ਚੰਡੀਗੜ-ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪ੍ਰਸਿੱਧ ਲੋਕ ਗਾਇਕ ਗੁਰਪਾਲ ਸਿੰਘ ਪਾਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਗੁਰਪਾਲ ਸਿੰਘ ਪਾਲ ਪੰਜਾਬੀ ਮਾਂ ਬੋਲੀ ਦਾ ਸਤਿਕਾਰਤ ਫ਼ਨਕਾਰ ਸੀ ਜਿਸ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ, ਸੱਭਿਆਚਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਗੁਰਪਾਲ ਸਿੰਘ ਪਾਲ ਦੇ ਗਾਏ ਗੀਤਾਂ ਨੇ ਪੰਜਾਬੀ ਗਾਇਕੀ ਨੂੰ ਹੋਰ ਅਮੀਰੀ ਬਖ਼ਸ਼ੀ ਅਤੇ ਉਨਾਂ ਦੇ ਗਾਏ ਗੀਤ ਬਹੁਤ ਮਕਬੂਲ ਹੋਏ। ਉਨਾਂ ਕਿਹਾ ਕਿ ਅਜਿਹੇ ਫ਼ਨਕਾਰਾਂ ਨੇ ਪੰਜਾਬੀ ਮਾਂ ਬੋਲੀ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਦਿਵਾਇਆ ਹੈ। ਸ. ਸਿੱਧੂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।
ਗੁਰਪਾਲ ਸਿੰਘ ਪਾਲ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਗੁਰਪਾਲ ਸਿੰਘ ਪਾਲ ਦਾ ਗਾਇਆ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’ ਬਹੁਤ ਮਕਬੂਲ ਹੋਇਆ ਅਤੇ ਇਹ ਗੀਤ ਉਨਾਂ ਦੇ ਨਾਂ ਨਾਲ ਸਦਾ ਜੁੜਿਆ ਰਿਹਾ।