ਨਵੀਂ ਦਿੱਲੀ/ਗਾਂਧੀਨਗਰ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੇ 28 ਉਮੀਦਵਾਰਾਂ ਦੀ ਤੀਜੀ ਸੂਚੀ ਅੱਜ ਯਾਨੀ ਸੋਮਵਾਰ ਨੂੰ ਜਾਰੀ ਕੀਤੀ, ਜਿਸ ‘ਚ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੀ ਬੇਹੱਦ ਕਰੀਬੀ ਮੰਨੀ ਜਾਣ ਵਾਲੀ ਸਾਬਕਾ ਮਹਿਲਾ ਮੰਤਰੀ ਵਸੁਬੇਨ ਤ੍ਰਿਵੇਦੀ ਅਤੇ ਇਕ ਮੌਜੂਦਾ ਮੰਤਰੀ ਵਾਨਾਣੀ ਸਮੇਤ 15 ਮੌਜੂਦਾ ਵਿਧਾਇਕਾਂ ਦੇ ਟਿਕਟ ਕੱਟ ਦਿੱਤੇ ਗਏ ਹਨ। ਮੌਜੂਦਾ ਵਿਧਾਨ ਸਭਾ ਸਪੀਕਰ ਅਤੇ ਸੀਨੀਅਰ ਦਲਿਤ ਨੇਤਾ ਰਮਨਲਾਲ ਵੋਰਾ ਦੀ ਸੀਟ ਈਡਰ ਤੋਂ ਬਦਲ ਕੇ ਦਸਾੜਾ ਕਰ ਦਿੱਤੀ ਗਈ ਹੈ, ਜਦੋਂ ਕਿ ਸਾਬਕਾ ਵਿੱਤ ਮੰਤਰੀ ਸੌਰਭ ਪਟੇਲ ਨੂੰ ਅਕੋਟ ਦੀ ਜਗ੍ਹਾ ਮਾਂਡਵੀ ਤੋਂ ਉਤਾਰਿਆ ਗਿਆ ਹੈ। ਇਸ ਸੂਚੀ ‘ਚ ਕੁੱਲ 12 ਪਾਟੀਦਾਰ ਉਮੀਦਵਾਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਦੋਂ ਕਿ ਇਕ ਮਾਤਰ ਮਹਿਲਾ ਉਮੀਦਵਾਰ ਦੇ ਤੌਰ ‘ਤੇ 84 ਸੀਟ ‘ਤੇ ਜੰਖਨਾਬੇਨ ਪਟੇਲ ਨੂੰ ਦੁਬਾਰਾ ਟਿਕਟ ਦਿੱਤਾ ਗਿਆ ਹੈ।
ਇਸ ਵਾਰ ਕੁੱਲ ਮਿਲਾ ਕੇ 9 ਵਿਧਾਇਕਾਂ ਨੂੰ ਹੀ ਫਿਰ ਤੋਂ ਟਿਕਟ ਦਿੱਤਾ ਗਿਆ ਹੈ। ਸਾਬਕਾ ਮੰਤਰੀ ਤਾਰਾਚੰਛ ਛੇੜਾ ਦੀ ਵੀ ਇਸ ਵਾਰ ਛੁੱਟੀ ਕਰ ਦਿੱਤੀ ਗਈ ਹੈ। ਸ਼੍ਰੀਮਤੀ ਤ੍ਰਿਵੇਦੀ ਦੀ ਜਗ੍ਹਾ ਜਾਮਨਗਰ ਦੱਖਣੀ ਸੀਟ ‘ਤੇ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਆਰ.ਸੀ. ਫਲਦੂ ਨੂੰ ਉਤਾਰਿਆ ਗਿਆ ਹੈ। ਭਾਜਪਾ ਇਸ ਤੋਂ ਪਹਿਲਾਂ 70 ਅਤੇ 36 ਉਮੀਦਵਾਰਾਂ ਦੀਆਂ 2 ਸੂਚੀਆਂ ਜਾਰੀ ਕਰ ਚੁਕੀ ਸੀ। ਇਸ ਤਰ੍ਹਾਂ ਹੁਣ ਤੱਕ ਕੁੱਲ ਮਿਲਾ ਕੇ ਤਿੰਨ ਸੂਚੀਆਂ ‘ਚ 134 ਉਮੀਦਵਾਰ ਐਲਾਨ ਕੀਤੇ ਜਾ ਚੁਕੇ ਹਨ। 182 ਸੀਟਾਂ ਵਾਲੀਆਂ ਗੁਜਰਾਤ ਵਿਧਾਨ ਸਭਾ ਦੀਆਂ 89 ਸੀਟਾਂ ‘ਤੇ ਪਹਿਲੇ ਪੜਾਅ ‘ਚ 9 ਦਸੰਬਰ ਨੂੰ ਅਤੇ ਬਾਕੀ 93 ‘ਤੇ ਦੂਜੇ ਪੜਾਅ ‘ਚ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਮੁੱਖ ਵਿਰੋਧੀ ਕਾਂਗਰਸ ਨੇ ਐਤਵਾਰ ਦੀ ਰਾਤ ਹੀ ਆਪਣੇ 77 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਦੋਹਾਂ ਦਲਾਂ ਨੂੰ ਟਿਕਟਾਂ ਦੇ ਐਲਾਨ ਦਰਮਿਆਨ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।