ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬਾ ਅਰਜਨ ਸਿਉਂ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਚੜ੍ਹਿਆਇਆ ਬਈ ਈਦ ਦਾ ਚੰਦ। ਪਤੰਦਰਾ ਹੁਣ ਤਾਂ ਸੱਥ ਦੇ ਉੱਠਣ ਦਾ ਵੇਲਾ ਹੋ ਗਿਆ, ਤੂੰ ਹੱਦ ਈ ਕਰ ‘ਤੀ। ਹੁਣ ਤੱਕ ਕੀ ਕਰਦਾ ਰਿਹਾ ਘਰੇ ਬੈਠਾ?”
ਸੀਤੇ ਮਰਾਸੀ ਨੇ ਵੀ ਦਾਗਿਆ ਫ਼ਿਰ ਟਿੱਚਰ ਦਾ ਗੋਲ਼ਾ। ਬਾਬੇ ਅਰਜਨ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਪਤੰਦਰ ਮੂੰਹ ਨੇਰ੍ਹੇ ਈ ਆ ਗਿਆ।”
ਮਰਾਸੀ ਦੇ ਮੂੰਹੋਂ ਮਖੌਲ ਸੁਣ ਕੇ ਨਾਥਾ ਅਮਲੀ ਸੀਤੇ ਮਰਾਸੀ ਨੂੰ ਕਹਿੰਦਾ, ”ਬੈਠਾ ਰਹਿ ਓਏ ਚਮਗਿੱਦੜਾ ਜਿਆ, ਜਿੱਦਣ ਸੋਡੇ ਘਰੇ ਚੋਰੀ ਹੋਈ ਸੀ ਓਦਣ ਮੂੰਹ ਨੇਰ੍ਹਾ ਤੇਰਾ ਕਿੱਧਰ ਗਿਆ ਸੀ ਓਏ। ਮੈਂ ਤਾਂ ਹਜੇ ਸੱਥ ‘ਚ ਆ ਈ ਗਿਆਂ, ਤੁਸੀਂ ਪਿਉ ਪੁੱਤ ਡੂਢ ਮਹੀਨਾ ਨ੍ਹੀ ਸੀ ਅੰਦਰੋ ਨਿੱਕਲੇ ਬਈ ਲੋਕਾਂ ਨੂੰ ਕੀ ਦੱਸਾਂਗੇ ਬਈ ਚੋਰ ਕੀ ਕੁਸ ਲੈਗੇ?”
ਬੁੱਘਰ ਦਖਾਣ ਵੀ ਸੀਤੇ ਮਰਾਸੀ ‘ਤੇ ਹੀ ਵਰ੍ਹ ਗਿਆ, ”ਕੀ ਕੁਸ ਲਜਾਣ ਨੂੰ ਮਰਾਸੀਆਂ ਦੇ ਹੁੰਦਾ ਵੀ ਕੀ ਐ ਅਮਲੀਆ। ਅਗਲੇ ਰਾਤ ਨੂੰ ਫ਼ਰੋਲ ਫ਼ਰਾਲ ਕੇ ਮੁੜਗੇ ਹੋਣਗੇ, ਨਾਲੇ ਕੱਢੀਆਂ ਹੋਣੀਆਂ ਪੰਜਾਹ ਗਾਲਾਂ ਬਈ ਸਾਲੇ ਨੰਗਾਂ ਦਿਉਂ ਡੱਕਾ ਮਨ੍ਹੀ ਥਿਆਇਆ।”
ਮਾਹਲਾ ਨੰਬਰਦਾਰ ਕਹਿੰਦਾ, ”ਕੋਈ ਭਾਂਡਾ ਟੀਂਡਾ ਤਾਂ ਹੋਣਾ ਈਂ ਐਂ। ਉਹ ਨ੍ਹੀ ਲੈ ਕੇ ਗਏ ਬਈ?”
