ਜੇਠ ਹਾੜ੍ਹ ਦੇ ਤਿੱਖੜ ਦੁਪਹਿਰੇ ਜਿਉਂ ਹੀ ਸਾਰੇ ਪਿੰਡ ‘ਚੋਂ ਬਿਜਲੀ ਅੱਡੀਆਂ ਨੂੰ ਥੁੱਕ ਲਾ ਗਈ ਤਾਂ ਲੋਕ ਸੱਥ ਵੱਲ ਨੂੰ ਇਉਂ ਆਉਣੇ ਸ਼ਰੂ ਹੋ ਗਏ ਜਿਵੇਂ ਖੱਡ ‘ਚ ਪਾਣੀ ਪਾਇਆਂ ਤੋਂ ਚੂਹੇ ਬਾਹਰ ਨੂੰ ਆਉਂਦੇ ਹੋਣ। ਬਾਬੇ ਘੀਚਰ ਸਿਉਂ ਸਣੇ ਸੱਥ ‘ਚ ਗਿਣਤੀ ਦੇ ਪੰਜ ਸੱਤ ਕੁ ਬੰਦੇ ਬੈਠੇ ਸਨ ਜਿਹੜੇ ਕਿ ਵੱਡੀ ਉਮਰ ਦੇ ਹੀ ਸਨ। ਤਪਾੜ ਮਾਰਦਾ ਸਿਖਰ ਆਇਆ ਸੂਰਜ ਅੱਗ ਵਰ੍ਹਾਈ ਜਾ ਰਿਹਾ ਸੀ ਤੇ ਕਿਸੇ ਵੀ ਪਾਸਿਉਂ ਹਵਾ ਦਾ ਬੁੱਲਾ ਭੋਰਾ ਵੀ ਨਹੀਂ ਸੀ ਆ ਰਿਹਾ। ਸੱਥ ‘ਚ ਖੜ੍ਹੇ ਨਿੰਮ੍ਹ ਦੇ ਦਰਖਤ ਸੱਥ ਵਾਲੇ ਥੜ੍ਹੇ ‘ਤੇ ਇਉਂ ਠੰਢੀ ਛਾਂ ਕਰੀ ਖੜ੍ਹੇ ਸਨ ਜਿਵੇਂ ਉਹ ਧੁੱਪ ਤੋਂ ਬਚਾਉਣ ਲਈ ਲੋਕਾਂ ਨੂੰ ਉਡੀਕ ਰਹੇ ਹੋਣ। ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਘੀਚਰ ਸਿਉਂ ਨੇ ਇਹ ਗੱਲ ਵੀ ਬੁੱਝ ਲਈ ਕਿ ਨਾਥਾ ਅਮਲੀ ਤਿੱਖੜ ਦੁਪਹਿਰੇ ਸੱਥ ‘ਚ ਕਿਵੇਂ ਆ ਵੜਿਆ। ਬਾਬਾ ਘੀਚਰ ਸਿਉਂ ਨਾਥੇ ਅਮਲੀ ਨੂੰ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਨਾਥਾ ਸਿਆਂ! ਕਿਤੇ ਬਿਜਲੀ ਤਾਂ ਨ੍ਹੀ ਗੋਡੀ ਮਾਰ ਗੀ ਜਿਹੜੇ ਸੱਥ ਨੂੰ ਭੱਜੇ ਆਉਨੇ ਐਂ?”
