ਢਾਕਾ:ਭਾਰਤ ਨੇ ਏਸ਼ੀਆ ਕੱਪ ਹਾਕੀ ਦੇ ਫ਼ਾਈਨਲ ਵਿੱਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜੀ ਵਾਰ ਇਸ ਖਿਤਾਬ ‘ਤੇ 10 ਸਾਲਾਂ ਬਾਅਦ ਆਪਣਾ ਕਬਜ਼ਾ ਕੀਤਾ ਹੈ। ਭਾਰਤ ਵਲੋਂ ਰਮਨਦੀਪ ਸਿੰਘ ਅਤੇ ਲਲਿਤ ਉਪਅਧਿਆਏ ਵਲੋਂ 1-1 ਗੋਲ ਕੀਤਾ ਜਦਕਿ ਮਲੇਸ਼ੀਆ ਵਲੋਂ ਇੱਕ ਮਾਤਰ ਗੋਲ ਸ਼ਹਿਰਲ ਸਬਾਹ ਨੇ ਕੀਤਾ। ਭਾਰਤ ਨੇ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਵਿੱਚ ਖੇਡ ਦੇ ਪਹਿਲੇ ਅੱਧ ਵਿੱਚ ਹੀ ਆਪਣੇ ਦੋਵੇਂ ਗੋਲ ਦਾਗੇ। ਮੈਚ ਦੇ ਪਹਿਲੇ ਕੁਆਰਟਰ ਦੇ ਤੀਜੇ ਹੀ ਮਿੰਟ ਵਿੱਚ ਰਮਨਦੀਪ ਸਿੰਘ ਨੇ ਗੋਲ ਦਾਗ ਕੇ ਭਾਰਤ ਨੂੰ ਵਿਰੋਧੀ ਟੀਮ ਤੋਂ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਲਲਿਤ ਉਪਅਧਿਆਏ ਨੇ ਦੂਜਾ ਗੋਲ ਕੀਤਾ। ਮਲੇਸ਼ੀਆ ਨੇ ਮੈਚ ਵਿੱਚ ਇੱਕ ਗੋਲ ਹੀ ਦਾਗਿਆ ਜੋ ਮੈਚ ਦੇ ਚੌਥੇ ਕੁਆਰਟਰ ਵਿੱਚ ਸਹਿਰਲ ਸਬਾਅ ਨੇ ਕੀਤਾ। ਇਸ ਤੋਂ ਬਾਅਦ ਮਲੇਸ਼ੀਆ ਦੀ ਟੀਮ ਕੋਈ ਹੋਰ ਗੋਲ ਨਹੀਂ ਕਰ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਖਿਤਾਬ ਆਪਣੇ ਨਾਮ ਕਰ ਲਿਆ। ਪਹਿਲੇ ਕੁਆਰਟਰ ਦੇ ਖੇਡ ਵਿੱਚ ਹੀ ਭਾਰਤ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਸਨ। ਮੈਚ ਦੇ ਤੀਸਰੇ ਹੀ ਮਿੰਟ ਵਿੱਚ ਐਸ ਸਨੀਲ ਨੇ ਰਮਨਦੀਪ ਸਿੰਘ ਨੂੰ ਸ਼ਾਨਦਾਰ ਪਾਸ ਦਿੱਤਾ ਅਤੇ ਰਮਨਦੀਪ ਨੇ ਇਸ ਨੂੰ ਗੋਲ ਵਿੱਚ ਬਦਲਣ ਵਿੱਚ ਦੇਰ ਨਹੀਂ ਲਗਾਈ। ਮੈਚ ਦੇ ਤੀਸਰੇ ਹੀ ਮਿੰਟ ਵਿੱਚ ਗੋਲ ਕਰ ਕੇ ਭਾਰਤੀ ਟੀਮ ਹੋ ਜੋਸ਼ ਵਿੱਚ ਆ ਗਈ ਅਤੇ ਉਸ ਨੇ ਮਲੇਸ਼ੀਆ ‘ਤੇ ਦਬਾਅ ਬਣਾਉਣ ਦਾ ਪੂਰਾ ਯਤਨ ਕੀਤਾ। ਮੈਚ ਦੇ 5ਵੇਂ ਮਿੰਟ ਵਿੱਚ ਭਾਰਤ ਨੂੰ ਆਪਣੀ ਵਿਰੋਧੀ ਟੀਮ ਦਬਾਅ ਬਣਾਉਣ ਦਾ ਇੱਕ ਹੋਰ ਸੁਨਹਿਰੀ ਮੌਕਾ ਮਿਲ ਗਿਆ ਜਦੋਂ ਉਸ ਨੂੰ ਪਨੈਲਟੀ ਕਾਰਨਰ ਮਿਲਿਆ ਪਰ ਮਲੇਸ਼ੀਆ ਨੇ ਇਸ ਉਤੇ ਰੈਫ਼ਰਲ ਮੰਗਿਆ ਅਤੇ ਟੀ ਵੀ ਕੈਮਰਾ ਦੇਖ ਕੇ ਪਤਾ ਲੱਗਾ ਕਿ ਮਲੇਸ਼ੀਆ ਦੀ ਟੀਮ ਨੇ ਅਜਿਹੀ ਕੋਈ ਗਲਤੀ ਨਹੀਂ ਕੀਤੀ ਸੀ ਜਿਸ ਕਾਰਨ ਭਾਰਤ ਨੂੰ ਪਲੈਲਟੀ ਕਾਰਨਰ ਮਿਲੇ। ਭਾਰਤ ਤੋਂ 1-0 ਪਛੜ ਚੁੱਕੀ ਮਲੇਸ਼ੀਆ ਦੀ ਟੀਮ ਗੋਲ ਕਰਨ ਦੇ ਮੌਕੇ ਲਗਾਤਾਰ ਲੱਭ ਰਹੀ ਸੀ ਪਰ ਭਾਰਤ ਨੇ ਉਸ ਨੂੰ ਬਰਾਬਰੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਮੈਚ ਦੇ 14ਵੇਂ ਮਿੰਟ ਵਿੱਚ ਮਲੇਸ਼ੀਆ ਨੂੰ ਇੱਕ ਪਨੈਲਟੀ ਕਾਰਨਰ ਮਿਲਿਆ ਪਰ ਟੀਮ ਦੇ ਖਿਡਾਰੀ ਬਾਲ ਨੂੰ ਟਰੈਪ ਕਰਨ ਵਿੱਚ ਨਾਕਾਮ ਰਹੇ ਜਿਸ ਕਾਰਨ ਭਾਰਤ ਤੋਂ ਖਤਰਾ ਟਲ ਗਿਆ। ਇਸ ਤਰ੍ਹਾਂ ਪਹਿਲੇ ਕੁਆਰਟਰ ਵਿੱਚ 1-0 ਨਾਲ ਆਪਣੀ ਬੜ੍ਹਤ ਕਾਇਮ ਰੱਖੀ।
ਦੂਜੇ ਕੁਆਰਟਰ ਦੀ ਖੇਡ ਵਿੱਚ ਮਲੇਸ਼ੀਆ ਨੂੰ 20ਵੇਂ ਮਿੰਟ ਵਿੱਚ ਇੱਕ ਵਾਰ ਫ਼ਿਰ ਭਾਰਤ ਨਾਲ ਬਰਾਬਰੀ ਦਾ ਮੌਕਾ ਮਿਲਿਆ ਪਰ ਉਸਦੇ ਦੋ ਫ਼ਾਰਵਰਡ ਖਿਡਾਰੀ ਗੇਂਦ ‘ਤੇ ਕੰਟਰੋਲ ਨਹੀਂ ਰੱਖ ਸਕੇ ਇਸ ਤਰ੍ਹਾਂ ਇਹ ਮੌਕਾ ਵੀ ਉਨ੍ਹਾਂ ਲਈ ਅਜਾਈਂ ਗਿਆ। ਦੋ ਮਿੰਟ ਬਾਅਦ ਭਾਰਤ ਨੂੰ ਪਹਿਲਾ ਪਨੈਲਟੀ ਕਾਰਨਰ ਮਿਲਿਆ ਪਰ ਭਾਰਤ ਨੂੰ ਇਸ ਦਾ ਕੋਈ ਲਾਭ ਨਹੀਂ ਹੋਇਆ। ਮੈਚ ਦੇ 29ਵੇਂ ਮਿੰਟ ਵਿੱਚ ਭਾਰਤੀ ਟੀਮ ਨੇ ਗੇਂਦ ਨੂੰ ਆਪਣੇ ਕੰਟਰੋਲ ਵਿੱਚ ਲੈਂਦਿਆਂ ਆਪਣੇ ਅੱਧ ਤੋਂ ਮਲੇਸ਼ੀਆਈ ਡੀ ਤਕ ਪਹੁੰਚਾ ਦਿੱਤਾ ਜਿਥੇ ਗੁਰਜੰਟ ਸਿੰਘ ਨੇ ਗੇਂ ਦ ਨੂੰ ਕੰਟਰੋਲ ਕਰ ਕੇ ਅਕਾਸ਼ਦੀਪ ਨੂੰ ਪਾਸ ਦਿੱਤਾ। ਅਕਾਸ਼ ਨੇ ਇਸ ਨੂੰ ਮਲੇਸ਼ੀਆਈ ਗੋਲ ਵੱਲ ਦਾਗਿਆ ਜਿਥੇ ਖੜ੍ਹੇ ਲਲਿਤ ਉਪਅਧਿਆਏ ਨੇ ਇਸ ਨੂੰ ਗੋਲ ਵਿੱਚ ਭੇਜ ਦਿੱਤਾ। ਮਲੇਸ਼ੀਆ ਨੇ ਚੌਥੇ ਕੁਆਰਟਰ ਵਿੱਚ ਮੈਚ ਦੇ 50ਵੇਂ ਮਿੰਟ ਵਿੱਚ ਮਿਲੇ ਗੋਲ ਕਰਨ ਦੇ ਮੌਕੇ ਨੂੰ ਸ਼ਹਿਰਲ ਸਬਾਅ ਰਾਹੀਂ ਗੋਲ ਕਰ ਕੇ ਇਸ ਬੜ੍ਹਤ ਨੂੰ 2-1 ਨਾਲ ਘਟਾ ਲਿਆ।