ਪਿੰਡ ਦੇ ਬਿਜਲੀ ਘਰ ‘ਤੇ ਵੱਧ ਲੋਡ ਪੈ ਜਾਣ ਕਾਰਨ ਦੋ ਤਿੰਨ ਦਿਨ ਤੋਂ ਬਿਜਲੀ ਆ ਜਾ ਰਹੀ ਸੀ। ਬਿਜਲੀ ਦੇ ਟਿਕ ਕੇ ਨਾ ਰਹਿਣ ਕਾਰਨ ਲੋਕ ਗਰਮੀ ਦੇ ਭੰਨੇ ਰਾਤ ਨੂੰ ਕੋਠਿਆਂ ‘ਤੇ ਸੌਣ ਲੱਗ ਪਏ ਸਨ। ਜੇਠ ਹਾੜ੍ਹ ਦੀ ਰੁੱਤ ‘ਚ ਰਾਤ ਨੂੰ ਆਈ ਤੇਜ ਹਨੇਰੀ ਨੇ ਕੋਠਿਆਂ ‘ਤੇ ਪਏ ਲੋਕਾਂ ਨੂੰ ਹੇਠਾਂ ਉਤਰਨ ਲਈ ਮਜਬੂਰ ਕਰ ਦਿੱਤਾ। ਕੋਠਿਆਂ ਤੋਂ ਹੇਠਾਂ ਉਤਰਦਿਆਂ ਨੂੰ ਬਿਜਲੀ ਨੇ ਇੱਕ ਵਾਰ ਫ਼ਿਰ ਅੱਖ ਝਮੱਕਾ ਮਾਰਿਆ ਅਤੇ ਫ਼ਿਰ ਗੁਲ ਹੋ ਗਈ। ਅੱਧੀ ਰਾਤ ਨੂੰ ਮੱਛਰ ਨੇ ਵੀ ਆ ਹਮਲਾ ਬੋਲਿਆ। ਪਿੰਡ ‘ਚੋਂ ਕਿਸੇ ਨੇ ਗੁਰਦੁਆਰਾ ਸਾਹਿਬ ਜਾ ਕੇ ਸਪੀਕਰ ‘ਚ ਹੋਕਾ ਲਾ ਦਿੱਤਾ ਬਈ ਘਰ ਘਰ ਦਾ ਬੰਦਾ ਤਾਰੇ ਮੋਹਰੇ ਕੀ ਆਟਾ ਚੱਕੀ ਮੂਹਰੇ ‘ਕੱਠੇ ਜੋ ਤਾਂ ਕਿ ਬਿਜਲੀ ਘਰ ਜਾ ਕੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਬਿਜਲੀ ਬੰਦ ਕਿਉਂ ਕਰ ਦਿੱਤੀ। ਹੋਕਾ ਸੁਣਦੇ ਸਾਰ ਅੱਧਾ ਪਿੰਡ ਰਾਤ ਨੂੰ ਤਾਰੇ ਮੋਹਰੇ ਕੀ ਆਟਾ ਚੱਕੀ ‘ਤੇ ਇਉਂ ‘ਕੱਠਾ ਹੋ ਗਿਆ ਜਿਮੇਂ ਜਰਗ ਦੇ ਮੇਲੇ ‘ਤੇ ਰਾਤ ਨੂੰ ਨਚਾਰਾਂ ਦਾ ਜਲਸਾ ਵੇਖਣ ਲੋਕ ‘ਕੱਠੇ ਹੋ ਗਏ ਹੋਣ। ਇਸ ਗੱਲ ਦੀ ਚਰਚਾ ਅਗਲੇ ਦਿਨ ਪਿੰਡ ਦੀ ਸੱਥ ‘ਚ ਸਿਖਰ ਚੜ੍ਹ ਕੇ ਬੋਲੀ।
ਬਾਬਾ ਦਿਆਲ ਸਿਉਂ ਸੱਥ ‘ਚ ਆਉਂਦਾ ਹੀ ਭਾਰੀ ‘ਕੱਠ ਵੇਖ ਕੇ ਨਾਥੇ ਅਮਲੀ ਨੂੰ ਉੱਚੀ ਉੱਚੀ ਬੋਲਦਾ ਸੁਣ ਕੇ ਟਿੱਚਰ ‘ਚ ਬੋਲਿਆ, ”ਅੱਜ ਤਾਂ ਬਈ ਨਾਥਾ ਸਿਉਂ ਵਕੀਲ ਬਣਿਆ ਖੜ੍ਹੈ ਸੱਥ ‘ਚ। ਓ ਕਿਮੇਂ ਆ ਨਾਥਾ ਸਿਆਂ! ਕੀ ਗੱਲ ਹੋਗੀ, ਅੱਜ ਕਾਹਦਾ ‘ਕੱਠ ਕਰੀ ਖੜ੍ਹੇ ਐਂ?”
ਸੀਤਾ ਮਰਾਸੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਕਰਤਾਰੇ ਝਿੱਫ਼ ਕੀਆਂ ਰਾਤ ਨੇਰ੍ਹੀ ‘ਚ ਕੁਕੜੀਆਂ ਚੋਰੀ ਹੋਗੀਆਂ। ਚੋਰ ਕੁੱਕੜ ਛੱਡ ਗਿਆ ਅਤੇ ਕੁਕੜੀਆਂ ਲੈ ਗਿਆ।”
ਮਰਾਸੀ ਦੀ ਗੱਲ ਸੁਣ ਕੇ ਸਾਰੀ ਸੱਥ ‘ਚ ਹਾਸਾ ਛਿੜ ਗਿਆ।
ਬਾਬੇ ਨੇ ਸੀਤੇ ਮਰਾਸੀ ਨੂੰ ਮੋੜ ਕੇ ਪੁੱਛਿਆ ਤੇ ਟਿੱਚਰ ‘ਚ ਬੋਲਿਆ, ”ਨੇਰ੍ਹੀ ਰਾਤ ‘ਚ ਚੋਰ ਨੂੰ ਕੁਕੜੀਆਂ ਦੀ ਪਛਾਣ ਕਿਮੇਂ ਆਈ ਬਈ ਆਹ ਕੁਕੜੀਆਂ ਤੇ ਆਹ ਕੁੱਕੜ ਐ। ਕਿਤੇ ਨੇਰ੍ਹੀਉ ਈ ਨਾ ‘ੜਾ ਕੇ ਲੈ ਗੀ ਹੋਵੇ।”
ਬਾਬੇ ਦਿਆਲ ਸਿਉਂ ਤੇ ਮਰਾਸੀ ‘ਚ ਕੁੱਕੜ ਕੁਕੜੀਆਂ ਦੀਆਂ ਗੱਲਾਂ ਹੁੰਦੀਆਂ ਸੁਣ ਕੇ ਨਾਥਾ ਅਮਲੀ ਬਾਬੇ ਦਿਆਲ ਸਿਉਂ ਨੂੰ ਕਹਿੰਦਾ, ”ਕੀ ਗੱਲਾਂ ਕਰਦੈਂ ਬਾਬਾ ਤੂੰ। ਇਹ ਜਿਹੜੇ ਚੋਰ ਹੁੰਦੇ ਐ ਨਾ! ਇਹ ਸਿਰੇ ਦੇ ਸ਼ਤਾਨ ਦੀ ਟੂਟੀ ਹੁੰਦੇ ਐ। ਆਪਣੇ ਓਧਰਲੇ ਝੰਡੇ ਕੇ ਗੁਆੜਾ ਆਲਾ ਖਲੀਫ਼ਾ ਆਜੜੀ ਕਹਿੰਦੇ ਬੱਕਰੀ ‘ਤੇ ਹੱਥ ਫ਼ੇਰ ਕੇ ਬੱਕਰੀ ਦਾ ਰੰਗ ਦੱਸ ਦਿੰਦਾ ਸੀ ਬਈ ਇਹ ਚਿੱਟੀ ਐ ਕੁ ਕਾਲੀ ਕੁ ਡੱਬ ਖੜੱਬੀ ਐ। ਨਾਲੇ ਅੱਖਾਂ ਤੋਂ ਸੂਰਮਾ ਸਿਉਂ ਸੀ। ਇਹ ਕੁਕੜੀ ਚੋਰ ਨੂੰ ਤਾਂ ਫ਼ਿਰ ਵੀ ਦੋਮਾਂ ਅੱਖਾਂ ਤੋਂ ਦੀਂਹਦਾ ਈ ਹੋਊ। ਉਹਨੂੰ ਛਾਂਟ ਛਟਈਆ ਕਰਨਾ ਕੀ ਔਖਾ ਜਿਹੜਾ ਡੂਢ ਕੋਹ ਤੋਂ ਬੰਦੇ ਬੁੜ੍ਹੀ ਦੀ ਪਰਖ ਕਰ ਕੇ ਦੱਸ ਦਿੰਦੈ ਬਈ ਬੰਦਾ ਆਉਂਦੈ ਕੁ ਬੁੜ੍ਹੀ ਆਉਂਦੀ ਐ।”
