ਲੰਡਨ: ਬਰਤਾਨੀਆ ਦੇ 6 ਫ਼ੁੱਟ 6 ਇੰਚ ਕੱਦ-ਕਾਠ ਵਾਲੇ ਹੈਵੀਵੇਟ ਮੁੱਕੇਬਾਜ਼ ਐਂਥਨੀ ਜੋਸ਼ੂਆ ਦਾ ਖੇਡ ਕਰੀਅਰ ਬਹੁਤ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਓਲੰਪੀਅਨ ਮੁੱਕੇਬਾਜ਼ ਐਂਥਨੀ ਜੋਸ਼ੂਆ ਦਾ ਜਨਮ ਨਾਇਜੀਰੀਅਨ ਮੂਲ ਦੀ ਮਾਂ ਯੇਟਾ ਓਡੂਸਾਨੀਆ ਦੀ ਕੁੱਖੋਂ ਅਕਤੂਬਰ 15, 1989 ਵਿੱਚ ਇੰਗਲੈਂਡ ਦੇ ਸਿਟੀ ਹਰਟਫ਼ੋਰਡਸ਼ਾਇਰ ਵਿੱਚ ਹੋਇਆ। ਉਸ ਦਾ ਪਿਤਾ ਰਾਬਰਟ ਬਰਤਾਨੀਆ ਦਾ ਮੂਲ ਨਿਵਾਸੀ ਹੈ। ਜੋਸ਼ੂਆ ਦਾ ਪੂਰਾ ਨਾਂ ਐਥਨੀ ਓਲੂਵਾਫ਼ੇਮੀ ਓਲਾਸੇਨੀ ਜੋਸ਼ੂਆ ਹੈ। ਜੋਸ਼ੂਆ ਦਾ ਮੁੱਢਲਾ ਜੀਵਨ ਨਾਇਜੀਰੀਆ ਵਿੱਚ ਗੁਜ਼ਰਿਆ। ਫ਼ੁਟਬਾਲ ਖੇਡ ਉੱਤੇ ਚੰਗੀ ਪਕੜ ਰੱਖਣ ਕਰਕੇ ਸਕੂਲੀ ਟੀਚਰ ਅਤੇ ਕਲਾਸਮੇਟ ਜੋਸ਼ੂਆ ਨੂੰ ਨਿੱਕ ਨਾਮ ‘ਫ਼ੇਮੀ’ ਨਾਲ ਸੱਦਿਆ ਕਰਦੇ ਸਨ। ਸਕੂਲ ਵਿੱਚ ਫ਼ੁਟਬਾਲ ਖੇਡਣ ਤੋਂ ਇਲਾਵਾ ਜੋਸ਼ੂਆ ਰੇਸਰ ਵੀ ਸੀ, ਜਿਸ ਨੇ ਸਕੂਲ ਵਿੱਚ ਨੌਂ ਸਾਲ ਉਮਰ ਵਰਗ ‘ਚ 100 ਮੀਟਰ ਦੌੜ ‘ਚ 11.6 ਸੈਕਿੰਡ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਪਰਿਵਾਰਕ ਗੁਰਬਤ ਕਾਰਨ ਜੋਸ਼ੂਆ ਨੂੰ ਪੜ੍ਹਾਈ ਦੇ ਨਾਲ-ਨਾਲ ਮਜ਼ਦੂਰੀ ਵਜੋਂ ਮਕਾਨ ਬਣਾਉਣ ਲਈ ਮਿਸਤਰੀਪੁਣਾ ਵੀ ਕਰਨਾ ਪਿਆ ਪਰ ਗਰੀਬੀ ਤੋਂ ਛੁਟਕਾਰਾ ਨਾ ਮਿਲਣ ਕਾਰਨ ਜੋਸ਼ੂਆ ਨੇ ਆਰਥਿਕ ਤੰਗੀ ਦੂਰ ਕਰਨ ਲਈ ਡਰੱਗ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਲੰਡਨ ਓਲੰਪਿਕ ਤੋਂ ਕਰੀਬ ਇੱਕ ਸਾਲ ਪਹਿਲਾਂ ਮਾਰਚ-2011 ਵਿੱਚ ਜੋਸੂਆ ਨੂੰ ਨੌਰਥ ਲੰਡਨ ਪੁਲਿਸ ਵੱਲੋਂ ਬੀ ਕਲਾਸ ਡਰੱਗ ਦੀ ਸਪਲਾਈ ਕਰਨ ਸਦਕਾ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਸ ਦੀ ਮਰਸਡੀਜ਼ ਬੈਜ਼ ‘ਚ ਰੱਖੇ ਸਪੋਰਟਸ ਬੈਗ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਯੂਕੇ ਦੇ ਕਾਨੂਨੀ ਪੱਖ ਤੋਂ ਡਰੱਗਸ ਸਪਲਾਈ ਦੇ ਦੋਸ਼ ‘ਚ ਉਸਨੂੰ ਨੂੰ ਘੱਟੋ-ਘੱਟ 14 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਸੀ ਪਰ ਪੁਲਿਸ ਨੂੰ ਪੜਤਾਲ ਕਰਨ ਤੋਂ ਜਦੋਂ ਪਤਾ ਲੱਗਿਆ ਕਿ ਜੋਸ਼ੂਆ ਵਿਸ਼ਵ ਪੱਧਰ ਦਾ ਮੁੱਕੇਬਾਜ਼ ਹੈ ਤਾਂ ਖੇਡ ਕਰੀਅਰ ਨੂੰ ਵੇਖਦਿਆਂ ਨੌਰਥ ਲੰਡਨ ਪੁਲਿਸ ਵੱਲੋਂ ਜੋਸ਼ੂਆ ਨਾਲ ਨਰਮੀ ਵਰਤੀ ਗਈ। ਕਰਾਊਨ ਕੋਰਟ ਵੱਲੋਂ ਮੁੱਕੇਬਾਜ਼ ਜੋਸ਼ੂਆ ਨੇ ਇਸ ਮਾਮਲੇ ‘ਚ ਇੱਕ ਸਾਲ ਸਮਾਜ ਸੇਵਾ ਕਰਨ ਤੋਂ ਇਲਾਵਾ ਬਿਨਾਂ ਤਨਖਾਹ ਤੋਂ 100 ਘੰਟੇ ਕੰਮ ਕਰਨ ਦੀ ਮਾਮੂਲੀ ਸਜ਼ਾ ਦਿੱਤੀ ਗਈ। ਜੋਸ਼ੂਆ ਨੇ ਪੁਲਿਸ ਦੇ ਆਲਾ ਅਧਿਕਾਰੀ ਸਾਹਮਣੇ ਵਾਅਦਾ ਕੀਤਾ ਸੀ ਕਿ ਅਗਾਂਹ ਤੋਂ ਉਹ ਚੰਗਾ ਇਨਸਾਨ ਬਣ ਕੇ ਆਪਣਾ ਸਾਰਾ ਧਿਆਨ ਖੇਡਾਂ ਉੱਤੇ ਕੇਂਦਰਿਤ ਕਰੇਗਾ। ਸੰਸਾਰ ਮੁੱਕੇਬਾਜ਼ੀ ਦੇ ਹਲਕਿਆਂ ਵਿੱਚ ਏਜੇ ਦੇ ਨਿੱਕ ਨਾਮ ਨਾਲ ਪ੍ਰਸਿੱਧ ਜੋਸ਼ੂਆ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣ ਕੇ ਲੰਡਨ ਪੁਲਿਸ ਨਾਲ ਕੀਤਾ ਵਾਅਦਾ ਤੋੜ ਨਿਭਾਉਣ ‘ਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਜੋਸ਼ੂਆ ਨੂੰ ਥੋੜ੍ਹਚਿਰੀ ਮੁਅੱਤਲੀ ਤੋਂ ਬਾਅਦ ਕੌਮੀ ਟੀਮ ਨਾਲ ਲੰਡਨ-2012 ਓਲੰਪਿਕ ਖੇਡਣ ਲਈ ਟਰਾਈਲਾਂ ਵਿੱਚ ਸ਼ਾਮਲ ਕੀਤਾ ਗਿਆ। ਲਗਨ ਨਾਲ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਉਸ ਨੇ ਲੰਡਨ ਓਲੰਪਿਕ ਲਈ ਕੁਆਲੀਫ਼ਾਈ ਕਰਕੇ ਆਪਣੇ ਉੱਤੇ ਲੱਗੇ ਡਰੱਗ ਤਸਕਰੀ ਦੇ ਦਾਗ ਨੂੰ ਕੁਝ ਹੱਦ ਤੱਕ ਸਾਫ਼ ਕਰਨ ‘ਚ ਸਫ਼ਲਤਾ ਹਾਸਲ ਕੀਤੀ।