ਨਾਥਾ ਅਮਲੀ ਫ਼ੇਰ ਚੜ੍ਹ ਗਿਆ ਰਾਸ਼ਨ ਲੈ ਕੇ। ਕਹਿੰਦਾ, ”ਭਾਂਡਾ ਟੀਡਾ ਕੀ ਕਰਨਾ ਸੀ ਚੋਰਾਂ ਨੇ, ਉਹ ਤਾਂ ਆਹ ਰੈਂਗਲਾ ਜਾ ਭਾਲਦੇ ਹੋਣੇ ਐਂ ਜਿਹੜਾ ਮਰਾਸੀ ਕੱਛ ‘ਚ ਲੈ ਕੇ ਮੰਗਣ ਚੜ੍ਹ ਜਾਂਦੇ ਐ। ਚੋਰਾਂ ਨੂੰ ਉਹ ਥਿਆਇਆ ਨ੍ਹੀ, ਅਗਲੇ ਨੇਫ:ੇ ਤੋਂ ਪਾਟੇ ਸੁੱਥੂ ਅਰਗਾ ਢਿੱਲਾ ਜਾ ਮੂੰਹ ਲੈ ਕੇ ਇਉਂ ਮੁੜਗੇ ਹੋਣੇ ਐ ਜਿਮੇਂ ਆਪਣੇ ਪਿੰਡ ਆਲੇ ਪਸ਼ੌਰੇ ਗੱਜਣ ਕਿਆਂ ਨੂੰ ਮੋੜਿਆ ਸੀ ਮੁੰਡਾ ਵਿਆਹੁਣ ਗਿਆ ਨੂੰ।”
ਪਿਸ਼ੌਰੇ ਗੱਜਣ ਕਿਆਂ ਦੇ ਮੁੰਡੇ ਦੇ ਵਿਆਹ ਦੀ ਗੱਲ ਸੁਣ ਕੇ ਭਾਨੇ ਕੇ ਜੱਸੇ ਨੇ ਬਾਬੇ ਅਰਜਨ ਸਿਉਂ ਨੂੰ ਪੁੱਛਿਆ, ”ਕਿਉਂ ਬਾਬਾ! ਕਹਿੰਦੇ ਤੂੰ ਵੀ ਪਸ਼ੌਰੇ ਗੱਜਣ ਕੇ ਮੁੰਡੇ ਦੀ ਜੰਨ ਚੜ੍ਹਿਆ ਸੀ ਹੈਂਅ। ਤੈਨੂੰ ਤਾਂ ਪਤਾ ਈ ਹੋਣਾ ਬਈ ਮੂਹਰਲਿਆਂ ਨੇ ਕਾਹਤੋਂ ਨ੍ਹੀ ਕੁੜੀ ਤੋਰੀ ਸੀ?”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਇਹ ਜਾਨੀ ਬਗਰੋਟਾ ਮੰਗਦੇ ਹੋਣੇ ਐ, ਅਗਲੇ ਸੋਫ਼ੀਆਂ ਦਾ ਲਾਣਾ ਕਹਾਉਂਦੇ ਹੋਣੇ ਐ। ਉਹ ਕਹਿੰਦੇ ਹੋਣੇ ਐ ਬਈ ਅਸੀ ਨ੍ਹੀ ਮੀਟ ਮੂਟ ਦੇ ਸਕਦੇ। ਇਹ ਕਹਿੰਦੇ ਹੋਣੇ ਐ ਰਾਜਸਥਾਨੀ ਬੱਕਰੇ ਦਾ ਮੀਟ ਚਾਹੀਦਾ। ਅਗਲਿਆਂ ਨੇ ਮਾਰ ਮਾਰ ਘੈਂਸਲੇ ਹੱਡ ਪੋਲੇ ਕਰ ਕੇ ਮੋੜੇ ਹੋਣੇ ਐ।”