ਬੁੱਘਰ ਦਖਾਣ ਅਮਲੀ ਦੀ ਬਾਂਹ ਝੰਜੋੜ ਕੇ ਅਮਲੀ ਨੂੰ ਕਹਿੰਦਾ, ”ਓਏ ਪਤੰਦਰਾ ਗੱਲ ਤਾਂ ਬਾਬਾ ਰਾਤ ਦੇ ਨੇਰ੍ਹੇ ਦੀ ਕਰਦਾ ਬਈ ਕਾਲੀ ਬੋਲੀ ਰਾਤ ‘ਚ ਚੋਰ ਨੇ ਕੁੱਕੜ ਕੁਕੜੀਆਂ ਛਾਂਟੇ ਕਿਮੇਂ। ਗੱਲ ਤਾਂ ਇਉਂ ਐ। ਤੂੰ ਹੋਰ ਈ ਬਹਿਣ ਬਹਿ ਤੁਰਿਐਂ ਅਕੇ ਖਲੀਫ਼ਾ ਆਜੜੀ ਬੱਕਰੀ ‘ਤੇ ਹੱਥ ਫ਼ੇਰ ਕੇ ਬੱਕਰੀ ਦਾ ਰੰਗ ਦੱਸ ਦਿੰਦਾ ਸੀ। ਨਾਲੇ ਗੱਪ ਮਾਰਿਆਂ ਤਾਂ ਚੱਲ ਜਾਂਦੈ, ਪਰ ਜਿਹੜੇ ਗਪੌੜ ਸੰਖ ਹੁੰਦੇ ਐ ਸੋਹਣਿਆ, ਉਹ ਨ੍ਹੀ ਚਲਦੇ ਹੁੰਦੇ। ਉਹ ਤਾਂ ਛੱਡਣ ਸਾਰ ਈ ਸਿਆਲ ਦੇ ਘਿਉ ਆਂਗੂੰ ਇਉਂ ਥਾਏਂ ਈ ਜੰਮ ਜਾਂਦੇ ਐ ਜਿਮੇਂ ਤੰਦੂਰ ‘ਚ ਰੋਟੀ ਜੰਮ ਜਾਂਦੀ ਐ। ਰੜ੍ਹ ਕੇ ਈ ਲਹਿੰਦੀ ਐ ਫ਼ਿਰ।”
ਬਾਬਾ ਦਿਆਲ ਸਿਉਂ ਕਹਿੰਦਾ, ”ਕੁਕੜੀਆਂ ਕਕੜੀਆਂ ਆਲੀ ਤਾਂ ਗੱਲ ਮੈਨੂੰ ਐਵੇ ਮਖੌਲ ਜਾ ਲੱਗਦੈ, ਗੱਲ ਤਾਂ ਕੋਈ ਹੋਰ ਐ ਜਿਹੜੇ ਸਾਰੇ ਖੜ੍ਹੇ ਈ ਜੱਕੜ ਮਾਰਨ ‘ਤੇ ਹੋਏ ਐ।”
ਬਜਰੰਗੇ ਕਾ ਤੇਲੂ ਬਾਬੇ ਨੂੰ ਕਹਿੰਦਾ, ”ਰਾਤ ਆਲੀ ਗੱਲ ਕਰਦੇ ਐ ਬਾਬਾ ਜਿਹੜੀ ਸਾਰੀ ਰਾਤ ਦੀ ਬਿਜਲੀ ਨ੍ਹੀ ਆਈ। ਹੋਰ ਇਨ੍ਹਾਂ ਨੇ ਕਿਹੜਾ ਖਿੱਦੋ ਖੂੰਡੀ ਖੇਡਣ ਜਾਣੈ ਬਈ ਖਡਾਰੀ ਨ੍ਹੀ ਪੂਰੇ ਹੁੰਦੇ।”
ਚੜ੍ਹਤਾ ਬੁੜ੍ਹਾ ਤੇਲੂ ਦੇ ਨਾਲ ਖੜ੍ਹਾ ਉਹਦੀ ਬਾਂਹ ਖਿੱਚ ਕੇ ਕਹਿੰਦਾ, ”ਚੁੱਪ ਕਰ ਓਏ ਤੇਲ ਦਿਆ ਤੜਕਿਆ। ਬਾਬਾ ਤਾਂ ਤੇਰਾ ਟਿੱਚਰਾਂ ਕਰਦੈ ਸੋਨੂੰ। ਇਹਨੂੰ ਕਿਤੇ ਪਤਾ ਨ੍ਹੀ ਰਾਤ ਦੀ ਕਹਾਣੀ ਦਾ। ਇਹ ਤਾਂ ਹੁਣ ਅਮਲੀ ‘ਤੇ ਵਰ੍ਹਿਆ। ਰੌਲੇ ਵਾਲੀ ਗੱਲ ਦੇ ਵਿੱਚ ਨ੍ਹੀ ਬੋਲੀਦਾ ਹੁੰਦਾ। ਸੁਣੀਦੀ ਹੁੰਦੀ ਐ ਗੱਲ।”
