਦੀ ਇੱਜ਼ਤ ਕਰਨ ਤੋਂ ਤੁਹਾਨੂੰ ਵਾਪਸ ਉਹੀ ਇੱਜ਼ਤ ਮਿਲਦੀ ਹੈ।
ਤੁਹਾਡੇ ਪਿਤਾ ਮਹੇਸ਼ ਭੱਟ ਨੇ ਤੁਹਾਡੇ ਲਈ ਹੁਣ ਤਕ ਕੋਈ ਫ਼ਿਲਮ ਨਹੀਂ ਬਣਾਈ। ਅਜਿਹਾ ਕਿਉਂ ?
– ਸਬਰ ਰੱਖੋ, ਅਜਿਹਾ ਜ਼ਰੂਰ ਹੋਵੇਗਾ। ਮੈਨੂੰ ਉਮੀਦ ਹੈ ਕਿ ਇੱਕ ਦਿਨ ਉਹ ਦਿਨ ਆਏਗਾ ਜਦੋਂ ਮੇਰੇ ਪਿਤਾ ਮੇਰੇ ਲਈ ਵੀ ਫ਼ਿਲਮ ਬਣਾਉਣਗੇ। ਹਾਲਾਂਕਿ, ਮੇਰੇ ਪਿਤਾ ਕਹਿੰਦੇ ਹਨ ਕਿ ਉਹ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੈਂ ਇੱਕ ਸਟਾਰ ਬਣ ਗਈ ਹਾਂ। ਫ਼ਿਲਮ ਇੰਡਸਟਰੀ ਵਿੱਚ ਮੈਂ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਜਦੋਂ ਕਿ ਮੇਰੇ ਪਿਤਾ ਹਮੇਸ਼ਾਂ ਨਵੇਂ ਅਤੇ ਘੱਟ ਪਛਾਣ ਵਾਲੇ ਕਲਾਕਾਰਾਂ ਨਾਲ ਫ਼ਿਲਮ ਬਣਾਉਣ ਨੂੰ ਪਹਿਲ ਦਿੰਦੇ ਹਨ। ਇਸ ਵਜ੍ਹਾ ਤੋਂ ਉਨ੍ਹਾਂ ਨੂੰ ਸਟਾਰ ਮੇਕਰ ਕਿਹਾ ਜਾਂਦਾ ਹੈ।
ਆਪਣੇ ਪਿਤਾ ਤੋਂ ਇਲਾਵਾ ਹੋਰ ਕਿਸ ਫ਼ਿਲਮਸਾਜ਼ ਨਾਲ ਕੰਮ ਕਰਨਾ ਚਾਹੁੰਦੇ ਹੋ?
– ਹਾਂ, ਮੈਂ ਵੱਖ ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣਾ ਚਾਹੁੰਦੀ ਹਾਂ, ਇਸ ਲਈ ਨਿਤੇਸ਼ ਤਿਵਾਰੀ ਨਾਲ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਉਨ੍ਹਾਂ ਦੀ ਫ਼ਿਲਮ ‘ਦੰਗਲ’ ਕਾਫ਼ੀ ਪਸੰਦ ਆਈ ਸੀ। ਹਾਲਾਂਕਿ, ਮੈਂ ਹੁਣ ਤਕ ਕਿਸੇ ਬਾਇਓਪਿਕ ਵਿੱਚ ਕੰਮ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਐਕਸ਼ਨ ਫ਼ਿਲਮ ਵਿੱਚ ਨਜ਼ਰ ਆਈ ਹਾਂ। ਇਸ ਲਈ ਹੁਣ ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਦੀ ਹਾਂ।
ਹੁਣ ਤੁਹਾਨੂੰ ਗੰਭੀਰ ਅਭਿਨੇਤਰੀ ਮੰਨਿਆ ਜਾ ਰਿਹਾ ਹੈ। ਕੀ ਆਪਣੇ ਆਪ ਨੂੰ ਤੁਸੀਂ ਗੰਭੀਰ ਅਭਿਨੇਤਰੀ ਮੰਨਦੇ ਹੋ?
– ਮੈਨੂੰ ਲੱਗਦਾ ਹੈ ਕਿ ਮੇਰੀ ਅਜੇ ਸ਼ੁਰੂਆਤ ਹੈ। ਮੈਨੂੰ ਬਹੁਤ ਕੁਝ ਸਿੱਖਣਾ ਹੈ। ਅਜੇ ਤਾਂ ਮੈਂ ਪਹਿਲੀ ਪੌੜੀ ਚੜ੍ਹੀ ਹੈ। ਉਂਜ ਵੀ ਆਪਣੇ ਆਪ ਨੂੰ ਜੱਜ ਨਹੀਂ ਕੀਤਾ ਜਾ ਸਕਦਾ। ਇਹ ਸੱਚ ਹੈ ਕਿ ਮੇਰੇ ਖਾਤੇ ਵਿੱਚ ਮਸਾਲਾ ਤੋਂ ਲੈ ਕੇ ਗੰਭੀਰ ਹਿੱਟ ਫ਼ਿਲਮਾਂ ਵੀ ਹਨ, ਪਰ ਇਸ ਦੇ ਬਾਵਜੂਦ ਮੈਂ ਹੁਣ ਆਪਣੇ ਆਪ ਨੂੰ ਪ੍ਰੋੜ ਨਹੀਂ ਮੰਨਦੀ ਹਾਂ। ਉਂਜ, ਸ਼ਕਲ ਤੋਂ ਸ਼ਾਇਦ ਅੱਜ ਵੀ ਬੱਚੀ ਹੀ ਲੱਗਦੀ ਹਾਂ।
ਪਰਦੇ ਉੱਤੇ ਤੁਸੀਂ ਕਈ ਵਾਰ ਦੁਲਹਨ ਬਣ ਚੁੱਕੇ ਹੋ,ਪਰ ਅਸਲ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਵਿਆਹ ਕਰਨਾ ਪਸੰਦ ਕਰੋਗੇ?