ਨਾਥਾ ਅਮਲੀ ਕਹਿੰਦਾ, ”ਅਗਲਿਆਂ ਨੇ ਜੰਨ ਕਾਹਦੀ ਮੋੜੀ ਸੀ ਹਜੇ ਤੱਕ ਨ੍ਹੀ ਮੁੰਡੇ ਦਾ ਵਿਆਹ ਹੋਇਆ। ਨਾਲੇ ਹੁਣ ਕੀਹਨੇ ਦੇਣਾ ਡੋਲਾ। ਪੰਜਾਹਮਿਆਂ ਨੂੰ ਤਾਂ ਟੱਪਿਆ ਪਿਆ। ਪਹਿਲਾਂ ਉਨ੍ਹਾਂ ਫ਼ੱਤੂ ਢੀਂਗਾ ਕਹਿੰਦੇ ਹੁੰਦੇ ਸੀ। ਜਦੋਂ ਜੰਨ ਖ਼ਾਲੀ ਮੁੜ ਕੇ ਆ ਗੀ ਸੀ ਉਦੋਂ ਉਹਨੂੰ ਜੰਨ ਆਲਾ ਫ਼ੱਤੂ ਕਹਿਣ ਲੱਗਗੇ। ਹੁਣ ਜਦੋਂ ਵਿਆਹ ਦੀ ਉਮਰੋਂ ਨੰਘ ਗਿਆ, ਹੁਣ ਛੜਾ ਫ਼ੱਤੂ ਕਹਿਣ ਲੱਗ ਗੇ।”
ਸੀਤਾ ਮਰਾਸੀ ਕਹਿੰਦਾ, ”ਹੁਣ ਤਾਂ ਇਉਂ ਢਿੱਲੜ ਜਾ ਹੋਇਆ ਪਿਆ ਜਿਮੇਂ ਕੱਦੂਆਂ ਦੀ ਵੱਲ ‘ਚ ਫ਼ੂਕ ਨਿਕਲੀ ਆਲਾ ਅਧ ਫ਼ੁੱਲਿਆ ਜਾ ਬੁਲ੍ਹਬਲ੍ਹਾ ਪਿਆ ਹੁੰਦਾ। ਜੇ ਬਹਿ ਜੂ ਪਤੰਦਰ ਤੋਂ ਛੇਤੀ ਉੱਠਿਆ ਨ੍ਹੀ ਜਾਂਦਾ, ਜੇ ਉੱਠ ਪੈਂਦਾ ਤਾਂ ਕਿਤੇ ਖੜ੍ਹਦਾ ਖੜੋਂਦਾ ਨ੍ਹੀ। ਸਾਰੀ ਦਿਹਾੜੀ ਪਿੰਡ ‘ਚ ਇਉਂ ਤੁਰਿਆ ਫ਼ਿਰੂ ਜਿਮੇਂ ਪਿੰਡ ਦਾ ਚੌਂਕੀਦਾਰਾ ਲੈ ਲਿਆ ਹੁੰਦਾ।”
ਮਾਹਲੇ ਨੰਬਰਦਾਰ ਨੇ ਵੀ ਮਰਾਸੀ ਤੇ ਅਮਲੀ ਦੀ ਗੱਲ ਸੁਣ ਕੇ ਬਾਬੇ ਅਰਜਨ ਸਿਉਂ ਨੂੰ ਹਲੂਣਿਆ, ”ਕਿਉਂ ਅਰਜਨ ਸਿਆਂ! ਆਹ ਜੱਸੇ ਨੇ ਵੀ ਕੁਸ ਪੁੱਛਿਆ ਸੀ ਤੈਥੋਂ। ਇਹਦੀ ਤਾਂ ਵਚਾਰੇ ਦੀ ਗੱਲ ਵਿੱਚੇ ਈ ਰਹਿ ਗੀ ਆਪਾਂ ਹੋਰ ਈ ਕਿੱਸਾ ਤੋਰ ਕੇ ਬਹਿ ਗੇ।”
ਬਾਬੇ ਅਰਜਨ ਸਿਉਂ ਨੇ ਪੁੱਛਿਆ, ”ਕੀ ਆਂਹਦਾ ਜੱਸਾ?”