ਸੀਤਾ ਮਰਾਸੀ ਚੜ੍ਹਤੇ ਬੁੜ੍ਹੇ ਦੀ ਗੱਲ ਸੁਣ ਕੇ ਬੁੜ੍ਹੇ ਨੂੰ ਕਹਿੰਦਾ, ”ਗੱਲ ਕੋਈ ਸੁਣਦੀ ਤਾਂ ਹੈਨ੍ਹੀ ਬੁੜਿਆ। ਸਭ ਆਪੋ ਆਪਣੀਉਂ ਈ ਮੂੰਗਫਖਲੀ ਵੇਚੀ ਜਾਂਦੇ ਐ।”
ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, ”ਸੁਣਦੀ ਕਿਉਂ ਨ੍ਹੀ ਸੀਤਾ ਸਿਆਂ, ਦਸੀਂ ਘਰੀਂ ਹੋਈ ਚੋਰੀ ਦਾ ਤਾਂ ਭਾਂਡਾ ਫ਼ੁੱਟ ਗਿਆ, ਹਜੇ ਜਿਉਂ ਜਿਉਂ ਲੋਕ ਸੱਥ ‘ਚ ਆਈ ਜਾਣਗੇ, ਹੋਰ ਗੱਲਾਂ ਉਧੜਨਗੀਆਂ ਜਿਮੇਂ ਮੱਕੀ ਦੀ ਛੱਲੀ ਤੋਂ ਪੱਤ ਉੱਧੜਦੇ ਹੁੰਦੇ ਐ। ਆਹ ਤੇਰੇ ਗੁਆਂਢੀ ਦੇਵ ਕੱਦੇ ਨਾਲ ਈ ਵੇਖ ਲਾ ਕਿਮੇਂ ਹੋਈ ਐ ਰਾਤ।”
ਸੀਤਾ ਮਰਾਸੀ ਤਰੱਭ ਕੇ ਬੋਲਿਆ, ”ਕਿਉਂ ਉਹਦੇ ਨਾਲ ਕੀ ਹੋ ਗਿਆ। ਆਹ ਬਿੰਦ ਕੁ ਹੋਇਆ ਐਥੋਂ ਦੀ ਚੰਗਾ ਭਲਾ ਨੰਘਿਆ। ਡਾਕ ਬਣਿਆ ਜਾਂਦਾ ਸੀ ਜਿਮੇਂ ਰੁੱਸਿਆ ਵਿਆ ਰੇਲ ਗੱਡੀ ਦਾ ਇੰਜਨ ‘ਕੱਲਾ ਈ ਟੇਸ਼ਨ ‘ਤੇ ਬਿਨਾਂ ਖੜ੍ਹਿਆਂ ਈ ਨੰਘ ਜਾਂਦਾ ਹੁੰਦੈ। ਤੂੰ ਕਹੀ ਜਾਨੈਂ ਦੇਵ ਕੱਦੇ ਨਾਲ ਕੋਈ ਜੱਗੋਂ ਤੇਹਰਮੀਂ ਹੋਗੀ।”
ਮੁਖਤਿਆਰਾ ਮੈਂਬਰ ਸੀਤੇ ਮਰਾਸੀ ਨੂੰ ਕਹਿੰਦਾ, ”ਇਉਂ ਕਿਤੇ ਮੀਰ ਕੋਈ ਆਵਦੀ ਗੱਲ ਦੱਸਦਾ ਹੁੰਦੈ। ਕੱਦੇ ਨੇ ਤਾਂ ਬਥੇਰੀ ਕੋਸ਼ਟ ਕੀਤੀ ਸੀ ਗੱਲ ਲਕੋਣ ਦੀ, ਪਰ ਆਹ ਨਾਥੇ ਅਮਲੀ ਅਰਗਿਆਂ ਨੇ ਕੋਈ ਵਾਹ ਨ੍ਹੀ ਜਾਣ ਦਿੱਤੀ। ਪਤੰਦਰ ਨੇ ਗੁੱਝੀ ਵੀ ਗੱਲ ਇਉਂ ਕੱਢ ਕੇ ਸੱਥ ‘ਚ ਲਿਆ ਕੇ ਰੱਖ ‘ਤੀ ਜਿਮੇਂ ਕੰਨਾਂ ‘ਚੋਂ ਮੈਲ ਕੱਢਣ ਆਲਾ ਮੈਲ ਕੱਢ ਕੇ ਹੱਥ ‘ਤੇ ਰੱਖ ਦਿੰਦਾ ਹੁੰਦੈ।”
