ਜਿਉਂ ਹੀ ਜੰਗੀਰੇ ਭਾਊ ਦਾ ਮੁੰਡਾ ਘੁੱਕਾ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਬਾਬੇ ਚੰਨਣ ਸਿਉਂ ਨੇ ਬਿਰਧ ਅਵਸਥਾ ‘ਚੋਂ ਘੁੱਕੇ ਨੂੰ ਆਵਾਜ਼ ਦਿੱਤੀ, ”ਘੁੱਕ ਸਿਆਂ! ਗੱਲ ਸੁਣ ਕੇ ਜਾਈਂ ਪੁੱਤ ਓਏ।”

ਬਾਬੇ ਚੰਨਣ ਸਿਉਂ ਦੀ ਆਵਾਜ਼ ਸੁਣ ਕੇ ਘੁੱਕਾ ਤੁਰਿਆ ਜਾਂਦਾ ਥਾਂ ‘ਤੇ ਹੀ ਖੜ੍ਹ ਕੇ ਬੋਲਿਆ, ”ਹਾਂ ਬਾਬਾ ਜੀ, ਛੇਤੀ ਦੱਸਿਓ ਕੀ ਗੱਲ ਐ ਮੈਂ ਕਿਸੇ ਜ਼ਰੂਰੀ ਕੰਮ ਚੱਲਿਐਂ।”

ਨਾਥਾ ਅਮਲੀ ਘੁੱਕੇ ਦਾ ਜਵਾਬ ਸੁਣ ਕੇ ਘੁੱਕੇ ਨੂੰ ਹਰਖੀ ਬਾਂਦਰੀ ਵਾਂਗੂੰ ਪਿਆ, ”ਆਹ ਬਾਕੀ ਦੇ ਕਿਤੇ ਵੇਹਲੇ ਈ ਐ, ਤੈਨੂੰ ਈ ਬਾਹਲਾ ਕੰਮ ਐ ਓਏ। ਬਾਬੇ ਨੇ ਵੀ ਤੈਨੂੰ ਕੰਮ ਕਰ ਕੇ ਈ ਖੜ੍ਹਾਇਆ ਹੋਰ ਕੀ ਤੈਥੋਂ ਫ਼ਲ੍ਹਾ ਖਚਾਉਣੈ। ਅਸੀਂ ਸੱਥ ‘ਚ ਕਿਤੇ ਬਿਨਾਂ ਕੰਮ ਤੋਂ ਈ ਬੈਠੇ ਆਂ। ਬਾਬੇ ਨੇ ਤਾਂ ਤੈਨੂੰ ਬੜੇ ਮਾਣ ਤਾਣ ਨਾਲ ‘ਵਾਜ ਦਿੱਤੀ ਐ, ਤੂੰ ਪਤੰਦਰ ਊਈਂ ਆਟੇ ਦਾ ਸ਼ੀਂਹ ਬਣ ਗਿਐਂ। ਚਲਾਕਿਆਂ ਦੇ ਜੰਗੀਰੇ ਭਾਊ ਕਾ ਸ਼ਕਲਾਂ ਆਲਾਂ ਘੁੱਕਾ ਈ ਐਂ ਤੂੰ। ਹੋਰ ਕਿਤੇ ਕੋਟ ਫ਼ਤੂਹੀ ਆਲਾ ਘੀਚਰ ਤਾਂ ਨ੍ਹੀ ਬਈ ਤੈਨੂੰ ਈ ਬਾਹਲੇ ਕੰਮ ਐ ਬਾਕੀ ਦਾ ਸਾਰਾ ਪਿੰਡ ਵੇਹਲਾ ਈ ਫ਼ਿਰਦੈ। ਸਾਨੂੰ ਵੀ ਤਾਂ ਕਹਿ ਸਕਦਾ ਸੀ ਬਾਬਾ, ਜਿਹੜਾ ਕੁਸ ਤੈਨੂੰ ਕਹਿਣਾ। ਨੇੜੇ ਹੋ ਕੇ ਗੱਲ ਸੁਣੀਂਦੀ ਹੁੰਦੀ ਐ ਬਜੁਰਗਾਂ ਦੀ। ਤੂੰ ਤਾਂ ਪਤੰਦਰਾ ਨਕੋਦਰੋਂ ਈ ਖੜ੍ਹਾ ਪੁੱਛਣ ਨੂੰ ਫ਼ਿਰਦੈਂ ਡੇਰੇ ਆਲੇ ਬਾਬੇ ਲਫ਼ੇੜਾ ਦਾਸ ਆਂਗੂੰ। ਆ ਜਾ ਹੁਣ ਪੈਰ ਤਾਂ ਮਲਿਆ ਈ ਐ। ਦੱਸ ਜਾ ਬਾਬੇ ਨੂੰ ਕੀ ਪੁੱਛਦੈ।”

