ਅਹਿਮਦਾਬਾਦ— ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਇਸ ਵਾਰ 12 ਲੱਖ ਤੋਂ ਵਧ ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਦੋਂ ਕਿ 100 ਸਾਲ ਜਾਂ ਇਸ ਤੋਂ ਵਧ ਉਮਰ ਦੇ 7600 ਤੋਂ ਵਧ ਵੋਟਰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਰਾਜ ਦੇ 182 ਚੋਣ ਖੇਤਰਾਂ ਦੇ ਉਮੀਦਵਾਰਾਂ ਦੀ ਚੋਣਾਵੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਦਫ਼ਤਰ ਦੇ ਸੂਤਰਾਂ ਅਨੁਸਾਰ ਰਾਜ ‘ਚ 9 ਅਤੇ 14 ਦਸੰਬਰ ਨੂੰ 2 ਪੜਾਵਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ 12 ਲੱਖ 37 ਹਜ਼ਾਰ 606 ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਉਮੀਦਵਾਰਾਂ ਦੀ ਚੋਣਾਵੀ ਕਿਸਮਤ ਦਾ ਫੈਸਲਾ ਕਰਨਗੇ।
ਰਾਜ ‘ਚ ਕੁੱਲ 4 ਕਰੋੜ 35 ਲੱਖ ਤੋਂ ਵਧ ਵੋਟਰ ਹਨ, ਜਿਨ੍ਹਾਂ ‘ਚੋਂ 7670 ਅਜਿਹੇ ਵੋਟਰ ਹਨ, ਜਿਨ੍ਹਾਂ ਦੀ ਉਮਰ 100 ਸਾਲ ਜਾਂ ਇਸ ਤੋਂ ਵਧ ਹੈ। ਰਾਜ ‘ਚ 18 ਤੋਂ 39 ਉਮਰ ਵਰਗ ਦੇ 51.92 ਫੀਸਦੀ ਵੋਟਰ ਹਨ। ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਦੇ 19 ਜ਼ਿਲਿਆਂ ਦੇ 89 ਵਿਧਾਨ ਸਭਾ ਖੇਤਰਾਂ ‘ਚ 9 ਦਸੰਬਰ ਨੂੰ ਪਹਿਲੇ ਪੜਾਅ ਦੀ ਚੋਣ ਹੋਵੇਗੀ, ਜਿਸ ਲਈ ਕੁੱਲ 977 ਉਮੀਦਵਾਰ ਚੋਣ ਮੈਦਾਨ ‘ਚ ਹਨ। ਇਨ੍ਹਾਂ ‘ਚੋਂ 273 ਰਾਸ਼ਟਰੀ ਸਿਆਸੀ ਦਲਾਂ ਦੇ ਅਤੇ 442 ਆਜ਼ਾਦ ਉਮੀਦਵਾਰ ਹਨ। ਬਾਕੀ ਰਾਜ ਪੱਧਰੀ ਪਾਰਟੀਆਂ ਦੇ ਉਮੀਦਵਾਰ ਹਨ। ਦੂਜੇ ਪੜਾਅ ਦੀ ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਜਾਰੀ ਹੈ।