ਏਨੇ ਚਿਰ ਨੂੰ ਪ੍ਰਤਾਪਾ ਭਾਊ ਵੀ ਸੱਥ ‘ਚ ਆ ਦੜਕਿਆ। ਪ੍ਰਤਾਪਾ ਭਾਊਂ ਆਉਂਦਾ ਹੀ ਬਾਬੇ ਦਿਆਲ ਸਿਉਂ ਨੂੰ ਕਹਿੰਦਾ, ”ਕੀ ਗੱਲ ਬਾਬਾ ਅੱਜ ਬੈਠਣ ਬੂਠਣ ਦੀ ਹੜਤਾਲ ਹੜਤੂਲ ਐ ਬਈ ਸਾਰਾ ਦਿਨ ਖੜ੍ਹ ਕੇ ਈ ਤਪੱਸਿਆ ਕਰਨੀ ਐ। ਤੂੰ ਤਾਂ ਬੁੜ੍ਹਾ ਬੰਦੈਂ, ਤੂੰ ਤਾਂ ਬਹਿ ਜਾ ਐਮੇਂ ਚੱਕਰ ਚੁੱਕਰ ਆ ਜਾਂਦਾ ਹੁੰਦੈ ਫ਼ੇਰ ਡਾਕਦਾਰ ਤੋਂ ਸੂਏ ਲੁਆ-ਲੁਆ ਪੁੜੇ ਪੋਲੇ ਕਰਾਏਂਗਾ।”
ਨਾਥਾ ਅਮਲੀ ਬਾਬੇ ਨੂੰ ਬਿਠਾਉਣ ਦੀ ਗੱਲ ਸੁਣ ਕੇ ਪ੍ਰਤਾਪੇ ਭਾਊ ਨੂੰ ਇਉਂ ਕਤਾੜ ਕੇ ਪੈ ਗਿਆ ਜਿਮੇਂ ਗਾਰੇ ਨਾਲ ਲਿਬੜਿਆ ਸੂਰ ਕਤੂਰੀ ਨੂੰ ਪੈ ਗਿਆ ਹੁੰਦੈ। ਪੰਜ ਭਾਂਤਾ ਮੂੰਹ ਬਣਾ ਕੇ ਅਮਲੀ ਪ੍ਰਤਾਪੇ ਭਾਊ ਨੂੰ ਕਹਿੰਦਾ, ”ਕਿੱਥੇ ਬਹਿ ਜੇ ਬਾਬਾ, ਥੜ੍ਹੇ ਨੂੰ ਤਾਂ ਸਾਰੇ ਇਉਂ ਘੇਰੀ ਖੜ੍ਹੇ ਐ ਜਿਮੇਂ ਗਪਾਲ ਮੋਚਨੇ ਦੇ ਮੇਲੇ ‘ਤੇ ਜੇਬ੍ਹ ਕਤਰਾ ਘੇਰਿਆ ਹੁੰਦੈ। ਥਾਂ ਤਾਂ ਕਿਤੇ ਦੀਂਹਦਾ ਨ੍ਹੀ ਜਿੱਥੇ ਬਾਬੇ ਨੂੰ ਬਹਾਉਣ ਲੱਗਿਐਂ, ਅਕੇ ਬਹਿ ਜਾ ਬਾਬਾ। ਬਹਿ ਜਾ ਬਈ ਬਾਬਾ ਭਾਊ ਆਲੇ ਜੈਪੁਰੀ ਮੂਹੜੇ ‘ਤੇ।”
ਸੀਤਾ ਮਰਾਸੀ ਥੜ੍ਹੇ ਵੱਲ ਹੱਥ ਕਰ ਕੇ ਕਹਿੰਦਾ, ”ਆਹ ਸਾਰਾ ਥੜ੍ਹਾ ਖਾਲੀਉ ਈ ਪਿਆ ਇੱਥੇ ਕਿਹੜਾ ਪਕਾਹ ਦੇ ਟੀਂਡੇ ਖਿੜਣੇ ਪਾਏ ਐ। ਜਿੱਥੇ ਮਰਜੀ ਬਹਿ ਜੇ ਬਾਬਾ। ਕਿਉਂ ਬਾਬਾ ਦਿਆਲ ਸਿਆਂ, ਠੀਕ ਐ ਕੁ ਨਹੀਂ?”
ਬਾਬਾ ਦਿਆਲ ਸਿਉਂ ਹਾਂ ‘ਚ ਹਾਮੀ ਭਰਦਾ ਸੀਤੇ ਮਰਾਸੀ ਨੂੰ ਕਹਿੰਦਾ, ”ਬਹਿ ਤਾਂ ਜਾਨੇਂ ਆਂ ਮੀਰ ਸਿਆਂ! ਪਹਿਲਾਂ ਆਹ ‘ਕੱਠ ਬਾਰੇ ਤਾਂ ਦੱਸ ਦਿਉ ਬਈ ਕੀ ਗੱਲ ਹੋ ਗੀ ਐਨਾ ‘ਕੱਠ ਕਾਹਦੀ ਬਾਬਤ ਕਰੀ ਖੜ੍ਹੇ ਐਂ?”
ਸੀਤਾ ਮਰਾਸੀ ਕਹਿੰਦਾ, ”ਇਹ ‘ਕੱਠ ਤਾਂ ਬਾਬਾ ਇਉਂ ਕੀਤਾ ਬਈ ਰਾਤ ਸਪੀਕਰ ‘ਚ ਪਤਾ ਨ੍ਹੀ ਕੀਹਨੇ ਹੋਕਾ ਦੇ ਕੇ ਚੱਕੀ ‘ਤੇ ‘ਕੱਠ ਤਾਂ ਕਰ ਲਿਆ ਬਈ ਬਿਜਲੀ ਘਰ ਜਾ ਕੇ ਬਿਜਲੀ ਆਲਿਆਂ ਨੂੰ ਕਹਿ ਕੁਹਾ ਕੇ ਬਿਜਲੀ ਛਡਾਈਏ। ‘ਕੱਠ ਹੋ ਗਿਆ ਅੱਧੇ ਪਿੰਡ ਦਾ। ਕੋਈ ਕੁਸ ਕਹੇ ਕੋਈ ਕੁਸ ਕਹੇ। ਘੁੱਲਾ ਸਰਪੈਂਚ ਕਹਿੰਦਾ ‘ਤੁਰੋ ਹੁਣ ਬਿਜਲੀ ਘਰ ਨੂੰ ਤੁਰਦੇ ਕਿਉਂ ਨ੍ਹੀ’? ਐਥੇ ਗੱਲਾਂ ਮਾਰਨ ਨੂੰ ਵੀਹਾਂ ਅਰਗੇ ਸੀ ਬਿਜਲੀ ਘਰ ਅੱਲ ਕੋਈ ਮੂੰਹ ਨਾ ਕਰੇ। ਬਾਬਾ ਤਾਰਾ ਸਿਉਂ ਆਵਦੇ ਕੋਠੇ ‘ਤੇ ਖੜ੍ਹਾ ਕਹੀ ਜਾਵੇ ਬਈ ਜੇ ਕਿਸੇ ਨੇ ਤੁਰਨਾ ਨ੍ਹੀ ਸੀ ਤਾਂ ਸਪੀਕਰ ‘ਚ ਹੋਕਾ ਕਾਹਤੋਂ ਦੁਆਇਆ।”
ਬਾਬੇ ਦਿਆਲ ਸਿਉਂ ਨੇ ਪੁੱਛਿਆ, ”ਹੋਕਾ ਦਿੱਤਾ ਕੀਹਨੇ ਸੀ ਉਹ ਵੀ ਵੇਖੋ। ਉਹਨੂੰ ਲਾਓ ਖਾਂ ਮੂਹਰੇ?”