ਬੁੱਘਰ ਦਖਾਣ ਕਹਿੰਦਾ, ”ਆਂਹਦਾ ਊਂਹਦਾ ਤਾਂ ਕੁਸ ਨ੍ਹੀ, ਪਰ ਪੁੱਛਦਾ ਤਾਂ ਇਉਂ ਐ ਬਈ ਤੂੰ ਵੀ ਪਸ਼ੌਰੇ ਗੱਜਣ ਕੇ ਮੁੰਡੇ ਦੀ ਜੰਨ ਗਿਆ ਸੀ, ਉਨ੍ਹਾਂ ਨੇ ਕੁੜੀ ਕਾਹਤੋਂ ਨ੍ਹੀ ਤੋਰੀ ਸੀ ਕੋਈ ਲੜਾਈ ਲੜੂਈ ਹੋ ਗੀ ਸੀ ਕੁ ਲੈਣ ਦੇਣ ਦਾ ਕੋਈ ਚੱਕਰ ਚੱਲ ਗਿਆ ਸੀ। ਆਹ ਗੱਲ ਪੁੱਛੀ ਸੀ ਜੱਸੇ ਨੇ ਤਾਂ।”
ਬਾਬਾ ਅਰਜਨ ਸਿਉਂ ਕਹਿੰਦਾ, ”ਕਾਹਨੂੰ ਲੜਾਈ ਲੜੂਈ ਹੋਈ ਸੀ। ਇਹ ਪਸ਼ੌਰੇ ਕੇ ਮੁੰਡੇ ਦੇ ਨੰਦ ਲੈਣ ਤੋਂ ਪਹਿਲਾਂ ਕਹਿੰਦੇ ਬਈ ਛੋਟੇ ਮੁੰਡੇ ਨੂੰ ਵੀ ਛੋਟੀ ਕੁੜੀ ਦਾ ਸਾਕ ਦਿਉ। ਇਨ੍ਹਾਂ ਦੇ ਵੀ ਅੱਜ ਨੰਦ ਪੜ੍ਹਾਉਣੇ ਐ। ਮੇਜਰ ਮੌੜ ਕਾ ਭੋਲਾ ਵਚੋਲਾ ਸੀ। ਭੋਲੇ ਨੂੰ ਪਸ਼ੌਰੇ ਕੇ ਕਹਿੰਦੇ ‘ਜੇ ਅੱਜ ਮੁੰਡੇ ਵਿਆਹ ਕੇ ਲੈ ਕੇ ਗਏ ਤਾਂ ਦੋਨੇਂ ਹੀ ਵਿਆਹ ਕੇ ਲਜਾਣੇ ਐਂ ਨਹੀਂ ਤਾਂ ਪਹਿਲੇ ਆਲਾ ਵੀ ਨ੍ਹੀ ਵਿਆਹੁਣਾ’। ਵਚੋਲੇ ਨੇ ਵੀ ਪਸ਼ੌਰੇ ਕਿਆ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝੇ। ਵੱਸ ਫ਼ੇਰ! ਕੁੜੀ ਆਲਿਆਂ ਨੇ ਰੈਂਗਲੇ ਲਏ ਚੱਕ, ਇੱਕ ਨੇ ਜਦੋਂ ਚੀਕ ਮਾਰ ‘ਤੀ ਤਾਂ ਸਾਰਾ ਪਿੰਡ ਈ ਜੰਨ ਨੂੰ ਇਉਂ ਟੁੱਟ ਕੇ ਪੈ ਗਿਆ ਜਿਮੇਂ ਪਿਛਲੇ ਸਾਲ ਬੇਰੀ ਆਲੇ ਚੌਂਕ ‘ਚ ਰਾਤ ਨੂੰ ਬੈਠੀ ਮੰਡ੍ਹੀਰ ਟਰੱਕ ਤੋਂ ਡਿੱਗੀ ਭੁੱਕੀ ਦੀ ਬੋਰੀ ਨੂੰ ਪੈ ਗੀ ਸੀ। ਕੰਜਰ ਦਿਆਂ ਨੇ ਨੌਹਾਂ ਨਾਲ ਪਾੜ ਕੇ ਊਈਂ ਖਲ੍ਹਾਰਤੀ ਜਿਮੇਂ ਪਸੂਆਂ ਨੇ ਖੁਰ ਵੱਢ ਕੀਤੀ ਹੁੰਦੀ ਐ। ਕੁੱਟ ਕੁੱਟ ਕੇ ਤੂੰਬੇ ਬਣਾ ‘ਤੇ। ਉਦੋਂ ਦੀ ਜੰਨ ਕੁੱਟੀ ਵੀ ਹਜੇ ਤੱਕ ਨ੍ਹੀ ਪਿੰਡ ਕੁਸਕਿਆ।”
ਨਾਥੇ ਅਮਲੀ ਨੇ ਪੁੱਛਿਆ, ”ਤੇਰੇ ਨਾਲ ਕਿਮੇਂ ਬੀਤੀ ਸੀ। ਉਹ ਦੱਸ ਬਾਬਾ ਤੂੰ।”
ਜੰਗੀਰਾ ਬੁੜ੍ਹਾ ਕਹਿੰਦਾ, ”ਅਰਜਨ ਸਿਉਂ ਤੇ ਮੇਰੇ ਸਣੇ ਤਿੰਨ ਚਾਰ ਜਣੇ ਹੋਰ ਆਪਣੇ ਪਿੰਡ ਆਲੇ ਬਲਬੀਰ ਭਾਊ ਦੀ ਕੁੜੀ ਦੇ ਘਰੇ ਪੱਤਲ ਦੇਣ ਗਏ ਵੇ ਸੀ। ਮਗਰੋਂ ਆਹ ਕੁੱਟ ਕਟਹਿਰੇ ਦਾ ਕੰਮ ਹੋ ਗਿਆ। ਸਾਨੂੰ ਤਾਂ ਮਗਰੋਂ ਪਤਾ ਲੱਗਿਆ ਜਦੋਂ ਪਿੰਡ ਦੇ ਸਪੀਕਰ ‘ਚ ਹੋਕਾ ਦਿੱਤਾ ਬਈ ਪਸ਼ੌਰੇ ਗੱਜਣ ਕਿਆਂ ਨੇ ਜੰਨ ਆਲੇ ਕੁੱਟ ‘ਤੇ।”
ਸੀਤਾ ਮਰਾਸੀ ਕਹਿੰਦਾ, ”ਸਪੀਕਰ ‘ਚੋਂ ਹੋਕਾ ਸੁਣ ਕੇ ਤੁਸੀਂ ਤਾਂ ਬਾਬਾ ਫ਼ਿਰ ਓਧਰੇ ਦੀ ਓਧਰ ਇਉਂ ਮੂੰਹ ਲਕੋ ਕੇ ਖਿਸਕ ਗੇ ਹੋਮੋਂਗੇ ਜਿਮੇਂ ਵਸਾਖੇ ਬੁੜ੍ਹੇ ਕਾ ਪੀਤਾ ਜੈਲੋ ਝਿਓਰੀ ਦੀ ਭੱਠੀ ਤੋਂ ਦਾਣੇ ਚੱਕ ਕੇ ਭੱਜ ਗਿਆ ਸੀ।”
ਪੀਤੇ ਦੀ ਗੱਲ ਸੁਣ ਕੇ ਮਦਨ ਪੰਡਤ ਕਹਿੰਦਾ, ”ਮੁੱਠੀ ਤਾਂ ਦਾਣੇ ਸੀ ਜਿਹੜੇ ਪੀਤਾ ਚੱਕ ਕੇ ਭੱਜਿਆ ਸੀ। ਉਹ ਵੀ ਉਹਦੇ ਮੂੰਹ ‘ਚ ਨ੍ਹੀ ਪਏ, ਉਹ ਵੀ ਮੱਘਰ ਲੁਹਾਰ ਦੇ ਘਰਾਸ ਤਕ ਜਾਂਦੇ ਦੇ ਈ ਡੁੱਲ੍ਹ ਗੇ ਸੀ।”