ਨਾਥਾ ਅਮਲੀ ਬਾਬੇ ਘੀਚਰ ਸਿਉਂ ਦੇ ਕੋਲ ਬਹਿੰਦਾ ਬੋਲਿਆ, ”ਗਰਮੀ ਦੇ ਦਿਨ ਐ ਬਾਬਾ, ਬਿਜਲੀ ਘਰ ਆਲੇ ਟਰਾਂਸਫ਼ਰ ਜੇ ਵੀ ਜਵਾਬ ਦੇ ਜਾਂਦੇ ਐ ਐਨੀ ਅੱਗ ‘ਚ ਤਾਂ। ਬੰਦਿਆਂ ਦਾ ਕੀ ਬਣਨੈ। ਬਿਜਲੀ ਤਾਂ ਰਾਤ ਦੀਉਂ ਈ ਕੌਡੀ ਬਾਡੀ ਖੇਡੀ ਜਾਂਦੀ ਐ। ਕਦੇ ਆ ਜਾਂਦੀ ਐ ਕਦੇ ਉਠ ਜਾਂਦੀ ਐ। ਹੁਣ ਤਾਂ ਕੱਲ੍ਹ ਪਰਸੋਂ ਦੀ ਅੱਖ ਟਮੱਕਿਆਂ ‘ਤੇ ਈ ਹੋਈ ਵੀ ਐ।”
ਸੁਰਜਨ ਬੁੜ੍ਹਾ ਕਹਿੰਦਾ, ”ਮੱਛਰ ਨੂੰ ਤਾਂ ਅਮਲੀਆ ਮੌਜ ਲੱਗ ਜਾਂਦੀ ਹੋਣੀ ਐਂ ਜਦੋਂ ਬਿਜਲੀ ਉੱਡ ਜਾਂਦੀ ਐ ਹੈਂਅ?”
ਅਮਲੀ ਕਹਿੰਦਾ, ”ਇਹ ਮੱਛਰ ਦੇ ਵੀ ਦਾਤੀ ਫ਼ਰੇ ਪੱਖੇ ਈ ਘੀਸ ਵਲ਼ ਕੱਢਦੇ ਐ। ਜਿਹੜੇ ਮੱਛਰ ਕਮਜੋਰ ਸਰੀਰ ਦੇ ਹੁੰਦੇ ਐ ਜਾਂ ਆਪਣੇ ਪਿੰਡ ਆਲੇ ਭਾਨੇ ਕੇ ਮੁੰਦਰੀ ਅਰਗੇ ਡਰੂ ਸਭਾਅ ਦੇ ਹੁੰਦੇ ਐ, ਉਹ ਤਾਂ ਦਾਤੀ ਫ਼ਰੇ ਪੱਖੇ ਦੀ ਗੂੰਜ ਸੁਣ ਕੇ ਖੱਲਾਂ ‘ਚੋਂ ਨ੍ਹੀ ਨਿਕਲਦੇ, ਜਿਹੜੇ ਮਾੜੇ ਮੋਟੇ ਕੈਮ ਜੇ ਹੁੰਦੇ ਐ, ਉਨ੍ਹਾਂ ਦਾ ਪੱਖੇ ਦੇ ਫ਼ਰ ਬਣਾਉਂਦੇ ਐ ਫ਼ਿਰ ਗੁੜ ਸਕਰਾ।”
ਗੁੜ ਸਕਰਾ ਨਾਂਅ ਸੁਣ ਕੇ ਮਾਹਲੇ ਨੰਬਰਦਾਰ ਨੇ ਅਮਲੀ ਨੂੰ ਹੱਸ ਕੇ ਪੁੱਛਿਆ, ”ਉਹ ਕੀ ਹੁੰਦੈ ਅਮਲੀਆ ਓਏ ਗੁੜ ਸਕਰਾ। ਪਤੰਦਰੋ ਨਮਾਂ ਈ ਕੋਈ ਨਾ ਕੋਈ ਉੱਧਮੂਲ ਲਿਆ ਕੱਢਦੇ ਐਂ ਸੱਥ ‘ਚ। ਪਤਾ ਨ੍ਹੀ ਹੁਣ ਤੂੰ ਕਾਸ ਨੂੰ ਗੁੜ ਸਕਰਾ ਕਹਿਨੈਂ?”