– ਕਿਉਂਕਿ ਮੈਨੂੰ ਹੋ- ਹੱਲਾ ਪਸੰਦ ਨਹੀਂ ਹੈ। ਇਸ ਲਈ ਮੈਂ ਕੋਰਟ ਵਿਆਹ ਹੀ ਕਰਨਾ ਪਸੰਦ ਕਰਾਂਗੀ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਇੱਕ ਛੋਟੀ ਜਿਹੀ ਸ਼ਾਂਤ ਪਾਰਟੀ ਦੇਵਾਂਗੀ। ਵਿਆਹ ਕਦੋਂ ਹੋਵੇਗਾ, ਇਹ ਬਹੁਤ ਵੱਡਾ ਸਵਾਲ ਹੈ। ਮੈਨੂੰ ਵਿਆਹ ਕਰਕੇ ਆਪਣਾ ਪਰਿਵਾਰ ਵੀ ਚਾਹੀਦਾ ਹੈ। ਇਸ ਲਈ ਵਿਆਹ ਤਾਂ ਜ਼ਰੂਰ ਕਰਾਂਗੀ, ਪਰ ਅਜੇ ਉਸ ਵਿੱਚ ਕਾਫ਼ੀ ਸਮਾਂ ਹੈ। ਫ਼ਿਲਹਾਲ ਮੈਂ ਚੰਗੇ ਕਿਰਦਾਰ ਨਿਭਾਉਣੇ ਹਨ ਅਤੇ ਇੱਕ ਵਧੀਆ ਐਕਸ਼ਨ ਫ਼ਿਲਮ ਕਰਨੀ ਹੈ। ਕੋਈ ਚੰਗਾ ਐਕਸ਼ਨ ਕਿਰਦਾਰ ਮਿਲੇ ਤਾਂ ਲੱਗੇਗਾ ਜਿਵੇਂ ਮੇਰੀ ਦਿਲੀ ਖਾਹਸ਼ ਪੂਰੀ ਹੋ ਗਈ ਹੈ।
ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਸਦੇ ਪਤੀ ਵਿੱਚ ਪਿਤਾ ਵਾਲਾ ਗੁਣ ਹੋਵੇ। ਤੁਹਾਡਾ ਕੀ ਖਿਆਲ ਹੈ ?
– ਨਹੀਂ , ਮੈਂ ਨਹੀਂ ਚਾਹੁੰਦੀ ਕਿ ਮੇਰਾ ਪਤੀ ਮੇਰੇ ਪਿਤਾ ਦੀ ਤਰ੍ਹਾਂ ਹੋਵੇ। ਹਾਲਾਂਕਿ, ਮੇਰੇ ਪਿਤਾ ਬਹੁਤ ਚੰਗੇ ਹਨ ਅਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਵੀ ਕਰਦੀ ਹਾਂ। ਉਹ ਇਨਸਾਨ ਦੇ ਤੌਰ ਉੱਤੇ ਕਾਫ਼ੀ ਸ਼ਾਨਦਾਰ ਅਤੇ ਕਾਫ਼ੀ ਵਿਦਵਾਨ ਹਨ। ਅਸੀਂ ਹੁਣ ਦੋਸਤ ਬਣ ਚੁੱਕੇ ਹਾਂ ਅਤੇ ਇੱਕ- ਦੂਜੇ ਨਾਲ ਕਾਫ਼ੀ ਗੱਲਾਂ ਕਰਦੇ ਹਾਂ, ਪਰ ਮੈਂ ਆਪਣੇ ਪਤੀ ਵਿੱਚ ਪਾਪਾ ਦੀ ਕਵਾਲਿਟੀ ਕਦੇ ਵੀ ਨਹੀਂ ਚਾਹੁੰਦੀ ਕਿਉਂਕਿ ਮੇਰੀ ਜ਼ਿੰਦਗੀ ਲਈ ਇੱਕ ਮਹੇਸ਼ ਭੱਟ ਹੀ ਕਾਫ਼ੀ ਹੈ। ਮੈਂ ਦੋ ਮਹੇਸ਼ ਭੱਟ ਨਹੀਂ ਰੱਖ ਸਕਦੀ। ਦਰਅਸਲ, ਮੇਰੇ ਲਈ ਰਿਸ਼ਤੇ ਵਿੱਚ ਸਨਮਾਨ ਬੇਹੱਦ ਜ਼ਰੂਰੀ ਹੈ। ਇਹ ਵਿਸ਼ਵਾਸ ਅਤੇ ਪਿਆਰ ਦੇ ਬਰਾਬਰ ਹੈ। ਵਿਸ਼ਵਾਸ ਇੱਜ਼ਤ ਉੱਤੇ ਬਣਦਾ ਹੈ ਅਤੇ ਪਿਆਰ ਇਨ੍ਹਾਂ ਦੋਨਾਂ ਦੇ ਸੰਤੁਲਨ ਉੱਤੇ। .