ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਪਸ਼ਟ ਕਿਹਾ ਕਿ ਜੇ ਪੰਜਾਬ ਕਾਂਗਰਸ ਨੇ ਕਲ ਨੂੰ ਲੁਧਿਆਣਾ ਵਿਖੇ ਸ੍ਰੀਮਤੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਪੰਥ ਵੱਲੋਂ ਆਪਣੇ ਨਾਇਕ ਸ: ਕੇਹਰ ਸਿੰਘ , ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਦੇ ਬੱਤ ਲਗਾਏ ਜਾਣਗੇ। ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਪੰਥ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ 36 ਗੁਰਧਾਮਾਂ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਹਜ਼ਾਰਾਂ ਨਿਰਦੋਸ਼ ਸਿੰਘਾਂ ਸਿੰਘਣੀਆਂ ਨੂੰ ਗੋਲੀਆਂ ਅਤੇ ਕੋਹ ਕੋਹ ਕੇ ਮਾਰਨ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਵਰਗੇ ਜ਼ਾਲਮ ਰੂਹ ਦਾ ਬੁੱਤ ਪੰਜਾਬ ਦੀ ਧਰਤੀ ‘ਤੇ ਸਥਾਪਿਤ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦਾ ਬੁੱਤ ਲਾਉਣਾ ਪੰਜਾਬ ਵਿੱਚ ਸਦਭਾਵਨਾ ਵਾਲੇ ਮਾਹੌਲ ਨੂੰ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਹੈ। ਜਿਸ ਪ੍ਰਤੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਜਿਹਾ ਕਰ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਖੁਦੇੜਣ ਦਾ ਕੰਮ ਕਰ ਰਹੀ ਹੈ।ਬੁੱਤ ਸਥਾਪਿਤ ਹੋਣ ਨਾਲ ਸਿੱਖ ਹਿਰਦੇ ਮੁੜ ਵਲੂੰਧਰੇ ਜਾਣਗੇ।ਜਿਸ ਤੋਂ ਬਚਣ ਲਈ ਇੰਦਰਾ ਗਾਂਧੀ ਦਾ ਬੁੱਤ ਲਾਉਣ ਤੋਂ ਕਾਂਗਰਸੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇੰਦਰਾ ਨੇ ਪੰਜਾਬ ਅਤੇ ਸਿੱਖਾਂ ਨਾਲ ਹੀ ਵਿਤਕਰਾ ਨਹੀਂ ਕੀਤਾ ਸਗੋਂ 1975 ‘ਚ ਬੇ ਲੋੜਾ ਐਮਰਜਂੈਸੀ ਲਾ ਕੇ ਲੋਕਤੰਤਰ ਨੂੰ ਵੀ ਮਜ਼ਾਕ ਦਾ ਪਾਤਰ ਬਣਾ ਦਿੱਤਾ ਅਤੇ ਲੋਕਾਂ ਦੇ ਹੱਕ ਹਕੂਕ ਖੋਹ ਲਏ ਗਏ ਸਨ। ਇਸ ਲਈ ਉਸ ਨੂੰ ਆਇਰਨ ਲੇਡੀ ਦਾ ਖ਼ਿਤਾਬ ਦੇਣਾ ਮਨੁੱਖੀ ਅਧਿਕਾਰਾਂ ਅਤੇ ਭਾਰਤੀ ਸੰਵਿਧਾਨ ਦੀ ਰੂਹ ਨਾਲ ਵੀ ਖਿਲਵਾੜ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਅਖਵਾਉਦੀਂ ਹੈ ਪਰ ਪੰਜਾਬ ਵਿੱਚ ਸੱਤਾ ਦੀ ਵਾਗਡੋਰ ਸੰਭਾਲਣ ਤੋ ਬਾਅਦ ਕਾਂਗਰਸ ਵੱਲੋਂ ’84 ਦੇ ਘੱਲੂਘਾਰਾ ਅਤੇ ਕਤਲੇਆਮ ਨਾਲ ਸਿੱਖ ਕੌਮ ਨੂੰ ਲੱਗੇ ਜ਼ਖ਼ਮਾਂ ‘ਤੇ ਲੂਣ ਛਿੜਕਣਾ ਕਦੀ ਨਹੀਂ ਭੁੱਲਦੇ। ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਗਾਂਧੀ ਪਰਿਵਾਰ ਅਤੇ ਕੇਂਦਰੀ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਕਲ ਲੁਧਿਆਣਾ ਵਿਖੇ ਉਸ ਦਾ ਬੁੱਤ ਲਗਾਉਣ ਪ੍ਰਤੀ ਐਲਾਨ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਪਾਰਟੀ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਉਣਾ ਚਾਹੁੰਦੀ ਹੈ । ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਾਰਵਾਈ ਕਰਕੇ ਅਜਿਹੇ ਸਮਾਗਮ ਬੰਦ ਕਰਵਾਏ ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜਣ ਦਾ ਖ਼ਤਰਾ ਹੈ ।