ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਮਜ਼ੋਰ ਆਧਾਰ ‘ਤੇ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਯੂ.ਸੀ.) ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਨੇ ਇਹ ਦੋਸ਼ ਵੀ ਲਗਾਇਆ ਕਿ ਸਰਕਾਰ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਉਨ੍ਹਾਂ ਨੇ ਇਸ ਨੂੰ ਗਲਤ ਟੈਕਸ ਪ੍ਰਣਾਲੀ ਦੱਸਿਆ।
ਕਾਂਗਰਸ ਚੇਅਰਪਰਸਨ ਨੇ ਨੋਟਬੰਦੀ ਨੂੰ ਲੈ ਕੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਕਦਮ ਨਾਲ ਲੱਖਾਂ ਲੋਕ ਪਰੇਸ਼ਾਨੀ ‘ਚ ਰਹੇ। ਉਨ੍ਹਾਂ ਨੇ ਪਾਰਟੀ ਦੀ ਸਰਵਉੱਚ ਫੈਸਲਾ ਇਕਾਈ ਦੀ ਬੈਠਕ ‘ਚ ਕਿਹਾ ਕਿ ਮੋਦੀ ਸਰਕਾਰ ਨੇ ਕਮਜ਼ੋਰ ਆਧਾਰ ‘ਤੇ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਰੁਕਾਵਟ ਪੈਦਾ ਕਰ ਕੇ ਆਪਣੇ ਘਮੰਡ ‘ਚ ਭਾਰਤ ਦੇ ਸੰਸਦੀ ਲੋਕਤੰਤਰ ‘ਤੇ ਕਾਲੀ ਛਾਇਆ ਪਾ ਦਿੱਤੀ ਹੈ। ਸੋਨੀਆ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਜੇਕਰ ਸਰਕਾਰ ਸੋਚਦੀ ਹੈ ਕਿ ਲੋਕਤੰਤਰ ਦੇ ਮੰਦਰ ਨੂੰ ਬੰਦ ਕਰ ਕੇ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਬਚ ਸਕੇਗੀ ਤਾਂ ਇਹ ਗਲਤ ਹੈ।
ਕਾਂਗਰਸ ਚੇਅਰਪਰਸਨ ਨੇ ਕਿਹਾ ਕਿ ਸੰਸਦ ਦੇ ਮੰਚ ‘ਤੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਉੱਚ ਅਹੁਦਿਆਂ ‘ਤੇ ਭ੍ਰਿਸ਼ਟਾਚਾਰ ਦੇ ਸਵਾਲ, ਮੰਤਰੀਆਂ ਦੇ ਹਿੱਤਾਂ ਦੇ ਟਕਰਾਅ ਅਤੇ ਸ਼ੱਕੀ ਰੱਖਿਆ ਸੌਦਿਆਂ ‘ਤੇ ਸਵਾਲ। ਸਰਕਾਰ ਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ ਪਰ ਗੁਜਰਾਤ ਚੋਣਾਂ ਤੋਂ ਪਹਿਲਾਂ ਸਵਾਲ-ਜਵਾਬ ਤੋਂ ਬਚਣ ਲਈ ਸਰਕਾਰ ਨੇ ਸਰਦ ਰੁੱਤ ਸੈਸ਼ਨ ਨੂੰ ਉਸ ਦੇ ਆਯੋਜਨ ਦੇ ਸਮੇਂ ਨਹੀਂ ਬੁਲਾ ਕੇ ਇਕ ਅਸਾਧਾਰਣ ਕਦਮ ਚੁੱਕਿਆ ਹੈ। ਸੰਸਦ ਦੀ ਸਰਦ ਰੁੱਤ ਸੈਸ਼ਨ ਰਵਾਇਤੀ ਰੂਪ ਨਾਲ ਨਵੰਬਰ ਦੇ ਤੀਜੇ ਹਫਤੇ ‘ਚ ਸ਼ੁਰੂ ਹੋ ਕੇ ਦਸੰਬਰ ਦੇ ਤੀਜੇ ਹਫਤੇ ਤੱਕ ਚੱਲਦਾ ਹੈ। ਸੂਤਰਾਂ ਅਨੁਸਾਰ ਸਰਕਾਰ ਸਿਰਫ ਕਰੀਬ 10 ਦਿਨ ਦੇ ਸਰਦ ਰੁੱਤ ਸੈਸ਼ਨ ਦੇ ਆਯੋਜਨ ‘ਤੇ ਵਿਚਾਰ ਕਰ ਰਹੀ ਹੈ, ਜੋ ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੋ ਸਕਦਾ ਹੈ। ਕਾਂਗਰਸ ਚੇਅਰਪਰਸਨ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਯੋਗਦਾਨ ਨੂੰ ਮਿਟਾ ਕੇ ਆਧੁਨਿਕ ਭਾਰਤ ਦੇ ਇਤਿਹਾਸ ਨੂੰ ਜ਼ਬਰਨ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।