ਸੀਤਾ ਮਰਾਸੀ ਕਹਿੰਦਾ, ”ਪੀਤੇ ਨੇ ਕਦੇ ਕੋਈ ਸਿੱਧਾ ਵੀ ਕੰਮ ਕੀਤਾ ਕੁ ਨਹੀਂ। ਹਰੇਕ ਕੰਮ ‘ਚ ਘਾਟਾ ਈ ਖਾਧਾ। ਜਾਂ ਕੁੱਟ ਖਾਧੀ ਐ। ਪੀਤਾ ਭਾਮੇਂ ਪੜ੍ਹਿਆ ਲਿਖਿਆ ਤਾਂ ਬਹੁਤ ਸੀ ਪਰ ਨੋਕਰੀ ਨਾ ਮਿਲਣ ਕਰ ਕੇ ਪੀਤੇ ਕਾ ਬੁੜ੍ਹਾ ਉਹਨੂੰ ਕਿਸੇ ਆਵਦੇ ਕੰਮ ‘ਚ ਪਾਉਣਾ ਚਾਹੁੰਦਾ ਸੀ।”
ਮਰਾਸੀ ਦੀ ਗੱਲ ਨੂੰ ਵਿੱਚੋਂ ਟੋਕ ਕੇ ਨਾਥਾ ਅਮਲੀ ਬੋਲਿਆ, ”ਐਨਾ ਕਿੰਨਾਂ ਕੁ ਪੜ੍ਹਿਆ ਵਿਆ ਸੀ ਮੀਰ ਉਹੋ?”
ਮਰਾਸੀ ਕਹਿੰਦਾ, ”ਡਿੱਗਦਾ ਢਹਿੰਦਾ ਦਸਮੀਂ ਜਮਾਤ ਦੇ ਅਖੀਰ ਤਕ ਅੱਪੜ ਗਿਆ ਸੀ। ਇੰਤ ਤਿਹਾਨਾਂ ਤੋਂ ਪਹਿਲਾਂ ਈ ਬੁੜ੍ਹੇ ਨੇ ਬੱਸ ਅੱਡੇ ‘ਚ ਜਾਮਣਾਂ ਦੀ ਰੇੜ੍ਹੀ ਲੁਆ ‘ਤੀ ਸੀ।”
ਸੂਬੇਦਾਰ ਰਤਨ ਸਿਉਂ ਟਿੱਚਰ ‘ਚ ਕਹਿੰਦਾ, ”ਫ਼ੇਰ ਤਾਂ ਬਈ ਲੁਦੇਆਣੇ ਆਲੇ ਚੌੜੇ ਬਜਾਰ ‘ਚ ਰੇਖੀ ਕੱਪੜਾ ਸਟੋਰ ਦੇ ਬਰਾਬਰ ਦੀ ਹੱਟ ਪਾ ‘ਤੀ ਸੀ ਹੈਂਅ।”
ਨਾਥਾ ਅਮਲੀ ਸੂਬੇਦਾਰ ਨੂੰ ਕਹਿੰਦਾ, ”ਗਾਹਾਂ ਆਲੀ ਗੱਲ ਤਾਂ ਸੁਣ ਲਾ ਪੀਤੇ ਦੀ। ਰੇਹੜੀ ਤਾਂ ਪੀਤੇ ਨੇ ਜਰੂਰ ਲਾ ਲੀ ਸੀ, ਇਹ ਗੱਲ ਸੱਚੀ ਐ, ਪਰ ਇਉਂ ਤਾਂ ਪੁੱਛ ਲਾ ਬਈ ਜਾਮਣਾਂ ‘ਚੋਂ ਖੱਟਿਆ ਕੀ ਸੀ?”
