ਦਰੰਗ, : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਬੀਤੇ ਸਾਲ ਕੀਤੀ ਨੋਟਬੰਦੀ ਦੀ ਤੁਲਨਾ ਸੰਗਠਿਤ ਲੁੱਟ ਨਾਲ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਨੋਟਬੰਦੀ ਦੀ ਸਾਲ ਗਿਰਹਾ ਤੇ ਭਾਜਪਾ ਨੂੰ ਵੋਟਾਂ ਨਾਲ ਭਾਜੀ ਮੋੜਣਗੇ। ਉਹ ਅੱਜ ਹਲਕਾ ਦਰੰਗ ਤੋਂ ਕਾਂਗਰਸ ਉਮੀਦਵਾਰ ਠਾਕੁਰ ਕੌਲ ਸਿੰਘ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਆਰਥਿਕ ਨਿਤੀਆਂ ਨੂੰ ਦੇਸ਼ ਲਈ ਤਬਾਹਕੁੰਨ ਦੱਸਦਿਆ ਕਿਹਾ ਕਿ ਨੋਟਬੰਦੀ ਭਾਰਤੀ ਵਿੱਤੀ ਸਿਸਟਮ ਦੀ ਸਫਾਈ ਨਹੀ ਸੀ ਸਗੋਂ ਇਸ ਬਹਾਨੇ ਦੇਸ਼ ਭਰ ਦੇ ਆਮ ਲੋਕ ਵੱਡੇ ਪੱਧਰ ਤੇ ਖੱਜਲ ਖੁਆਰ ਹੋਏ, ਪਰ ਇਸ ਦਾ ਕੋਈ ਹਾਂਪੱਖੀ ਲਾਭ ਨਹੀਂ ਹੋਇਆ ਹੈ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਹਾਲੇ ਨੋਟਬੰਦੀ ਦੀ ਮਾਰ ਤੋਂ ਸੰਭਲਿਆ ਹੀ ਨਹੀ ਸੀ ਕਿ ਵਿੱਤ ਮਾਮਲਿਆਂ ਤੋਂ ਅਨਾੜੀ ਕੇਂਦਰ ਸਰਕਾਰ ਨੇ ਜੀ.ਐਸ.ਟੀ ਲਾਗੂ ਕਰਕੇ ਦੂਜੀ ਵੱਡੀ ਮਾਰ ਮਾਰ ਦਿੱਤੀ। ਉਨਾਂ ਕਿਹਾ ਕਿ ਐਨ.ਡੀ.ਏ ਦੀਆਂ ਮਾੜੀਆਂ ਨੀਤੀਆਂ ਕਾਰਨ ਹਿਮਾਚਲ ਦੇ ਪ੍ਰਯਟਨ ਉਦਯੋਗ ਨੂੰ ਵੱਡੀ ਸੱਟ ਵੱਜੀ ਹੈ ਅਤੇ ਵਪਾਰੀ ਵਰਗ ਵੱਡੀ ਨਿਰਾਸ਼ਾ ਵਿੱਚ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਦੀ ਹਾਲਤ ਪਤਲੀ ਹੋ ਗਈ ਹੈ ਅਤੇ ਆਪਣੀ ਸਿਆਸੀ ਸਾਖ ਡਿਗਦੀ ਵੇਖ ਕੇ ਪ੍ਰਧਾਨ ਮੰਤਰੀ ਸਮੇਤ ਪੂਰੀ ਭਾਰਤੀ ਜਨਤਾ ਪਾਰਟੀ ਨੂੰ ਹਿਮਾਚਲ ਵਿਚ ਡੇਰੇ ਲਾਉਣੇ ਪਏ ਹਨ। ਉਨਾਂ ਕਿਹਾ ਕਿ ਲੋਕ ਹੁਣ ਭਾਜਪਾ ਦੇ ਜੁਮਲਿਆਂ ਦਾ ਸੱਚ ਜਾਣ ਗਏ ਹਨ ਅਤੇ ਭਾਜਪਾ ਨੂੰ ਵੀ ਇਹ ਸੱਚ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਭਾਜਪਾ ਕੋਲ ਕੋਈ ਨੀਤੀ ਨਹੀਂ ਹੈ ਅਤੇ ਇਹ ਕੇਵਲ ਧਾਰਮਿਕ ਮੁੱਦਿਆ ਅਤੇ ਲਾਰਿਆ ਸਹਾਰੇ ਆਪਣੀ ਸਿਆਸਤ ਕਰਨ ਵਾਲੀ ਪਾਰਟੀ ਹੈ।
ਸ੍ਰੀ ਜਾਖੜ ਨੇ ਭਾਜਪਾ ਆਗੂਆਂ ਵੱਲੋਂ ਨੀਵੇਂ ਦਰਜੇ ਦੀ ਭਾਸ਼ਾ ਚੋਣ ਪ੍ਰਚਾਰ ਵਿਚ ਵਰਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਭਾਜਪਾ ਆਗੂ ਹਿਮਾਚਲ ਪ੍ਰਦੇਸ਼ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਰਹੇ ਹਨ। ਉਨਾਂ ਕਿਹਾ ਕਿ ਦੇਵ ਭੂਮੀ ਤੇ ਆ ਕੇ ਅਜਿਹੀਆਂ ਬੇਹੁੱਦੀਆਂ ਗੱਲਾਂ ਕਰਨਾ ਭਾਜਪਾ ਆਗੂਆਂ ਨੂੰ ਸੋਭਦੀਆਂ ਨਹੀਂ। ਉਨਾਂ ਕਿਹਾ ਭਾਜਪਾ ਆਗੂਆਂ ਦੀ ਮਾੜੀ ਬੋਲੀ ਦਾ ਜਵਾਬ ਹਿਮਾਚਲ ਦੇ ਲੋਕ ਮਤਦਾਨ ਦੌਰਾਨ ਦੇਣਗੇ।