ਨਾਥੇ ਅਮਲੀ ਦਾ ਘੂਰਿਆ ਘੁੱਕਾ ਮੈਸੀ ਟਰੈਕਟਰ ਵਾਂਗੂੰ ਖੱਬੇ ਪੈਰ ‘ਤੇ ਘੁੰਮ ਕੇ ਬਾਬੇ ਕੋਲ ਸੱਥ ‘ਚ ਆ ਬੈਠਾ। ਬਾਬੇ ਦੇ ਗੋਡੀਂ ਹੱਥ ਲਾ ਕੇ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਹਾਂ ਬਾਬਾ ਜੀ ਦੱਸੋ।”

ਨਾਥਾ ਅਮਲੀ ਕਹਿੰਦਾ, ”ਹੁਣ ਨੇੜੇ ਆ ਕੇ ਬੜਾ ਇਉਂ ਢਿੱਲਾ ਜਾ ਹੋ ਗਿਐਂ ਓਏ ਜਿਮੇਂ ਜੇਠ ਹਾੜ੍ਹ ਦੀ ਗਰਮੀਂ ‘ਚ ਬੈਠਕ ‘ਚ ਪਿਆ ਗੁੜ ਤਖ਼ਤਿਆਂ ਦੇ ਥੱਲੋਂ ਦੀ ਬਾਹਰ ਨੂੰ ਆਉਂਦਾ ਹੁੰਦੈ। ਪਰ੍ਹੇ ਰਾਹ ‘ਚ ਖੜ੍ਹਾ ਤਾਂ ਤੂੰ ਇਉਂ ਬੋਲਦਾ ਸੀ ਓਏ ਜਿਮੇਂ ਕਸਾਈ ਬੱਕਰੀ ਨੂੰ ਪੈਂਦਾ ਹੁੰਦੈ।”

ਅਮਲੀ ਦੇ ਮੂੰਹੋਂ ਬੱਕਰੀ ਦੀ ਗੱਲ ਸੁਣ ਕੇ ਜੰਗਾ ਰਾਹੀ ਕਹਿੰਦਾ, ”ਕਿਉਂ ਅਮਲੀਆ ਓਏ! ਕਹਿੰਦੇ ਤਾਂ ਇਉਂ ਹੁੰਦੇ ਐ ਬਈ ਬੱਕਰੇ ਨੂੰ ਕਸਾਈ ਪੈ ਗਿਆ, ਤੂੰ ਪਤੰਦਰਾ ਬੱਕਰੀ ਮਰਵਾਈ ਜਾਨੈਂ ਕਸਾਈ ਤੋਂ।

ਅਮਲੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਬੱਕਰੇ ਤਾਂ ਮੁੱਕ ਗੇ, ਹੁਣ ਤਾਂ ਬੱਕਰੀਆਂ ਈਂ ਰਹਿ ਗੀਆਂ। ਆਹ ਆਪਣੇ ਪਿੰਡ ਆਲਾ ਗੱਜੂ ਝੜਕਈ ਕੌਰੂ ਆਜੜੀ ਤੋਂ ਬੱਕਰੀਆਂ ਈ ਲਜਾ ਲਜਾ ਵੱਢੀ ਜਾਂਦੈ। ਤਾਹੀਂ ਮੈਂ ਕਿਹਾ ਬਈ ਜਿਮੇਂ ਕਸਾਈ ਬੱਕਰੀ ਨੂੰ ਪੈਂਦਾ ਹੁੰਦੈ।”