ਏਨੇ ਚਿਰ ਨੂੰ ਸੀਤਾ ਮਰਾਸੀ ਵੀ ਆ ਗਿਆ ਸੱਥ ‘ਚ। ਗੁੜ ਸਕਰਾ ਸੁਣ ਕੇ ਸੀਤਾ ਮਰਾਸੀ ਨੰਬਰਦਾਰ ਨੂੰ ਕਹਿੰਦਾ, ”ਮੈਂ ਦੱਸਦਾਂ ਨੰਬਰਦਾਰਾ ਇਹ ਨਾਥਾ ਸਿਉਂ ਗੁੜ ਸਕਰਾ ਕਾਸ ਨੂੰ ਕਹਿੰਦੈ। ਤਿੰਨ ਚਾਰ ਸਾਲ ਹੋ ਗੇ ਹੋਣੇ ਐ, ਆਪਣੇ ਪਿੰਡ ਆਲੇ ਜੰਗੇ ਰਾਹੀ ਕੇ ਕਿਤੇ ਨੱਥੂ ਬਾਵੇ ਦੇ ਘਲਾੜੇ ‘ਤੇ ਜਾ ਕੇ ਨੱਥੂ ਨੂੰ ਕਹਿੰਦੇ ‘ਨੱਥਾ ਸਿਆਂ! ਯਾਰ ਘਲਾੜਾ ਈ ਚਲਾ ਲੈ ਕਮਾਦ ਪੀੜ ਲੀਏ ਗੁੜ ਗੜ ਆ ਜੂ ਘਰੇ’। ਨੱਥੂ ਬਾਵਾ ਜੰਗੇ ਰਾਹੀ ਨੂੰ ਕਹਿੰਦਾ ‘ਪੰਜ ਸੱਤ ਦਿਨ ਠਹਿਰ ਜੋ, ਆਹ ਮੀਂਹ ਕਣੀ ਦੀ ਰੁੱਤ ਜੀ ਨੰਘ ਲੈਣ ਦਿਉ, ਫ਼ੇਰ ਚਲਾਮਾਂਗੇ ਘਲਾੜਾ। ਹੋਰ ਨਾ ਕਿਤੇ ਕੋਈ ਨਮਾਂ ਈ ਚੰਦ ਚੜ੍ਹ ਜੇ’।”
ਬਾਬੇ ਘੀਚਰ ਸਿਉਂ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਫ਼ੇਰ ਚਲਾਇਆ ਨ੍ਹੀ ਘਲਾੜਾ ਨੱਥੂ ਨੇ?”
ਬਾਬੇ ਘੀਚਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਮੈਂ ਦੱਸਦਾਂ ਬਾਬਾ ਤੈਨੂੰ ਗੁੜ ਸਕਰੇ ਦੀ ਕਹਾਣੀ।”
ਕੁਦਰਤ ਵਲੋਂ ਮੱਤ ਦਾ ਸਿਧਰਾ ਚੁੱਪ ਕਰਿਆ ਗੱਲਾਂ ਸੁਣੀ ਜਾਂਦਾ ਕਰਤਾਰੇ ਜੈਲੇ ਕਾ ਬੱਲਾ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਇਹ ਜਿਹੜੇ ਗੁੜ ਸਕਰੇ ਦਾ ਤੁਸੀਂ ਕਚ੍ਹੀਰਾ ਕੀਤੈ, ਇਹ ਕੀ ਚੀਜ ਐ ਬਈ। ਕਿਸੇ ਬੰਦੇ ਦਾ ਨਾਉਂ ਐ ਕੁ ਕੋਈ ਬੁੜ੍ਹੀ ਕੁੜੀ ਐ? ਮੈਨੂੰ ਤਾਂ ਹਜੇ ਇਹ ਗੱਲ ਦੀ ਵੀ ਸਮਝ ਨ੍ਹੀ ਆਈ ਬਈ ਗੁੜ ਸਕਰਾ ਕਾਹਦਾ ਨਾਉਂ ਐ? ਤਾਏ ਨਾਥੇ ਨੂੰ ਤਾਂ ਪਤਾ ਈ ਹੋਊ ਕੁ ਨਹੀਂ ਤਾਇਆ? ਪਤੈ ਤੈਨੂੰ ਬਈ ਕੀ ਚੀਜ ਐ ਗੁੜ ਸਕਰਾ?”
