ਜਲੰਧਰ/ਚੰਡੀਗੜ੍ਹ-ਜਾਪਾਨ ਨੇ ਪੰਜਾਬ ਨੂੰ ਨਵਿਆਉਣਯੋਗ ਊਰਜਾ, ਉਦਯੋਗਿਕ ਪਾਰਕਾਂ ਤੇ ਸਕਿਲ ਡਿਵੈੱਲਪਮੈਂਟ ਦੇ ਖੇਤਰ ਵਿਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਾਪਾਨ ਦੇ ਭਾਰਤ ਵਿਚ ਰਾਜਦੂਤ ਕੈਂਜੀ ਹੀਰਾਮਤਸੁ ਨੇ ਅੱਜ ਦਿੱਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਵਿਚ ਨਵਿਆਉਣਯੋਗ ਊਰਜਾ, ਖੇਤੀਬਾੜੀ ਪੰਪਾਂ ਦੇ ਸੂਰਜੀਕਰਨ, ਪੰਜਾਬ ਵਿਚ ਉਦਯੋਗਿਕ ਪਾਰਕ ਸਥਾਪਿਤ ਕਰਨ ਦੇ ਵਿਸ਼ਿਆਂ ‘ਤੇ ਖੁਲ੍ਹ ਕੇ ਚਰਚਾ ਹੋਈ। ਬੈਠਕ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਹਿੱਸਾ ਲਿਆ। ਅਮਰਿੰਦਰ ਸਰਕਾਰ ਵਲੋਂ ਸੂਬੇ ਵਿਚ ਉਦਯੋਗਾਂ ਨੂੰ ਬੜ੍ਹਾਵਾ ਦੇਣ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਜਾਪਾਨੀ ਰਾਜਦੂਤ ਕੈਂਜੀ ਹੀਰਾਮਤਸੁ ਨੇ ਕਿਹਾ ਕਿ ਜਾਪਾਨ ਪੰਜਾਬ ਵਿਚ ਪੂੰਜੀ ਨਿਵੇਸ਼ ਲਈ ਤਿਆਰ ਹੈ।
ਮੁੱਖ ਮੰਤਰੀ ਨੇ ਜਾਪਾਨੀ ਰਾਜਦੂਤ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਪਾਨ ਨੂੰ ਉਦਯੋਗਿਕ ਖੇਤਰਾਂ ਵਿਚ ਇਕ ਆਦਰਸ਼ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਜਾਪਾਨੀ ਕੰਪਨੀਆਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਜਾਪਾਨੀ ਕੰਪਨੀਆਂ ਜਿਵੇਂ ਆਟੋਮੋਬਾਇਲ ਖੇਤਰ ਵਿਚ ਇਸੂਜੁ, ਆਇਲ ਸੀਲ ਖੇਤਰ ਵਿਚ ਸਿਗਮਾ, ਇੰਡਸਟਰੀਅਲ ਪੇਂਟ ਵਿਚ ਨੈਰੋਲੈਕ, ਟਰੈਕਟਰ ਤੇ ਖੇਤੀਬਾੜੀ ਸੰਦਾਂ ਦੇ ਖੇਤਰ ਵਿਚ ਯਨਮਾਰ ਸੋਨਾਲੀਕਾ, ਪ੍ਰਿੰਟਿੰਗ ‘ਚ ਟਾਪੈਨ ਆਦਿ ਨੇ ਪੰਜਾਬ ਵਿਚ ਆਪਣਾ ਕਾਫੀ ਵਿਸਤਾਰ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਅਗਲੇ 5 ਸਾਲਾਂ ਤੱਕ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਿਸ ਨਾਲ ਨਵੇਂ ਉਦਯੋਗ ਪੰਜਾਬ ਵਿਚ ਪੂੰਜੀ ਨਿਵੇਸ਼ ਲਈ ਆ ਰਹੇ ਹਨ ਤੇ ਨਾਲ ਹੀ ਮੌਜੂਦਾ ਉਦਯੋਗਾਂ ਨੂੰ ਵੀ ਲਾਭ ਮਿਲੇਗਾ।
ਪੰਜਾਬ ‘ਚ 4 ਨਵੇਂ ਉਦਯੋਗਿਕ ਪਾਰਕ ਤੇ 12 ਇੰਡਸਟਰੀਅਲ ਅਸਟੇਟ ਬਣਨਗੇ
ਪੰਜਾਬ ਸਰਕਾਰ ਜਲਦੀ ਹੀ 4 ਨਵੇਂ ਉਦਯੋਗਿਕ ਪਾਰਕ ਤੇ 12 ਨਵੇਂ ਉਦਯੋਗਿਕ ਅਸਟੇਟ ਸਥਾਪਿਤ ਕਰਨ ਜਾ ਰਹੀ ਹੈ। ਇਨ੍ਹਾਂ ਨੂੰ ਪੰਜਾਬ ਸਕਿਲ ਡਿਵੈੱਲਪਮੈਂਟ ਮਿਸ਼ਨ ਦੇ ਅਧੀਨ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਜਾਪਾਨ ਦੇ ਐਂਕਰ ਯੂਨਿਟ ਨੂੰ ਇਲੈਕਟ੍ਰਾਨਿਕ ਪਾਰਕ ਲਈ ਰਾਜਪੁਰਾ, ਆਟੋਮੋਬਾਇਲ ਪਾਰਕ ਲਈ ਮਤੇਵਾੜਾ (ਲੁਧਿਆਣਾ), ਫਾਰਮਾ ਪਾਰਕ ਲਈ ਡੇਰਾ ਬੱਸੀ ਤੇ ਫੂਡ ਪ੍ਰੋਸੈਸਿੰਗ ਪਾਰਕ ਲਈ ਅੰਮ੍ਰਿਤਸਰ ਦੀ ਚੋਣ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਸਾਹਮਣੇ ਜਾਪਾਨ ਇੰਡੀਆ ਇੰਸਟੀਚਿਊਟ ਆਫ ਮੈਨੂਫੈਕਚਰਿੰਗ ਦੀ ਸਥਾਪਨਾ ਕਰਨ ਦਾ ਮੁੱਦਾ ਵੀ ਉਠਾਏਗਾ।