ਨਵੀਂ ਦਿੱਲੀ: ਭਾਰਤੀ ਟੀਮ ਇਸ ਸਮੇਂ ਨਿਊਜ਼ੀਲੈਂਡ ਖਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਰਹੀ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ਦੇ ਲਈ ਵੀ ਭਾਰਤੀ ਟੀਮ ਦਾ ਐਲਾਨ ਹੋ ਚੁੱਕਿਆ ਹੈ। ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਤੇ ਸੁਰੇਸ਼ ਰੈਨਾ ਨੂੰ ਟੀਮ ‘ਚ ਜਗ੍ਹਾਂ ਨਹੀਂ ਦਿੱਤੀ ਗਈ ਕਿਉਂਕਿ ਉਹ ਯੋ ਯੋ ਫ਼ਿਟਨੇਸ ਟੈਸਟ ਪਾਰ ਨਹੀਂ ਕਰ ਸਕੇ ਸਨ ਪਰ ਭਾਰਤ ਦੇ ਸਾਬਕਾ ਬੱਲੇਬਾਜ਼ ਸੌਰਵ ਗਾਂਗੁਲੀ ਨੇ ਇਸ ਗੱਲ ਦਾ ਸਖਤ ਵਿਰੋਧ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਯੋ ਯੋ ਟੈਸਟ ਤਾਂ ਇੱਕ ਬਹਾਨਾ ਹੈ ਤਾਂਕਿ ਯੁਵਰਾਜ ਤੇ ਰੈਨਾ ਨੂੰ ਟੀਮ ਤੋਂ ਬਾਹਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਪਰੇ ਹੈ ਕਿ 10-15 ਸਾਲ ਦਾ ਤਜਰਬਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅਚਾਨਕ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਗਾਂਗੁਲੀ ਨੇ ਕਿਹਾ ਕਿ ਯੁਵਰਾਜ ਨੇ ਟੀਮ ਨੂੰ ਵਿਸ਼ਵ ਕੱਪ ਜਿੱਤਾਉਣ ‘ਚ ਅਹਿਮ ਯੋਗਦਾਨ ਦਿੱਤਾ ਸੀ ਤੇ ਉਸ ਨੂੰ ਕੈਂਸਰ ਵੀ ਸੀ ਅਤੇ ਹੁਣ ਟੈਸਟ ਨੂੰ ਮਹੱਤਵ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਚੋਣਕਾਰਾਂ ਦੇ ਇਸ ਫ਼ੈਸਲੇ ਦਾ ਸਖਤ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੂੰ 2011 ਵਿਸ਼ਵ ਕੱਪ ਦੇ ਵੈਸਟਇੰਡੀਜ਼ ਖਿਲਾਫ਼ ਖੂਨ ਦੀ ਉਲਟੀਆਂ ਆਈਆਂ ਸਨ, ਉਸਦੇ ਬਾਵਜੂਦ ਵੀ ਯੁਵਰਾਜ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਯੁਵਰਾਜ ਨੇ ਸੈਮੀਫ਼ਾਈਨਲ ‘ਚ ਆਸਟਰੇਲੀਆ ਦੇ ਖਿਲਾਫ਼ ਵੀ ਵਧੀਆ ਪਾਰੀ ਖੇਡੀ ਸੀ ਜਿਸਦੀ ਬਦੌਲਤ ਟੀਮ ਨੇ ਮੈਚ ਅਸਾਨੀ ਨਾਲ ਜਿੱਤ ਲਿਆ ਸੀ। ਹੁਣ ਯੁਵੀ ਨੂੰ ਲਗਾਤਾਰ ਫ਼ਿਟਨੇਸ ਦੀ ਵਜ੍ਹਾ ਨਾਲ ਟੀਮ ਚੋਂ ਬਾਹਰ ਰਹਿਣਾ ਪੈ ਰਿਹਾ ਹੈ।