ਨਾਥਾ ਅਮਲੀ ਕਹਿੰਦਾ, ”ਦੱਸਦੇ ਆਂ ਬੱਲਿਆ ਤੈਨੂੰ ਗੁੜ ਸਕਰੇ ਦੀ ਰਾਮ ਕਹਾਣੀ।”
ਬਾਬਾ ਘੀਚਰ ਸਿਉਂ ਅਮਲੀ ਨੂੰ ਕਹਿੰਦਾ, ”ਵੇਖਦਾ ਕੀ ਐਂ ਚੱਕ ਦੇ ਫ਼ਿਰ ਅਮਲੀਆ ਰੇਸ ਹੁਣ।”
ਅਮਲੀ ਕਹਿੰਦਾ, ”ਗੱਲ ਤਾਂ ਬਾਬਾ ਇਉਂ ਐ ਗੁੜ ਸਕਰੇ ਦੀ ਕਿ ਜਦੋਂ ਜੰਗੇ ਰਾਹੀ ਨੇ ਨੱਥੂ ਬਾਵੇ ਨੂੰ ਘਲਾੜਾ ਚਲਾਉਣ ਨੂੰ ਕਿਹਾ ਤਾਂ ਨੱਥੂ ਨੇ ਮੀਂਹ ਪੈਂਦਾ ਕਰ ਕੇ ਜੰਗੇ ਰਾਹੀ ਨੂੰ ਘਲਾੜਾ ਚਲਾਉਣ ਤੋਂ ਨਾਂਹ ਕਰ ‘ਤੀ, ਬਈ ਤੇਰਾ ਗੁੜ ਖਰਾਬ ਹੋ ਜੂ। ਮੀਂਹਾਂ ਦੀ ਰੁੱਤ ‘ਚ ਗੁੜ ਵਧੀਆ ਨ੍ਹੀ ਬਣਦਾ ਹੁੰਦਾ। ਜੰਗਾ ਕਹੇ ਕੁਸ ਨ੍ਹੀ ਹੁੰਦਾ ਤੂੰ ਘਲਾੜਾ ਚਲਾ। ਗੁੜ ਖਰਾਬ ਹੋਊ ਤਾਂ ਮੇਰਾ ਹੋਊ। ਤੂੰ ਆਵਦੇ ਪੈਂਸੇ ਲੈ। ਨੱਥੂ ਨੇ ਬਾਬਾ ਰੌਲਾ ਪੈਂਦੇ ਤੋਂ ਘਲਾੜਾ ਚਲਾ ‘ਤਾ। ਜੰਗੇ ਕਿਆਂ ਨੇ ਘਲਾੜੇ ‘ਚ ਗੰਨੇ ਪੀੜਨੇ ਸ਼ੁਰੂ ਕਰ ‘ਤੇ। ਨੱਥੂ ਬਾਵੇ ਤੇ ਉਹਦੇ ਕਰਿੰਦਿਆਂ ਨੇ ਕੜਾਹੇ ‘ਤੇ ਪੱਲੀਆਂ ਪੁੱਲੀਆਂ ਦਾ ਢੱਕ ਢਕਾਅ ਕਰ ਕੇ ਅੱਗ ਬਾਲ ਕੇ ਗੁੜ ਬਣਾਉਣ ਦਾ ਕੰਮ ਸ਼ੁਰੂ ਕਰ ‘ਤਾ। ਓਧਰੋਂ ਤਾਂ ਗੁੜ ਬਣਨ ਦੇ ਨੇੜੇ ਹੋ ਗਿਆ, ਓਧਰੋਂ ਮੀਂਹ ਨੇ ਵੀ ਬਾਬਾ ਸ਼ਪੀਟ ਫ਼ੜ ਲੀ। ਘਸੀਆਂ ਜੀਆਂ ਪਾਟੀਆਂ ਬੋਰੀਆਂ ਦੀਆਂ ਪੱਲੀਆਂ ਮੀਂਹ ਨਾਲ ਦਰਲ ਦਰਲ ਚਿਉਂਣ ਲੱਗ ਗੀਆਂ। ਮੀਂਹ ਦਾ ਸਾਰਾ ਪਾਣੀ ਰੌਹ ਆਲੇ ਕੜਾਹੇ ‘ਚ ਇਉਂ ਪਵੇ ਜਿਮੇਂ ਬਰਫ਼ ਆਲੇ ਕਾਰਖਾਨੇ ‘ਚੋਂ ਪਾਣੀ ਡਿੱਗਦਾ ਹੁੰਦੈ। ਹੁਣ ਮੀਂਹ ਦੇ ਪਾਣੀ ਨਾਲ ਬਾਬਾ ਗੁੜ ਕਾਹਦਾ ਜੰਮਣਾ ਸੀ। ਰੌਹ ‘ਚ ਮੀਂਹ ਦਾ ਪਾਣੀ ਪੈ ਪੈ ਉਹ ਹੋਰ ਈ ਕੁਸ ਜਾ ਬਣੀ ਜਾਵੇ। ਓਧਰੋਂ ਕਿਤੇ ਤਾਇਆ ਜੰਗੀਰਾ ਖੇਤੋਂ ਤੁਰਿਆ ਆਉਂਦਾ ਘਲਾੜਾ ਚੱਲਦਾ ਵੇਖ ਕੇ ਘਲਾੜੇ ‘ਤੇ ਆ ਗਿਆ। ਉਹਨੇ ਜੰਗੇ ਨੂੰ ਹਾਲ ਹਾਲ ਕੀਤੀ ਬਈ ‘ਕੰਜਰ ਦਿਆ ਕਮਲਿਆ ਇਹ ਕੀ ਬਣਾਈ ਜਾਨੈਂ। ਕਦੇ ਮੀਂਹ ‘ਚ ਵੀ ਗੁੜ ਪੱਕਿਐ। ਬੰਦ ਕਰ ਇਹਨੂੰ’। ਜੰਗਾ ਰਾਹੀ ਭੁੱਕੀ ਦਾ ਰੱਜਿਆ ਵਿਆ ਨਾਲੇ ਤਾਂ ਕੜਾਹੇ ‘ਚ ਮਸੱਦ ਮਾਰੀ ਜਾਵੇ, ਨਾਲੇ ਤਾਏ ਜੰਗੀਰੇ ਨੂੰ ਗਾਣੇ ‘ਚ ਕਹੀ ਜਾਵੇ ‘ਨੱਥੂ ਬਾਵੇ ਦਾ ਘਲਾੜਾ ਚੱਲਦਾ, ਪੈਂਦਾ ਗੁੜ ਸਕਰਾ’। ਰੌਹ ਆਲੇ ਕੜਾਹੇ ‘ਚ ਮੀਂਹ ਦਾ ਪਾਣੀ ਪੈਣ ਨਾਲ ਨਾ ਤਾਂ ਗੁੜ ਈ ਬਣਨਾ ਸੀ ਤੇ ਨਾ ਹੀ ਸੱਕਰ। ਉਹ ਹੋਰ ਈ ਕੁਸ ਗਿੱਲ ਗਲੌਰਾ ਜਾ ਬਣੀ ਜਾਵੇ। ਭੁੱਕੀ ਦਾ ਰੱਜਿਆ ਵਿਆ ਜੰਗਾ ਆਹੀ ਕੁਸ ਗਾਈ ਜਾਵੇ ਅਕੇ ਨੱਥੂ ਬਾਵੇ ਦਾ ਘਲਾੜਾ ਚੱਲਦਾ, ਪੈਂਦਾ ਗੁੜ ਸਕਰਾ। ਆਹ ਗੱਲ ਹੋਈ ਸੀ ਬਾਬਾ। ਇਉਂ ਬਣੀ ਸੀ ਗੁੜ ਸਕਰੇ ਦੀ ਗੱਲ।”
ਬੁੱਘਰ ਦਖਾਣ ਕਹਿੰਦਾ, ”ਤਾਹੀਉਂ ਇਨ੍ਹਾਂ ਨੂੰ ਗੁੜ ਸਕਰੇ ਆਲੇ ਕਹਿੰਦੇ ਐ। ਮੈਂ ਸੋਚਦਾ ਹੁੰਦਾ ਸੀ ਬਈ ਇਨ੍ਹਾਂ ਦੇ ਕਿਸੇ ਬੁੜ੍ਹੇ ਦਾ ਨਾਂ ਥੇਹ ਹੋਊ। ਮੈਨੂੰ ਨ੍ਹੀ ਸੀ ਪਤਾ ਬਈ ਇਨ੍ਹਾਂ ਨੇ ਤਾਂ ਕਮਲਪੁਣੇ ਚੀ ਨਾਂਅ ਧਰਾਇਆ ਵਿਆ।”
ਬਾਬਾ ਘੀਚਰ ਸਿਉਂ ਕਹਿੰਦਾ, ”ਇਨ੍ਹਾਂ ਦੇ ਲਾਣੇ ਦੇ ਬੜੈ ਨਾਂ ਨੇ। ਲਉ ਹੁਣ ਮੈਂ ਵੀ ਇਨ੍ਹਾਂ ਦੇ ਵੱਡੇ ਬੁੜ੍ਹੇ ਜੈਲੇ ਦੀ ਗੱਲ ਸੁਣਾਉਨਾਂ। ਇਹ ਜੰਗੇ ਦੇ ਦਾਦੇ ਦਾ ਨਾਂ ਸੀ ਜਰਨੈਲ ਸਿਉਂ। ਇਨ੍ਹਾਂ ਨੂੰ ਜੈਲਦਾਰ ਵੀ ਕਹਿੰਦੇ ਐ। ਪਰਾਣੀ ਗੱਲ ਐ। ਇਹਦਾ ਦਾਦਾ ਤੇ ਪੰਜ ਸੱਤ ਜਣੇ ਹੋਰ ਕੇਰਾਂ ਛਪਾਰ ਦੇ ਮੇਲੇ ‘ਤੇ ਜਾ ਵੜੇ। ਓੱਥੇ ਉਨ੍ਹਾਂ ਪੰਜਾਂ ਸੱਤਾਂ ਜਣਿਆਂ ਨੇ ਮੇਲੇ ‘ਚ ਪਹਿਲਾਂ ਤਾਂ ਸਰਕਸ ਸੁਰਕਸ ਵੇਖੀ ਹੋਣੀ ਐ। ਫ਼ੇਰ ਪਤੌੜ ਪਤਾੜ ਖਾਧੇ। ਫ਼ੋਟਮਾਂ ਫ਼ੂਟਮਾਂ ਖਚਾਈਆਂ। ਹੋਰ ਵੀ ਕਈ ਕੁਸ ਵੇਖਿਆ।”
ਬਾਬੇ ਦੀ ਗੱਲ ਵਿੱਚੋਂ ਟੋਕ ਕੇ ਮਾਹਲਾ ਨੰਬਰਦਾਰ ਹੱਸ ਕੇ ਕਹਿੰਦਾ, ”ਉਹ ਵੀ ਦੱਸਦੇ ਘੀਚਰ ਸਿਆਂ ਕੀ ਵੇਖਿਆ। ਲਕੋ ਨਾ ਰੱਖ ਹੁਣ।”
ਬਾਬਾ ਘੀਚਰ ਸਿਉਂ ਹੱਸ ਕੇ ਕਹਿੰਦਾ, ”ਨਚਾਰ ਨਚੂਰੇ ਵੇਖੇ ਸੀ ਹੋਰ ਵੇਖਣਾ ਸੀ ਉਨ੍ਹਾਂ ਨੇ ਚਤੌੜਗੜ੍ਹ ਦਾ ਕਿਲ੍ਹਾ।”
ਨਾਥਾ ਅਮਲੀ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਚੱਲ ਤੂੰ ਹੁਣ ਗਾਹਾਂ ਗੱਲ ਦੱਸ ਬਾਬਾ।”
ਬਾਬਾ ਘੀਚਰ ਸਿਉਂ ਕਹਿੰਦਾ, ”ਜਦੋਂ ਉਨ੍ਹਾਂ ਨੂੰ ਮੇਲੇ ‘ਚ ਆਥਣ ਜਾ ਹੋ ਗਿਆ ਤਾਂ ਉਨ੍ਹਾਂ ਨਾਲ ਗਿਆ ਵਿਆ ਪ੍ਰੀਤੇ ਨਹਿੰਗ ਦਾ ਦਾਦਾ ਸੁੱਚਾ ਕਹਿੰਦਾ ‘ਚਲੋ ਯਰ ਹੁਣ ਪਿੰਡ ਨੂੰ ਚੱਲੀਏ। ਇਹ ਪੰਜੇ ਸੱਤੇ ਜਣੇ ਜਦੋਂ ਘਰ ਨੂੰ ਮੁੜ ਲੱਗੇ ਤਾਂ ਜੰਗੇ ਰਾਹੀ ਦੇ ਦਾਦੇ ਜੈਲਾ ਸਿਉਂ ਦੀ ਨਿਗ੍ਹਾ ਕਿਤੇ ਪੱਟ ਦੇ ਮੋਰਨੀ ਖਚਵਾਉਣ ਆਲੇ ‘ਤੇ ਪੈ ਗੀ। ਜੈਲਾ ਸਿਉਂ ਕਹਿੰਦਾ ‘ਆ ਜੋ ਜਾਂਦੇ ਜਾਂਦੇ ਬਾਂਹ ‘ਤੇ ਨਾਂਅ ਪੁਆ ਕੇ ਚੱਲਦੇ ਆਂ’। ਜੈਲਾ ਸਿਉਂ ਪੱਟ ‘ਤੇ ਮੋਰਨੀ ਖਣਵਾਉਣ ਵਾਲੇ ਦੇ ਮੂਹਰੇ ਬਾਂਹ ਕਰ ਕੇ ਕਹਿੰਦਾ ‘ਮੇਰੀ ਬਾਂਹ ‘ਤੇ ਮੇਰਾ ਨਾਂਅ ਲਿਖ ਦੇ’। ਉਹਨੇ ਆਵਦੀ ਮਸ਼ੀਨ ਜੀ ਚੱਕੀ ਤੇ ਪੁੱਛਿਆ ‘ਬੋਲ ਕੀ ਨਾਂਅ ਲਿਖਣੈ’। ਅਕੇ ਜੈਲਾ ਸਿਉਂ ਕਹਿੰਦਾ ‘ਲਿਖਦੇ, ਜੈਲਦਾਰ ਸਰਦਾਰ ਜਰਨੈਲ ਸਿੰਘ ਜੱਬੋ ਮਾਜਰਾ’। ਉਹਨੇ ਭਾਈ ਜਦੋਂ ਜੈਲਾ ਸਿਉਂ ਦੀ ਬਾਂਹ ‘ਤੇ ਹਜੇ ਜੱਜੇ ਨੂੰ ਦਲਾਵਾਂ ਈ ਪਾਈਆ ਸੀ, ਜਦੋਂ ਬਾਂਹ ‘ਤੇ ਪੀੜ ਹੋਈ ਤਾਂ ਜੈਲਾ ਸਿਉਂ ਦੰਦਾਂ ‘ਚ ਜੀਭ ਲੈ ਕੇ ਉਹਨੂੰ ਕਹਿੰਦਾ ‘ਕੱਲਾ ਜੈਲਾ ਈ ਲਿਖਦੇ ਯਰ ਪੀੜ ਬਾਹਲੀ ਹੁੰਦੀ ਐ। ਨਾਲੇ ਐਡੇ ਨਾਂ ਲਿਖਦੇ ਲਿਖਦੇ ਤੋਂ ਤਾਂ ਮੈਂ ਹੱਥਪਤਾਲ ਜਾਣ ਆਲਾ ਹੋ ਜੂੰ। ਪਹਿਲਾਂ ਤਾਂ ਜੈਲਾ ਸਿਉਂ ਨੂੰ ਜਰਨੈਲ-ਜਰਨੈਲ ਕਹਿ ਕੇ ਈ ਬਲਾਉਂਦੇ ਹੁੰਦੇ ਸੀ, ਇਹ ਤਾਂ ਓੱਦੇਂ ਤੋਂ ਈਂ ਜੈਲਾ ਜੈਲਾ ਕਹਿਣ ਲੱਗੇ ਐ ਜਿੱਦੇਂ ਆਖਿਆ ਸੀ ‘ਕੱਲਾ ਜੈਲਾ ਈ ਲਿਖਦੇ ਯਾਰ। ਆਹ ਗੱਲ ਇਨ੍ਹਾਂ ਦੇ ਵੱਡੇ ਬੁੜ੍ਹੇ ਦੀ ਐ। ਹਜੇ ਅਗਲੀ ਪੀੜ੍ਹੀ ਪਤਾ ਨ੍ਹੀ ਕੀ ਕੁਸ ਕਰੂ।”
ਜੰਗੇ ਰਾਹੀ ਕੇ ਬੁੜ੍ਹੇ ਦੀ ਗੱਲ ਸੁਣ ਕੇ ਮੱਦੀ ਪੰਡਤ ਕਹਿੰਦਾ, ”ਮੈਂ ਸੁਣਿਐ ਬਾਬਾ ਕਹਿੰਦੇ ਇਨ੍ਹਾਂ ਦੀ ਕੋਈ ਵੱਡੀ ਬੁੜ੍ਹੀ ਆਂਢੀਆਂ ਗੁਆਂਢੀਆਂ ਦੀਆਂ ਪਾਥੀਆਂ ਵੀ ਚੋਰੀ ਚੱਕ ਲੈਂਦੀ ਸੀ, ਕਹਿੰਦੇ ਅੱਧੀਆਂ ਚੱਕ ਲਿਆਉਂਦੀ ਸੀ ਤੇ ਅੱਧੀਆਂ ਢਾਹ ਢੂਹ ਕੇ ਇਉਂ ਫ਼ਰੋਲ ਆਉਂਦੀ ਸੀ ਬਈ ਚੋਰੀ ਚੱਕੀਆਂ ਦਾ ਪਤਾ ਨਾ ਲੱਗੇ।”
ਬਾਬਾ ਘੀਚਰ ਸਿਉਂ ਮੱਦੀ ਪੰਡਤ ਨੂੰ ਘੂਰਦਾ ਗੁੱਸੇ ‘ਚ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਬਾਹਮਣਾਂ। ਜਦੋਂ ਸੋਨੂੰ ਕਿਹਾ ਬਈ ਸੱਥ ‘ਚ ਕਿਸੇ ਬੁੜ੍ਹੀ ਕੁੜੀ ਦੀ ਗੱਲ ਨ੍ਹੀ ਕਰਨੀ, ਤੂੰ ਫ਼ੇਰ ਨ੍ਹੀ ਹਟਦਾ। ਜੇ ਹੁਣ ਕਿਸੇ ਨੇ ਕੋਈ ਬੁੜ੍ਹੀ ਕੁੜੀ ਦੀ ਗੱਲ ਕੀਤੀ ਐ ਨਾਹ, ਆਹ ਸੋਟੀ ਐ ਮੇਰੇ ਕੋਲੇ, ਇਹ ਉੱਤੇ ਈ ਟੁੱਟ ਜੂ।”
ਬਾਬੇ ਘੀਚਰ ਸਿਉਂ ਨੂੰ ਹਰਖਿਆ ਵੇਖ ਕੇ ਮੱਦੀ ਪੰਡਤ ਸੱਥ ‘ਚੋਂ ਇਉਂ ਪੱਤੇ ਲੀਹ ਹੋ ਗਿਆ ਜਿਮੇਂ ਸਿਆਲ ਦੇ ਦਿਨਾਂ ‘ਚ ਪਹਿਲੀ ਦੂਜੀ ਆਲੇ ਸਕੂਲ ਦੇ ਜੁਆਕ ਸਾਰੀ ਛੁੱਟੀ ਹੋਣ ਵੇਲੇ ਘਰ ਨੂੰ ਭੱਜ ਲੈਂਦੇ ਐ। ਮੱਦੀ ਪੰਡਤ ਨੂੰ ਸੱਥ ‘ਚੋਂ ਉੱਠ ਕੇ ਜਾਂਦੇ ਨੂੰ ਵੇਖ ਕੇ ਬਾਬਾ ਘੀਚਰ ਸਿਉਂ ਸੱਥ ‘ਚ ਬੈਠਿਆਂ ਨੂੰ ਕਹਿੰਦਾ,
”ਚੱਲੋ ਉੱਠੋ ਓਏ ਘਰਾਂ ਨੂੰ ਚੱਲੀਏ। ਐਮੇਂ ਕਿਸੇ ਹੋਰ ਦੀ ਬੁੜ੍ਹੀ ਕੁੜੀ ਨੂੰ ਕੋਈ ਕੁਸ ਆਖੂ, ਫੇਰ ਪੜਾਈ ਨੂੰ ਥਾਂ ਹੋਊ। ਚੱਲੋ ਉੱਠੋ।”
ਬਾਬੇ ਘੀਚਰ ਸਿਉਂ ਦਾ ਦੱਬਕਾ ਸੁਣ ਕੇ ਸਾਰੇ ਸੱਥ ਵਾਲੇ ਸੱਥ ‘ਚੋਂ ਉੱਠ ਕੇ ਗੁੜ ਸਕਰੇ ਤੇ ਜੈਲਾ ਸਿਉਂ ਵਾਲੀ ਗੱਲ ਤੋਂ ਹਸਦੇ ਹਸਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।