ਨਵੀਂ ਦਿੱਲੀ— ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ 142ਵੀਂ ਜਯੰਤੀ ਮੌਕੇ ‘ਰਨ ਫਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਹਰੀ ਝੰਡੀ ਦਿਖਾ ਇਸ ਨੂੰ ਰਵਾਨਾ ਕੀਤਾ। ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਖੇਡ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ। ਪ੍ਰੋਗਰਾਮ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦਾ ਮਜ਼ਾਕ ਉਡਾ ਰਹੀਆਂ ਹਨ। ਜਿਵੇਂ ਪੀ.ਐੱਮ. ਆਯੋਜਨ ਸਥਾਨ ਤੋਂ ਗਏ, ਉਸ ਤੋਂ ਬਾਅਦ ਉੱਥੇ ਲੋਕ ਇਸੇ ਤਰ੍ਹਾਂ ਹੀ ਗੰਦਗੀ ਪਾ ਕੇ ਚੱਲੇ ਗਏ। ਕਿਤੇ ਫੋਟੋ ਦੇ ਪੋਸਟਰ ਡਿੱਗੇ ਹੋਏ ਸਨ ਤਾਂ ਕਿਤੇ ਪਾਣੀ ਦੀਆਂ ਖਾਲੀ ਬੋਤਲਾਂ ਬਿਖਰੀਆਂ ਹੋਈਆਂ ਸਨ।
ਸੜਕਾਂ ‘ਤੇ ਜਗ੍ਹਾ-ਜਗ੍ਹਾ ਕੂੜਾ ਫੈਲਿਆ ਹੋਇਆ ਸੀ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇਸ ਦੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ ਅਤੇ ਸਵਾਲ ਕੀਤਾ ਜਾ ਰਿਹਾ ਹੈ ਕਿ ਇੰਨੇ ਵੱਡੇ ਪ੍ਰੋਗਰਾਮ ‘ਚ ਜਿੱਥੇ ਖੁਦ ਪੀ.ਐੱਮ. ਮੌਜੂਦ ਸਨ, ਉੱਥੇ ਸਵੱਛਤਾ ਦਾ ਅਜਿਹਾ ਹਾਲ ਉਨ੍ਹਾਂ ਦੇ ਮਿਸ਼ਨ ‘ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦਾ ਹੈ। ਨੈਸ਼ਨਲ ਸਟੇਡੀਅਮ ਤੋਂ ਇੰਡੀਆ ਗੇਟ ਤੱਕ ਏਕਤਾ ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਨਾਲ ਹੀ ਮੋਦੀ ਨੇ ਉੱਥੇ ਮੌਜੂਦ ਲੋਕਾਂ ਤੋਂ ਏਕਤਾ ਅਤੇ ਅਖੰਡਤਾ ਦੀ ਸਹੁੰ ਵੀ ਚੁਕਾਈ। ਮੰਚ ‘ਤੇ ਮੋਦੀ ਨਾਲ ਕਰਣਮ ਮਲੇਸ਼ਵਰੀ, ਦੀਪਾ ਕਰਮਾਕਰ, ਸਰਦਾਰ ਸਿੰਘ ਅਤੇ ਸੁਰੇਸ਼ ਰੈਨਾ ਵਰਗੀ ਖੇਡ ਜਗਤ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਸਨ।