ਹਰਿਆਣਾ — ਹਰਿਆਣਾ ਬੀਜੇਪੀ ਸਟੇਟ ਪ੍ਰੈਜ਼ੀਡੈਂਟ ਸੁਭਾਸ਼ ਬਰਾਲਾ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਡਿਸਟ੍ਰਿਕਟ ਕੋਰਟ ‘ਚ 4 ਵਾਰ ਖਾਰਜ ਹੋਣ ਤੋਂ ਬਾਅਦ ਹਾਈ ਕੋਰਟ ‘ਚ ਦਾਇਰ ਅਪੀਲ ‘ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਲਾਅ ਸਟੂਡੈਂਟ ਵਿਕਾਸ ਬਰਾਲਾ ਨੇ 18 ਦਸੰਬਰ ਨੂੰ ਕ੍ਰਿਮੀਨੋਲਾਜੀ, ਪੀਨੋਲਾਜੀ ਅਤੇ ਵਿਕਟਮੋਲੋਜੀ ਦੀ ਪ੍ਰੀਖਿਆ ਦੇਣੀ ਹੈ ਅਤੇ ਇਸ ਦੀ ਡੇਟਸ਼ੀਟ ਵੀ ਜਾਰੀ ਹੋ ਚੁੱਕੀ ਹੈ। ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ‘ਚ ਇਹ ਤੱਥ ਪੇਸ਼ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਇਸ ਦੌਰਾਨ ਕੋਰਟ ਨੂੰ ਦੱਸਿਆ ਗਿਆ ਹੈ ਕਿ ਟ੍ਰਾਇਲ ਕੋਰਟ ‘ਚ 6 ਦਸੰਬਰ ਨੂੰ ਸ਼ਿਕਾਇਤਕਰਤਾ ਦਾ ਕ੍ਰਾਸ ਐਗਜ਼ਾਮੀਨੇਸ਼ਨ ਹੋਣਾ ਹੈ।
ਦੂਸਰੇ ਪਾਸੇ ਬਚਾਓ ਪੱਖ ਨੇ ਐੱਫ.ਆਈ.ਆਰ. ਦਰਜ ਹੋਣ ਦੇ ਸਮੇਂ ਸ਼ਿਕਾਇਤਕਰਤਾ ਦੇ ਨਾਲ ਉਸਦੇ ਵਕੀਲ ਅਤੇ ਪਿਤਾ ਦੀ ਮੌਜੂਦਗੀ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਦੀ ਟਾਵਰ ਲੋਕੇਸ਼ਨ ਮੰਗੀ ਸੀ। ਇਸ ‘ਤੇ ਸੁਣਵਾਈ 6 ਦਸੰਬਰ ਨੂੰ ਹੋਣੀ ਹੈ। ਹਾਈ ਕੋਰਟ ਬੈਂਚ ਨੇ ਕੇਸ ਦੀ ਸੁਣਵਾਈ 7 ਦਸੰਬਰ ਤੱਕ ਟਾਲ ਦਿੱਤੀ ਹੈ। ਵਿਕਾਸ ਬਰਾਲਾ 3 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੁੜੈਲ ਜੇਲ ‘ਚ ਬੰਦ ਹਨ। ਬੀਤੀ 5 ਅਗਸਤ ਨੂੰ ਬਰਾਲਾ ਅਤੇ ਅਸ਼ੀਸ਼ ਦੇ ਖਿਲਾਫ ਪਿੱਛਾ ਕਰਨ, ਅਗਵਾ ਕਰਨ ਦੀ ਕੋਸ਼ਿਸ਼, ਅਪਰਾਧਕ ਪੱਧਰ ‘ਤੇ ਰਸਤਾ ਰੋਕਣ ਅਤੇ ਮੋਟਰ ਵ੍ਹੀਕਲ ਐਕਟ ਦੇ ਤਹਿਤ ਸੈਕਟਰ-26 ਥਾਣੇ ‘ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਨਿਯਮਿਤ ਜ਼ਮਾਨਤ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਗਗਨਦੀਪ ਰਾਣਾ ਅਤੇ ਪ੍ਰਵੀਨ ਕੌਸ਼ਿਕ ਬਰਾਲਾ ਵਲੋਂ ਕੇਸ ਦੀ ਪੈਰਵੀ ਕੀਤੀ ਜਾ ਰਹੀ ਹੈ।
ਦਬਾਓ ਤੋਂ ਬਾਅਦ ਲਗਾਈਆਂ ਧਾਰਾਵਾਂ
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪੁਲਸ ਨੇ ਸ਼ੁਰੂਆਤ ‘ਚ ਸਿਰਫ ਪਿੱਛਾ ਕਰਨ ਦੀਆਂ ਧਾਰਾਵਾਂ ‘ਚ ਕੇਸ ਦਰਜ ਕੀਤਾ ਸੀ। ਪਰ ਬਾਅਦ ‘ਚ ਸ਼ਿਕਾਇਤਕਰਤਾ ਦੇ ਹੱਕ ‘ਚ ਮੀਡੀਆ ਦੇ ਦਬਾਅ ਦੇ ਕਾਰਨ ਹੋਰ ਧਾਰਵਾਂ ਵੀ ਜੋੜੀਆਂ ਗਈਆਂ ਸਨ।