ਬਾਬਾ ਅਰਜਨ ਸਿਉਂ ਕਹਿੰਦਾ, ”ਹਾਂ! ਇਹ ਗੱਲ ਦੱਸ ਤੂੰ ਅਮਲੀਆ ।”
ਅਮਲੀ ਹੱਥ ਤੇ ਹੱਥ ਮਾਰ ਕੇ ਹੱਸ ਕੇ ਕਹਿੰਦਾ, ”ਸਾਢੇ ਨੌ ਵੀਹਾਂ ਦੀ ਤਾਂ ਬੁੜ੍ਹੇ ਨੇ ਰੇਹੜੀ ਬਣਾ ਕੇ ਦਿੱਤੀ ਪੀਤੇ ਨੂੰ। ਚਾਰ ਵੀਹਾਂ ਦੀਆਂ ਜਾਮਣਾਂ ਲਿਆ ਕੇ ਦਿੱਤੀਆਂ। ਬੱਸਾਂ ਆਲੇ ਅੱਡੇ ‘ਚ ਲਾ ਕੇ ਰੇਹੜੀ, ਉੱਤੇ ਜਾਮਣਾਂ ਢੇਰੀ ਕਰ ਲੀਆਂ। ਜਦੋਂ ਜਾਮਣਾਂ ਆਲੀ ਬੋਰੀ ਰੇੜੀ ‘ਤੇ ਢੇਰੀ ਕੀਤੀ ਤਾਂ ਉਨ੍ਹਾਂ ‘ਚ ਤਿੰਨ ਚਾਰ ਕਾਲੇ ਭੂੰਡ ਨਿੱਕਲ ਆਏ। ਜਦੋਂ ਪੀਤਾ ਜਾਮਣਾਂ ਠੀਕ ਕਰਨ ਲੱਗਿਆ ਤਾਂ ਭੂੰਡ ਜਾਮਣਾਂ ਤੋਂ ਉੱਡ ਗੇ। ਪੀਤੇ ਨੇ ਸੋਚਿਆ ਬਈ ਕਿਤੇ ਜਾਮਣਾਂ ਈ ਉੱਡਣ ਲੱਗ ਗੀਆਂ। ਉਹ ਜਾਮਣਾਂ ਆਲੀ ਰੇੜ੍ਹੀ ਛੱਡ ਕੇ ਭੂੰਡਾਂ ਦੇ ਮਗਰ ਭੱਜ ਲਿਆ ਬਈ ਜਾਮਣਾਂ ਫ਼ੜ ਕੇ ਲਿਆਉਣਾ। ਭੂੰਡਾਂ ਨੂੰ ਫ਼ੜਨ ਗਏ ਨੂੰ ਪੀਤੇ ਨੂੰ ਦਿਨ ਛਿਪ ਗਿਆ। ਆਉਂਦੇ ਨੂੰ ਰੇੜ੍ਹੀ ਆਲੀਆਂ ਜਾਮਣਾਂ ਦੀ ਬੱਲ੍ਹੋ ਪੈ ਗੀ। ਲੋਕਾਂ ਨੇ ਸੁੰਨੀ ਰੇੜ੍ਹੀ ਵੇਖ ਕੇ ਇੱਕ ਜਾਮਣ ਮਨ੍ਹੀ ਛੱਡੀ। ਜਦੋਂ ਆ ਕੇ ਵੇਖਿਆ ਬਈ ਜਾਮਣਾਂ ਤਾਂ ਲੋਕ ਈ ਲੈ ਗੇ ਸਾਰੀਆਂ ਤਾਂ ਪੀਤਾ ਰੇਹੜੀ ਮੂਹਧੀ ਮਾਰ ਕੇ ਘਰੇ ਆ ਗਿਆ। ਘਰੇ ਵੜਦੇ ਨੂੰ ਪਿਉ ਨੇ ਢਾਹ ਲਿਆ ਲੰਡੇ ਬੋਕ ਆਂਗੂੰ। ਦੋ ਘੰਟੇ ਬੁੜ੍ਹੇ ਦੇ ਪੀਤੇ ਦਾ ਉਹ ਝੋਟੀ ੜਾਟ ਪੁਆਇਆ ਜਿਹੜਾ ਰਹੇ ਰੱਬ ਦਾ ਨਾਅ। ਇਉਂ ਪੀਤੇ ਨਾਲ ਹੋਈ।”
ਮਾਹਲਾ ਨੰਬਰਦਾਰ ਕਹਿੰਦਾ, ”ਫ਼ੇਰ ਤਾਂ ਆਪਣੇ ਪਿੰਡ ਆਲੇ ਧੰਨੇ ਤਾਂਗੇ ਆਲੇ ਆਲੀ ਹੋਈ। ਉਹ ਵੀ ਇੱਕ ਸਵਾਰੀ ਨਾਲ ਲੜ ਕੇ ਜਰਗ ਦੇ ਮੇਲੇ ਤੋਂ ਆਉਂਦਾ ਤਾਂਗਾ ਈ ਮੂਹਧਾ ਮਾਰ ਆਇਆ ਸੀ।”
ਬਾਬਾ ਅਰਜਨ ਸਿਉਂ ਕਹਿੰਦਾ, ”ਕੰਜਰ ਦੇ ਕਮਲੇ ਨੂੰ ਜਾਮਣਾਂ ਤੇ ਭੂੰਡਾਂ ਦੀ ਪਛਾਣ ਈ ਨ੍ਹੀ ਆਈ?”
ਸੀਤਾ ਮਰਾਸੀ ਕਹਿੰਦਾ, ”ਜਾਮਣਾਂ ਅਰਗੇ ਈ ਭੂੰਡ ਹੁੰਦੇ ਬਾਬਾ। ਜਦੋਂ ਭੂੰਡ ਉੱਡੇ ਤਾਂ ਪੀਤੇ ਨੇ ਸਮਝਿਆ ਬਈ ਕਿਤੇ ਜਾਮਣਾਂ ਈ ਉੱਡ ਗੀਆਂ।”
ਏਨੇ ਚਿਰ ਨੂੰ ਸੱਥ ਕੋਲ ਦੀ ਲੰਘੇ ਜਾਂਦੇ ਖਾਰੀ ਆਲੇ ਨੇ ਝਾਮਣਾਂ ਦਾ ਆ ਹੋਕਾ ਲਾਇਆ। ਹੋਕਾ ਸੁਣ ਕੇ ਨਾਥਾ ਅਮਲੀ ਖਾਰੀ ਵਾਲੇ ਨੂੰ ਕਹਿੰਦਾ, ”ਪਹਿਲਾਂ ਵਿਖਾ ਜਾਮਣੈ ਈ ਐ ਕੁ ਭੂੰਡ ਲਈ ਫ਼ਿਰਦੈਂ?”
ਜਦੋਂ ਸੱਥ ਵਾਲਿਆਂ ਨੇ ਥੜ੍ਹੇ ਤੋਂ ਉੱਠ ਕੇ ਖਾਰੀ ਵਾਲੇ ਕੋਲ ਜਾ ਕੇ ਮੋਟੀਆਂ ਮੋਟੀਆਂ ਜਾਮਣਾਂ ਵੇਖੀਆਂ ਤਾਂ ਸਾਰੇ ਜਾਣੇ ਜਾਮਣਾਂ ਖ਼ਰੀਦਣ ਲਈ ਆਪੋ ਆਪਣੇ ਘਰਾਂ ਤੋਂ ਪੈਸੈ ਲੈਣ ਚੱਲ ਪਏ।