ਮਾਹਲਾ ਨੰਬਰਦਾਰ ਜੰਗੇ ਰਾਹੀ ਤੇ ਨਾਥੇ ਅਮਲੀ ਨੂੰ ਚੁੰਝੋ ਚੁੰਝੀ ਹੋਈ ਜਾਂਦਿਆਂ ਨੂੰ ਵੇਖ ਕੇ ਬੋਲਿਆ, ”ਓਏ ਕਿਸੇ ਸੱਦੇ ਭੜੂਏ ਦੀ ਵੀ ਸੁਣ ਲਿਆ ਕਰੋ, ਆਵਦਾ ਈ ਘਰਾਸ ਚਲਾ ਕੇ ਬਹਿ ਜਾਨੇਂ ਐਂ। ਆਹ ਚੰਨਣ ਸਿਉਂ ਨੇ ਤਾਂ ਕੰਮ ਧੰਦੇ ਤੁਰੇ ਜਾਂਦੇ ਬੰਦੇ ਨੂੰ ਮਿੰਨਤ ਤਰਲਾ ਕਰ ਕੇ ਸੱਥ ‘ਚ ਖਲ੍ਹਾਰਿਐ ਬਈ ਗੱਲ ਸੁਣ ਕੇ ਜਾਈਂ, ਤੁਸੀਂ ਆਵਦਾ ਈ ਰਾਗ ਗਾਉਣ ਲੱਗ ਪੇ ਐਂ। ਇਹਤੋਂ ਵੀ ਸੁਣ ਲੋ ਬਈ ਚੰਨਣ ਸਿਉਂ ਕੀ ਪੁੱਛਦੈ?”

ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨਾਥਾ ਅਮਲੀ ਘੁੱਕੇ ਵੱਲ ਨੂੰ ਹੋਇਆ, ”ਹਾਂ ਬਈ ਘੁੱਕਾ ਸਿਆਂ! ਤੂੰ ਦੱਸ ਕਿਮੇਂ ਐਂ ਫ਼ਿਰ?”

ਬਾਬਾ ਚੰਨਣ ਸਿਉਂ ਕਹਿੰਦਾ, ”ਇਹਨੂੰ ਤਾਂ ਮੈਂ ਸੱਦਿਆ ਤੁਰੇ ਜਾਂਦੇ ਨੂੰ। ਮੈਂ ਤਾਂ ਘੁੱਕੇ ਤੋਂ ਇਉਂ ਪੁੱਛਦਾਂ ਬਈ ਸੋਡੇ ਗੁਆਂਢੀ ਚਰਨ ਕੇ ਤਾਰੇ ਅਰਗੇ ਆ ਗੇ ਬਈ ਬਾਹਰੋਂ?”

ਘੁੱਕਾ ਕਹਿੰਦਾ, ”ਆ ਤਾਂ ਗਏ ਪਰ ਕਹਿੰਦੇ ਜਹਾਜ ‘ਚ ਜਲੂਸ ਕਢਾ ਕੇ ਆਏ ਐ।”

ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ। ਕਿਸੇ ਨਾਲ ਛੇੜਖਾਨੀ ਕਰ ‘ਤੀ ਕੁ ਕੋਈ ਹੋਰ ਨਮਾਂ ਚੰਦ ਚਾੜ੍ਹ ‘ਤਾ?”

ਘੁੱਕਾ ਨਾਥੇ ਅਮਲੀ ਵੱਲ ਹੱਥ ਕਰ ਕੇ ਕਹਿ ਕੇ ਉੱਠ ਗਿਆ, ”ਆਹ ਤਾਏ ਨਾਥਾ ਸਿਉਂ ਨੂੰ ਵੀ ਪਤਾ ਈ ਐ, ਇਹਦੇ ਵੀ ਸਕੀਰੀ ਆਲੇ ਤਾਰੇ ਕਿਆਂ ਆਲੇ ਜਹਾਜ ਚੀ ਆਏ ਐ। ਇਹਤੋਂ ਪੁੱਛ ਲੋ ਨਾਲੇ ਘੋਟ ਘੋਟ ਸਣਾਓ ਜਿਮੇਂ ਨੈਬ ਕੋਟੀਆ ਘਮਿਆਰ ਕਵੀਸ਼ਰੀ ਸਣਾਉਦਾ ਹੁੰਦੈ। ਮਸਾਲੇ ਲਾ ਲਾ ਦੱਸੂ।”

ਇੰਨੀ ਗੱਲ ਕਹਿ ਕੇ ਘੁੱਕਾ ਤਾਂ ਸੱਥ ‘ਚੋਂ ਚਲਾ ਗਿਆ ਫੇਰ ਨਾਥੇ ਅਮਲੀ ਨੇ ਸਾਂਭ ਲਿਆ ਸਪੀਕਰ। ਬਾਬੇ ਚੰਨਣ ਸਿਉਂ ਨੇ ਤਾਰੇ ਬਾਰੇ ਗੱਲ ਸੁਣਨ ਤੋਂ ਪਹਿਲਾਂ ਨਾਥੇ ਅਮਲੀ ਨੂੰ ਪੁੱਛਿਆ, ”ਕਿਉ ਅਮਲੀਆ ਓਏ! ਯਰ ਪਹਿਲਾਂ ਤਾਂ ਤੂੰ ਇਉਂ ਦੱਸ ਬਈ ਘੁੱਕੇ ਨੂੰ ਸ਼ਕਲਾਂ ਆਲਾ ਕਿਉਂ ਕਹਿੰਦਾ ਸੀ?”

ਨਾਥਾ ਅਮਲੀ ਹੱਥ ਤੇ ਹੱਥ ਮਾਰ ਕੇ ਹੱਸ ਕੇ ਕਹਿੰਦਾ, ”ਆਪਣੇ ਸਕੂਲ ‘ਚ ਮੁਤਸਰ ਤੋਂ ਇੱਕ ਡਰੈਂਗ ਆਲਾ ਮਾਹਟਰ ਪੜਾਉਣ ਆਉਂਦਾ ਹੁੰਦਾ ਸੀ ਨਾਜਰ ਸਿਉਂ। ਉਹਨੇ ਧਰਿਆ ਸੀ ਇਹਦਾ ਨਾਂ ਸ਼ਕਲਾਂ ਆਲਾ। ਹੁਣ ਸਾਰਾ ਪਿੰਡ ਈ ਇਹਨੂੰ ਸ਼ਕਲਾਂ ਆਲੇ ਘੁੱਕੇ ਦੇ ਨਾਂਅ ਨਾਲ ਜਾਣਦੈ।”

ਸੀਤਾ ਮਰਾਸੀ ਕਹਿੰਦਾ, ”ਅਮਲੀਆ ਫ਼ਟ ਦੇਣੇ ਸਣਾ ਦੇ ਗੱਲ, ਦਿਨ ਛਿਪਦੈ ਚੜ੍ਹਦਾ ਨ੍ਹੀ। ਜਦੋਂ ਗੱਲ ਸਣਾਉਣ ਲੱਗ ਜਾਨੈਂ, ਤੇਰੀ ਤਾਂ ਗੱਲ ਵਰ੍ਹੇ ਜਿੱਡੀ ਲੰਮੀ ਹੋ ਜਾਂਦੀ ਹੁੰਦੀ ਐ।”

ਅਮਲੀ ਕਹਿੰਦਾ, ”ਇਕ ਘੁੱਕਾ ਪੰਜ ਸੱਤ ‘ਕ ਜਮਾਤਾਂ ਈਂ ਪੜ੍ਹਿਐ। ਉਹ ਡਰੈਂਗ ਆਲੇ ਮਾਹਟਰ ਨੇ ਕਿਤੇ ਸਾਰੀ ਜਮਾਤ ਨੂੰ ਡਰੈਂਗ ਦੀਆਂ ਕੋਈ ਸ਼ਕਲਾਂ ਬਣਾਉਣੀਆਂ ਦੱਸ ‘ਤੀਆਂ ਬਈ ਕਾਤਕ ‘ਤੇ ਆਹ ਆਹ ਸ਼ਕਲਾਂ ਬਣਾ ਕੇ ਲਿਆਇਓ। ਅਗਲੇ ਦਿਨ ਸਾਰੇ ਜੁਆਕਾਂ ਸ਼ਕਲਾਂ ਬਣਾ ਕੇ ਲੈ ਗੇ। ਘੁੱਕਾਂ ਸਿਉਂ ਨੇ ਵੀ ਬਣਾ ਲੀਆਂ, ਜਿੱਥੋਂ ਇਹਦਾ ਸ਼ਕਲਾਂ ਆਲਾ ਨਾਉਂ ਟਿਕਿਐ। ਜਦੋਂ ਮਾਹਟਰ ਜਮਾਤ ‘ਚ ਆਇਆ ਤਾਂ ਆਹ ਕੇ ਕਹਿੰਦਾ ‘ਲਿਆਉ ਬਈ ਜਿਹੜੀਆਂ ਸ਼ਕਲਾਂ ਬਣਾ ਕੇ ਲਿਆਏ ਐਂ, ਵਿਖਾਓ’। ਜੁਆਕ ਸਾਰੇ ਮਾਹਟਰ ਦੁਆਲੇ ਆਪੋ ਆਪਣੇ ਕਾਤਕ ਲੈ ਕੇ ਇਉਂ ‘ਕੱਠੇ ਹੋ ਗੇ ਜਿਮੇਂ ਕਾਮਾਂ ਨੇ ਉੱਲੂ ਘੇਰਿਆ ਹੁੰਦੈ। ਜੁਆਕ ਇੱਕ ਦੂਜੇ ਤੋਂ ਮੂਹਰੇ ਹੋ ਹੋ ਕੇ ਮਾਹਟਰ ਨੂੰ ਕਾਤਕ ਵਖਾਉਣ ‘ਚ ਝੀਟ ਮਚੀਟੋ ਹੋਈ ਜਾਣ। ਮਾਹਟਰ ‘ਕੱਲੇ ‘ਕੱਲੇ ਦੇ ਕਾਤਕ ਵੇਖੀ ਜਾਵੇ। ਇਹ ਘੁੱਕਾ ਸਾਰਿਆਂ ਤੋਂ ਮਗਰ ਖੜ੍ਹਾ ਮਾਹਟਰ ਨੂੰ ਕਹੀ ਜਾਵੇ ‘ਮਾਹਟਰ ਜੀ! ਮੇਰੀ ਵੀ ਸ਼ਕਲ ਵੇਖ ਲੋ। ਮਾਹਟਰ ਜੀ ਮੇਰੀ ਵੀ ਸ਼ਕਲ ਵੇਖ ਲੋ। ਇਹ ਤਾਂ ਇੱਕੋ ਸਾਹ ਈ ਲੱਗਿਆ ਪਿਆ ਮਾਹਟਰ ਜੀ ਮੇਰੀ ਵੀ ਸ਼ਕਲ ਵੇਖ ਲੋ ਕਹਿਣ। ਜਦੋਂ ਇਹ ਕਹਿਣੋ ਨਾ ਈਂ ਹਟਿਆ ਤਾਂ ਮਾਹਟਰ ਹਰਖ ਗਿਆ। ਮਾਹਟਰ ਇਹਨੂੰ ਘੁੱਕੇ ਨੂੰ ਕਹਿੰਦਾ ‘ਵੇਖੀ ਜਾਨੇਂ ਓਏ ਤੇਰੀ ਸ਼ਕਲ। ਪਤੈ ਸਾਨੂੰ ਤੇਰੀ ਸ਼ਕਲ ਦਾ ਕਿਹੋ ਜੀ ਐ। ਖੜ੍ਹਾ ਰਹਿ ਰਾਮ ਨਾਲ’। ਘੁੱਕਾ ਫ਼ੇਰ ਬੋਲ ਪਿਆ ‘ਰਾਮ ਨਾਲ ਈ ਖੜ੍ਹਾਂ ਜੀ। ਤੋਤੀ ਵੀ ਸਾਡੇ ਨਾਲ ਈ ਖੜ੍ਹੈ’। ਜਦੋਂ ਘੁੱਕੇ ਨੇ ਮਾਹਟਰ ਨੂੰ ਇਹ ਗੱਲ ਕਹੀ ਤਾਂ ਮਾਹਟਰ ਨੇ ਘੁੱਕਾ ਢਾਹ ਲਿਆ। ਥੱਲੇ ਸਿੱਟ ਲਿਆ ਫ਼ਿਰ। ਮਾਰ ਮਾਰ ਠੁੱਡੇ ਘੁੱਕੇ ਦਾ ਤੁੱਕਾ ਬਣਾ ‘ਤਾ। ਨਾਲੇ ਮਾਹਟਰ ਘੁੱਕੇ ਨੂੰ ਕੁੱਟੀ ਜਾਵੇ ਨਾਲੇ ਕਹੀ ਜਾਵੇ ਆਹ ਤੇਰੀ ਸ਼ਕਲ ਐ ਓਏ। ਲਿਆ ਹੁਣ ਵਖਾ ਸ਼ਕਲ’। ਓਸ ਕੁੱਟ ਤੋਂ ਮਗਰੋਂ ਘੁੱਕ ਨੇ ਸਕੂਲ ਤੋਂ ਬਾਬਾ ਲਟੈਰਮਿੰਟ ਈ ਲੈ ਲੀ। ਘੁੱਕਾ ਸਕੂਲ ਜਾਣੋ ਹਟ ਗਿਆ ਤੇ ਮਾਹਟਰ ਨਿੱਤ ਪੁੱਛ ਲਿਆ ਕਰੇ ‘ਓਏ ਓੁਹ ਸ਼ਕਲ ਆਲਾ ਨ੍ਹੀ ਆਇਆ’? ਆਹ ਗੱਲ ਕਰ ਕੇ ਬਾਬਾ ਜੀ ਘੁੱਕੇ ਦਾ ਨਾਉਂ ਸਕਲਾਂ ਆਲਾ ਪੈ ਗਿਆ। ਓਦੋਂ ਤੋਂ ਹੁਣ ਸਾਰਾ ਪਿੰਡ ਘੁੱਕੇ ਨੂੰ ਸ਼ਕਲਾਂ ਆਲਾ ਕਹਿੰਦਾ।”

ਮਾਹਲਾ ਨੰਬਰਦਾਰ ਕਹਿੰਦਾ, ”ਸ਼ਕਲ ਨੂੰ ਇਹਦੀ ਨੂੰ ਕੀ ਹੋਇਆ ਵਿਆ ਸੀ ਅਮਲੀਆ ਓਏ। ਸੁਣਾ ਸਨੱਖਾ ਮੁੰਡੈ ਅਗਲਿਆ ਦਾ। ਸੋਹਣੀ ਤਾਂ ਹੈ ਸ਼ਕਲ ਘੁੱਕੇ ਦੀ।”

ਨਾਥਾ ਅਮਲੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਵੀ ਪੈ ਨਿੱਕਲਿਆ, ”ਜਾਹ ਓਏ ਨੰਬਰਦਾਰਾ। ਤੂੰ ਵੀ ਘਣ ਚੱਕਰ ਈ ਐਂ। ਆਵਦੇ ਮੂੰਹ ਆਲੀ ਸ਼ਕਲ ਦੀ ਨ੍ਹੀ ਸੀ ਗੱਲ ਕਰਦਾ ਘੁੱਕਾ। ਉਹ ਤਾਂ ਜਿਹੜੀ ਕਾਤਕ ‘ਤੇ ਕੋਈ ਸ਼ਕਲ ਵਾਹੀ ਸੀ, ਉਹਦੀ ਗੱਲ ਸੀ। ਤੂੰ ਘੁੱਕੇ ਦੇ ਚੇਹਰੇ ਦੀ ਗੱਲ ਸਮਝ ਗਿਐਂ ਹੈਂਅ?”

ਸੀਤਾ ਮਰਾਸੀ ਕਹਿੰਦਾ, ”ਨੰਬਰਦਾਰ ਨੂੰ ਇਉਂ ਈਂ ਭਲੇਖਾ ਪਿਆ ਅਮਲੀਆ ਜਿਮੇਂ ਤੂੰ ਕਿਹੈ।”

ਨਾਥਾ ਅਮਲੀ ਫ਼ੇਰ ਪੈ ਗਿਆ ਨੰਬਰਦਾਰ ਨੂੰ, ”ਇਹਨੂੰ ਨੰਬਰਦਾਰੀ ਤੋਂ ਵੀ ਤਾਹੀਂ ਹਟਾਇਆ। ਜਿਹੜੇ ਘਰ ਤੋਂ ਪਾਣੀ ਦਾ ਮਾਮਲਾ ਲੈਣਾ ਹੋਇਆ ਕਰੇ ਉਹਦੇ ਤਾਂ ਇਹ ਦਰਾਂ ਮੂਹਰਦੀ ਨੰਘ ਜਿਆ ਕਰੇ, ਜੀਹਨੂੰ ਮਾਮਲਾ ਲੱਗਿਆ ਵਿਆ ਈ ਨ੍ਹੀ ਸੀ, ਉਹਦੇ ਊਈਂ ਤਖਤੇ ਭੰਨੀ ਜਾਇਆ ਕਰੇ।”

ਬਾਬਾ ਚੰਨਣ ਸਿਉਂ ਕਹਿੰਦਾ, ”ਚੱਲ ਛੱਡ ਯਾਰ ਹੁਣ ਇਹ ਗੱਲ। ਹੁਣ ਤੂੰ ਇਉਂ ਦੱਸ ਬਈ ਆਹ ਜਹਾਜ ‘ਚ ਖਰਾਬੀ ਆਲੀ ਕੀ ਗੱਲ ਹੋਈ ਐ ਤਾਰੇ ਅਰਗਿਆਂ ਦੀ, ਉਹ ਦੱਸ ਤੂੰ।”

ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਗਿਆ। ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ ਤਾਰੇ ਅਰਗਿਆਂ ਦੀ ਗੱਲ। ਤਾਰਾ ‘ਕੱਲਾ ਨ੍ਹੀ ਸੀ, ਉਹਦੇ ਅਰਗੇ ਹੋਰ ਵੀ ਕਈ ਢੀਠਾਂ ਨੇ ਜਹਾਜ ‘ਚ ਖਰੂਦ ਪਾਇਐ। ਜਦੋਂ ਜਹਾਜ ਕਨੇਡੇ ਤੋਂ ਉੱਡਿਆ, ਉਨ੍ਹਾਂ ਨੇ ਦਾਰੂ ਮੰਗ ਲੀ। ਬਈ ਛੇਤੀ ਲਿਆ ਕੇ ਦਿਉ। ਜਹਾਜ ਆਲਿਆਂ ਨੇ ਆਵਦੇ ਟੈਮ ਨਾਲ ਦਾਰੂ ਦੇ ‘ਤੀ। ਕਈਆਂ ਨੇ ਤਾਂ ਬਹੁਤੀ ਪੀ ਲੀ। ਪੀ ਕੇ ਉਹ ਤਾਂ ਭਾਈ ਜਿਹੜੀਆਂ ਕੁੜੀਆਂ ਹੋਣੀਐਂ ਅੰਨ ਪਾਣੀ ਵਰਤਾਉਣ ਆਲੀਆਂ, ਉਨ੍ਹਾਂ ਨੂੰ ਅੱਖ ਟਮੱਕੇ ਮਾਰਨ ਲੱਗ ਗੇ। ਜਦੋਂ ਉਹ ਕੁੜੀਆਂ ਅੰਨ ਪਾਣੀ ਲੈ ਕੇ ਆਉਣ ਤਾਂ ਉਨ੍ਹਾਂ ਦੇ ਹੱਥ ਫ਼ੜਨ ਤਕ ਜਾਣ। ਸ਼ਰਾਬ ਪੀ ਕੇ ਐਹੋ ਜੀਆਂ ਹਰਕਤਾਂ ਕਰੀ ਜਾਣ। ਹੋਰ ਸੁਣ ਲਾ ਬਾਬਾ! ਇੱਕ ਦਾ ਤਾਂ ਕਹਿੰਦੇ ਜਹਾਜ ਦੀ ਸ਼ੀਂਟ ‘ਤੇ ਮੂਤ ਈ ਨਿੱਕਲ ਗਿਆ। ਫ਼ਿਟੇ ਮੂੰਹ ਐਹੋ ਜੇ ਸਵਾਰਾਂ ਦੇ। ਜਹਾਜ ‘ਚ ਤਾਂ ਬਾਬਾ ਪੈ ਗੀ ਖਰਲ੍ਹੋ। ਇਹ ਤਾਰੇ ਨੇ ਵੀ ਮਾੜਾ ਮੋਟਾ ਰੌਲਾ ਰੂਲਾ ਤਾਂ ਪਾਇਆ ਈ ਹੋਣੈ, ਤਾਹੀਂ ਤਾਂ ਇਹ ਤਿੰਨ ਦਿਨ ਦਿੱਲੀ ਬੈਠੇ ਰਹੇ ਐ ਇਹ ਤੇ ਬਾਜੇ ਭਾਨੇ ਕਾ ਮੋਠੂ। ਮੈਨੂੰ ਤਾਂ ਲੱਗਦੈ ਪੁਲਸ ਆਲਿਆਂ ਨੇ ਜਹਾਜੋਂ ਉਤਰਦਿਆਂ ਨੂੰ ਈ ਪੱਠਿਆਂ ਦੀ ਪੰਡ ਆਂਗੂੰ ਚੱਕ ਲੇ ਹੋਣੇ ਐਂ, ਤਾਹੀ ਤਿੰਨ ਦਿਨ ਲੱਗ ਗੇ ਹੋਰ ਓੱਥੇ ਭੂਆ ਤਾਂ ਨ੍ਹੀ ਬੈਠੀ ਸੀ ਬਈ ਜੀਹਨੇ ਉਤਰਦਿਆਂ ਨੂੰ ਈ ਰੋਟੀ ਕਰ ‘ਤੀ ਸੀ।”

ਬਾਬਾ ਚੰਨਣ ਸਿਉਂ ਅਮਲੀ ਨੂੰ ਕਹਿੰਦਾ, ”ਮੈਂ ਤਾਂ ਅਮਲੀਆ ਸੁਣਿਐ ਕਹਿੰਦੇ ਇੱਕ ਦੋਂਹ ਨੇ ਤਾਂ ਉਪਰ ਛਾਲ ਵੀ ਕੀਤੀ ਐ।”

ਅਮਲੀ ਹੱਸ ਕੇ ਟਿੱਚਰ ‘ਚ ਕਹਿੰਦਾ, ”ਸ਼ਰਾਬੀ ਹੋਇਆਂ ਨੇ ਜਿਹੜਾ ਕੁਸ ਅੰਦਰੋਂ ਨਿੱਕਲਿਆ ਕੱਢਿਆ ਈ ਹੋਣੈ। ਇਨ੍ਹਾਂ ਲੋਕਾਂ ਨੂੰ ਸ਼ਰਮ ਦਾ ਈ ਘਾਟੈ। ਜਹਾਜ ਆਲਿਆਂ ਨੂੰ ਜਹਾਜ ‘ਚ ਘੋਟਾ ਰੱਖਣਾ ਚਾਹੀਦੈ। ਜਿਹੜਾ ਵੀ ਕੋਈ ਤਿੰਨ ਪੰਜ ਕਰੇ, ਢਾਹ ਲਿਆ ਕਰਨ ਜਿਮੇਂ ਮਲ੍ਹੱਪਾਂ ਦੀ ਦੁਆਈ ਦੇਣ ਵੇਲੇ ਕੱਟਾ ਢਾਈ ਦਾ ਹੁੰਦੈ। ਜਾਂ ਫ਼ਿਰ ਚੰਗਾ ਮੋਟੀਆਂ ਪਲਾਈਆਂ ਆਲਾ ਪਟਾ ਰੱਖਿਆ ਕਰਨ। ਜਹਾਜ ਚੜ੍ਹਣ ਵੇਲੇ ਪਹਿਲਾਂ ਈ ਪੁੱਛ ਲਿਆ ਕਰਨ ਬਈ ਪੈਗ ਸ਼ੈਗ ਲਾਉਂਗੇ। ਜਿਹੜੇ ਹਾਂ ਕਹਿਣ, ਉਨ੍ਹਾਂ ਦੇ ਪੰਜ ਪੰਜ ਪਟੇ ਲਾ ਕੇ ਸ਼ੀਂਟ ‘ਤੇ ਬਠਾਇਆ ਕਰਨ। ਜੇ ਜਹਾਜ ਆਲੇ ਇਹ ਫ਼ਾਰਮੂਲਾ ਵਰਤਨਾ ਸ਼ੁਰੂ ਕਰ ਦੇਣ ਤਾਂ ਸ਼ਰਾਬ ਨਾ ਮੰਗੂ ਕੋਈ। ਹੋਰ ਕੋਈ ਹੱਲ ਨ੍ਹੀ ਇਨ੍ਹਾਂ ਦਾ।”

ਬੁੱਘਰ ਦਖਾਣ ਕਹਿੰਦਾ, ”ਮੈਨੂੰ ਤਾਂ ਲੱਗਦਾ ਤਾਰੇ ਦੇ ਪਟੇ ਈ ਪਏ ਹੋਣਗੇ ਜਿਹੜਾ ਮੰਜੇ ਕੁਰਸੀ ‘ਤੇ ਬੈਠ ਨ੍ਹੀ ਹੁੰਦਾ। ਪਤੰਦਰ ਸਾਰੀ ਦਿਹਾੜੀ ਇਉਂ ਪਿਆ ਰਹਿੰਦਾ ਜਿਮੇਂ ਛਿਟੀਆਂ ਦੇ ਕੁੰਨੂੰ ‘ਚ ਬਮਾਰ ਗਧਾ ਪਿਆ ਹੁੰਦੈ।”

ਬਾਬਾ ਚੰਨਣ ਸਿਉਂ ਕਹਿੰਦਾ, ”ਚਲੋ ਚੱਲ ਵੜਦੇ ਆਂ। ਨਾਲੇ ਸੁੱਖ ਸਾਂਦ ਦਾ ਪਤਾ ਲੈ ਆਉਣੇ ਆਂ, ਨਾਲੇ ਪਟੇ ਪਿਆਂ ਦਾ ਪਤਾ ਲੱਗ ਜੂ।”

ਬਾਬੇ ਦੀ ਗੱਲ ਸੁਣ ਕੇ ਸਾਰੇ ਜਣੇ ਸੱਥ ‘ਚੋਂ ਉੱਠ ਕੇ ਬਾਬੇ ਚੰਨਣ ਸਿਉਂ ਦੇ ਨਾਲ ਹੀ ਬਾਹਰੋਂ ਆਏ ਤਾਰੇ ਦੇ ਘਰ ਨੂੰ ਚੱਲ ਪਏ।