ਨਾਥਾ ਅਮਲੀ ਕਹਿੰਦਾ, ”ਓਸੇ ਗੱਲ ਦਾ ਤਾਂ ਬਾਬਾ ਰੌਲ਼ਾ ਪਈ ਜਾਂਦੈ। ਮੈਂ ਤਾਂ ਇਨ੍ਹਾਂ ਨੂੰ ਤੜਕੇ ਉਠਣਸਾਰ ਈ ਦੱਸ ‘ਤਾ ਸੀ ਬਈ ਹੋਕਾ ਬਿਜਲੀ ਗਈ ਦਾ ਨ੍ਹੀ ਦੁਆਇਆ। ਮੈਨੂੰ ਤਾਂ ਲੱਗਦਾ ਹੋਕਾ ਤਾਂ ਬੋਘੇ ਕੱਟੀ ਨੇ ਦੁਆਇਆ ਸੀ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਉਹਨੂੰ ਕੀ ਲੋੜ ਪਈ ਸੀ ਹੋਕਾ ਦਵਾਉਣ ਦੀ ਬਈ। ਉਹਦੇ ਤਾਂ ਘਰੇ ਬਿਜਲੀ ਦੀ ਤਾਰ ਦਾ ਟੋਟਾ ਮਨ੍ਹੀ ਹੋਣਾ ਬਿਜਲੀ ਕਿੱਥੋਂ ਹੋਊ। ਚੋਰ ਤਾਂ ਹੈ ਉਹੋ। ਉਹਦੇ ਆਖੇ ਲੱਗ ਕੇ ਅੱਧੇ ਪਿੰਡ ਨੇ ਢੂਹੀ ਭੰਨਾਅ ਲੀ।”
ਨਾਥਾ ਅਮਲੀ ਕਹਿੰਦਾ, ”ਉਹੀ ਤਾਂ ਨੰਬਰਦਾਰਾ ਮੈਂ ਗੱਲ ਕਰਦਾਂ। ਹੁਣ ਰੌਲ਼ਾ ਰਾਤ ਨੂੰ ਹੋਈ ਚੋਰੀ ਦਾ ਪਈ ਜਾਂਦੈ। ਪੰਦਰਾਂ ਘਰਾਂ ਦੇ ਚੋਰੀ ਹੋ ਗੀ ਰਾਤੇ ਰਾਤ। ਉਹਨੇ ਬੋਘੇ ਨੇ ਕੀ ਕੀਤਾ ਨਾਹ, ਜਦੋਂ ਬਿਜਲੀ ਚਲੀ ਗਈ ਤਾਂ ਬੋਘੇ ਕੱਟੀ ਨੇ ਗੁਰਦੁਆਰਾ ਸਾਹਿਬ ‘ਚ ਜਾ ਕੇ ਗਰੰਥੀ ਸਿੰਘ ਨੂੰ ਕਹਿ ‘ਤਾ ਬਈ ਸਪੀਕਰ ‘ਚ ਹੋਕਾ ਦੇ ਦੇ ਬਈ ਤਾਰੇ ਮੋਹਰੇ ਕੀ ਚੱਕੀ ‘ਤੇ ਸਾਰੇ ਜਣੇ ‘ਕੱਠੇ ਹੋ ਜੋ, ਬਿਜਲੀ ਘਰ ਜਾ ਕੇ ਉਨ੍ਹਾਂ ਨੂੰ ਕਹੀਏ ਕਿ ਸਾਡੇ ਜੁਆਕਾਂ ਨੂੰ ਮੱਛਰ ਵੱਢ ਵੱਢ ਖਾਂਦੈ, ਬਿਜਲੀ ਕਿਉਂ ਬੰਦ ਕੀਤੀ ਐ ਬਿਜਲੀ ਛੱਡੋ। ਹੋਕਾ ਸੁਣਦੇ ਸਾਰ ਅੱਧੇ ਪਿੰਡ ਦੇ ਹਰੇਕ ਘਰ ਦੇ ਬੰਦੇ ਤਾਰੇ ਮੋਹਰੇ ਕੀ ਆਟਾ ਚੱਕੀ ‘ਤੇ ਜਾ ਅੱਪੜੇ। ਘੈਂਸ ਘੈਂਸ ਕਰਦਿਆਂ ਨੂੰ ਓੱਥੇ ਤਿੰਨ ਚਾਰ ਘੈਂਟੇ ਲੱਗ ਗੇ। ਏਨੇ ਚਿਰ ਨੂੰ ਬੋਘਾ ਜੀ ਪੰਦਰਾਂ ਘਰਾਂ ਦੀ ਸਫਾਈ ਕਰ ਕੇ ਪੱਤੇ ਲੀਹ ਹੋਇਆ। ਇਹ ਹੋਕਾ ਤਾਂ ਬੋਘੇ ਨੇ ਈ ਦੁਆਇਆ ਸੀ ਬਈ ਲੋਕ ਚੱਕੀ ‘ਤੇ ਕੱਠੇ ਹੋ ਜਾਣਗੇ, ਉਨ੍ਹਾਂ ਦੇ ਘਰਾਂ ‘ਚ ਕੋਈ ਹੋਣਾ ਨ੍ਹੀ, ਆਪਾਂ ਪੰਜ ਚਾਰ ਘਰਾਂ ‘ਚ ਕੱਤਣੀ ਨੂੰ ਫੁੱਲ ਲਾ ਈ ਦੇਮਾਂਗੇ। ਆਹ ਗੱਲ ਹੋਈ ਐ ਬਾਬਾ। ਹੁਣ ‘ਕੱਠ ਇਉਂ ਕੀਤਾ ਬਈ ਬੋਘੇ ਕੱਟੀ ਨੂੰ ਪਚੈਤ ‘ਚ ਸੱਦੋ ਜਾਂ ਠਾਣੇ ‘ਤਲਾਹ ਉਹਨੂੰ ਫੜ੍ਹਾਈਏ ਬਈ ਇਹੀ ਚੋਰ ਐ।”
ਏਨੇ ਚਿਰ ਨੂੰ ਗੱਲਾਂ ਕਰੀ ਜਾਂਦਿਆਂ ਤੋਂ ਪੁਲਿਸ ਦੀ ਭਰੀ ਜੀਪ ਜਿਉਂ ਹੀ ਸੱਥ ਕੋਲ ਆ ਕੇ ਰੁਕੀ ਤਾਂ ਠਾਣੇਦਾਰ ਜੀਪ ‘ਚੋਂ ਉੱਤਰ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਤੁਹਾਡੇ ਪਿੰਡ ‘ਚ ਰਾਤ ਨੂੰ ਹੋਈ ਚੋਰੀ ਦੀ ਥਾਣੇ ਇਤਲਾਹ ਗਈ ਐ, ਤੁਸੀ ਸਾਰੇ ਜਣੇ ਵੱਡੀ ਧਰਮਸ਼ਾਲਾ ‘ਚ ਆ ਜੋ।”
ਇੰਨੀ ਗੱਲ ਕਹਿ ਕੇ ਥਾਣੇਦਾਰ ਜੀਪ ‘ਚ ਬਹਿ ਪਿੰਡ ਦੀ ਵੱਡੀ ਧਰਮਸ਼ਾਲਾ ਵੱਲ ਨੂੰ ਚੱਲ ਪਿਆ। ਥਾਣੇਦਾਰ ਤੋਂ ਸੁਨੇਹਾ ਸੁਣਦੇ ਸਾਰ ਹੀ ਸੱਥ ‘ਚ ਖੜ੍ਹੇ ਸਾਰੇ ਲੋਕ ਵੱਡੀ ਧਰਮਸ਼ਾਲਾ ਵੱਲ ਨੂੰ ਇਉਂ ਚੱਲ ਪਏ ਜਿਮੇਂ ਪੰਚਾਇਤ ਦੀਆਂ ਵੋਟਾਂ ਵੇਲੇ ਮੈਂਬਰ ਸਰਪੈਂਚ ਵੋਟਾਂ ਮੰਗਣ ਲਈ ‘ਕੱਠ ਕਰ ਕੇ ਪਿੰਡ ‘ਚ ਘਰ ਘਰ ਤੁਰੇ ਫ਼ਿਰਦੇ ਹੋਣ। ਵੇਖਦਿਆਂ ਵੇਖਦਿਆਂ ਹੀ ਸੱਥ ਸੁੰਨੀ ਹੋ ਗਈ।