ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਸੀ.ਆਈ.ਐੱਸ.ਐੱਫ. ਦੇ ਆਈ.ਜੀ.ਆਈ. ਹਵਾਈ ਅੱਡੇ, ਦਿੱਲੀ ਮੈਟਰੋ ਅਤੇ ਹੋਰ ਸਰਕਾਰੀ ਮੰਤਰਾਲਿਆਂ ‘ਤੇ ਤਾਇਨਾਤ ਆਪਣੇ ਕਰਮਚਾਰੀਆਂ ਨੂੰ ਚਿਹਰੇ ਢੱਕਣ ਲਈ 9 ਹਜ਼ਾਰ ਤੋਂ ਵਧ ਮਾਸਕ ਮੁਹੱਈਆ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਨੀਮ ਫੌਜੀ ਫੋਰਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀ.ਆਈ.ਐੱਸ.ਐੱਫ. ਦੇ ਡਾਇਰੈਕਟਰ ਜਨਰਲ (ਡੀ.ਜੀ.) ਓ.ਪੀ. ਸਿੰਘ ਨੇ ਮਾਸਕ ਮੁਹੱਈਆ ਕਰਵਾਏ ਜਾਣ ਦਾ ਆਦੇਸ਼ ਦਿੱਤਾ ਹੈ ਤਾਂ ਕਿ ਖੁੱਲ੍ਹੀਆਂ ਥਾਂਵਾਂ ‘ਤੇ ਡਿਊਟੀ ਕਰ ਰਹੇ ਮਹਿਲਾ ਅਤੇ ਪੁਰਸ਼ ਗੰਭੀਰ ਰੂਪ ਨਾਲ ਜ਼ਹਿਰੀਲੀ ਧੁੰਦ ਦਾ ਸਾਹਮਣਾ ਬਿਹਤਰ ਤਰੀਕੇ ਨਾਲ ਕਰ ਸਕਣ। ਉਨ੍ਹਾਂ ਨੇ ਕਿਹਾ,”2 ਹਜ਼ਾਰ ਫੇਸ ਮਾਸਕ ਤੁਰੰਤ ਮੁਹੱਈਆ ਕਰਵਾਏ ਜਾਣਗੇ, ਉੱਥੇ ਹੀ ਹੋਰ 7 ਹਜ਼ਾਰ ਦਿੱਲੀ ਦੀਆਂ ਸਾਰੀਆਂ ਇਕਾਈਆਂ ‘ਚ ਕੁਝ ਘੰਟੇ ‘ਚ ਪਹੁੰਚਾਏ ਜਾਣਗੇ।”
ਗ੍ਰਹਿ ਮੰਤਰਾਲੇ ਦੇ ਅਧੀਨ ਤਾਇਨਾਤ ਨੀਮ ਫੌਜੀ ਫੋਰਸ, ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਕੋਲ ਰਾਜਧਾਨੀ ‘ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ.ਜੀ.ਆਈ.), ਦਿੱਲੀ ਮੈਟਰੋ ਅਤੇ ਕਈ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਦਿੱਲੀ ‘ਚ ਪ੍ਰਦੂਸ਼ਣ ਪਰਮੀਸਿਬਲ ਸਟੈਂਡਰਡ ਤੋਂ ਕਈ ਗੁਣਾ ਵਧ ਹੋਣ ਕਾਰਨ ਪੂਰੀ ਦਿੱਲੀ ਅੱਜ ਯਾਨੀ ਮੰਗਲਵਾਰ ਨੂੰ ਧੁੰਦ ਦੀ ਮੋਟੀ ਚਾਦਰ ‘ਚ ਲਿਪਟ ਗਈ ਸੀ। ਜ਼ਿਕਰਯੋਗ ਹੈ ਕਿ ਨਮੀ ਨਾਲ ਪ੍ਰਦੂਸ਼ਕ ਤੱਤਾਂ ਦੇ ਸ਼ਹਿਰ ਦੀ ਹਵਾ ‘ਚ ਫੈਲਣ ਕਾਰਨ ਸੋਮਵਾਰ ਦੀ ਸ਼ਾਮ ਤੋਂ ਹਵਾ ਦੀ ਗੁਣਵੱਤਾ ਅਤੇ ਦ੍ਰਿਸ਼ਤਾ ਤੇਜ਼ੀ ਨਾਲ ਡਿੱਗਣ ਲੱਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ 10 ਵਜੇ ਤੱਕ ਖਰਾਬ ਹਵਾ ਗੁਣਵੱਤਾ ਦਰਜ ਕੀਤੀ, ਜਿਸ ਦਾ ਮਤਲਬ ਹੈ ਪ੍ਰਦੂਸ਼ਣ ਵਧ ਹੈ। ਪਿਛਲੇ ਸਾਲ ਨਬੰਰ ‘ਚ ਵੀ ਜ਼ਹਿਰੀਲੀ ਧੁੰਦ ਤੋਂ ਬਾਅਦ ਫੋਰਸ ਨੇ ਚੌਕਸੀ ਦੇ ਤੌਰ ‘ਤੇ ਇਹ ਕਦਮ ਚੁੱਕੇ ਸਨ।