ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਵਿਭਾਗ ਦੀਆਂ ਸ਼ਹਿਰੀ ਜਾਇਦਾਦਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਪੰਚਾਇਤ ਸੰਮਿਤੀਆਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ।
ਸ਼੍ਰੀ ਬਾਜਵਾ ਨੇ ਅੱਜ ਆਪਣੇ ਦਫਤਰ ਵਿਚ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਇਕ ੳੱਚ ਪੱਧਰੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਵਿਚ ਵਿਭਾਗ ਦੀਆਂ ਖਾਲੀ ਪਈਆਂ ਜਾਇਦਾਦਾਂ ਦੀ ਸਮੁੱਚੀ ਜਾਣਕਾਰੀ ਅਤੇ ਇਹਨਾਂ ਦੀ ਵੱਧ ਤੋਂ ਵੱਧ ਕੀਤੀ ਵਰਤਂੋ ਬਾਰੇ ਵਿਸਥਾਰ ਨਾਲ ਰਿਪੋਰਟ ਤਿਆਰ ਕਰਕੇ 15 ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਕੋਲ ਪੇਸ਼ ਕੀਤੀ ਜਾਵੇ ਤਾਂ ਕਿ ਇਕ ਮਹੀਨੇ ਵਿਚ ਸਾਰੀਆਂ ਸਕੀਮਾਂ ਉੱਤੇ ਕੰਮ ਸ਼ੁਰੂ ਕਰਵਾਇਆ ਜਾ ਸਕੇੇ।ਉਹਨਾਂ ਕਿਹਾ ਕਿ ਹਰ ਬਲਾਕ ਸੰਮਿਤੀ ਤੋਂ ਉਸ ਦੀਆਂ ਜਾਇਦਾਦਾਂ ਦੀ ਵਿਸਥਾਰ ਵਿਚ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਕਿ ਉਸ ਦੀ ਮੌਜ਼ੂਦਾ ਸਥਿਤੀ ਅਨੁਸਾਰ ਵਿਉਂਤਬੰਦੀ ਕੀਤੀ ਜਾਵੇ।
ਪੰਚਾਇਤ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਵਿਭਾਗ ਦੀਆਂ ਸ਼ਹਿਰੀ ਜਾਇਦਾਦਾਂ ਤੋਂ ਨਜਾਇਜ ਕਬਜੇ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਵਿਭਾਗ ਦੀਆਂ ਖਾਲੀ ਪਾਈਆਂ ਜਾਇਦਾਦਾਂ ਦੁਆਲੇ ਤੁਰੰਤ ਚਾਰ ਦੀਵਾਰੀ ਕੀਤੀ ਜਾਵੇ ਤਾਂ ਕਿ ਉਹਨਾਂ ਉੱਤੇ ਨਜਾਇਜ ਕਬਜੇ ਨਾ ਹੋਣ।
ਸ. ਬਾਜਵਾ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੀ ਵਿਉਂਤਬੰਦੀ ਕਰਨ ਕਿ ਪੰਚਾਇਤਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਜਾਇਦਾਦਾਂ ਤੋਂ ਇਹਨਾਂ ਸੰਸਥਾਵਾਂ ਲਈ ਪੁਖਤਾ ਵਿੱਤੀ ਸਾਧਨ ਪੈਦਾ ਕੀਤੇ ਜਾਣ ਤਾਂ ਕਿ ਉਹ ਆਪਣੇ ਆਪਣੇ ਖੇਤਰਾਂ ਵਿਚ ਲੋਂੜੀਦੇ ਵਿਕਾਸ ਕਾਰਜ ਵੀ ਕਰਸ ਸਕਣ ਅਤੇ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਦੇ ਸਕਣ।ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਜਿਹੜੀਆਂ ਸੰਮਿਤੀਆਂ ਕੋਲ ਆਪਣੇ ਵਿੱਤੀ ਸਾਧਨ ਮੌਜ਼ੂਦ ਹਨ ਉਹਨਾਂ ਆਪਣੀਆਂ ਖਾਲੀ ਅਸਾਮੀਆਂ ਭਰਨ ਦੀ ਮਨਜ਼ੂਰੀ ਦੇ ਦਿੱਤੀ ਜਾਵੇ।
ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਮਾਲੀ ਵਰ੍ਹੇ ਦੇ ਅੰਤ ਤੱਕ ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਠੋਸ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ।
ਸ਼੍ਰੀ ਬਾਜਵਾ ਨੇ ਲੁਧਿਆਣਾ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਜ਼ਿਲਿਆਂ ਦੀਆਂ ਵਿਹਲੀਆਂ ਪਾਈਆਂ ਜਾਇਦਾਦਾਂ ਦੀ ਵਰਤੋਂ ਸਬੰਧੀ ਪੇਸ਼ ਕੀਤੀਆਂ ਗਈਆਂ ਤਜਵੀਜਾਂ ਨੂੰ ਤੁਰੰਤ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਇਹਨਾਂ ਉੱਤੇ ਤੁਰੰਤ ਅਮਲ ਸ਼ੁਰੂ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਸ਼ਹਿਰੀ ਜਾਇਦਾਦਾਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਮੁਕੰਮਲ ਜਾਣਕਾਰੀ ਦਿੱਤੀ ਅਤੇ ਇੰਨਾਂ ਜਮੀਨਾਂ ਦੀ ਵੱਧ ਤੋਂ ਵੱਧ ਵਰਤੋਂ ਬਾਰੇ ਆਪਣੇ ਸੁਝਾਅ ਪੇਸ਼ ਕੀਤੇ।
ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀ ਸੀ. ਸਿਬਨ, ਜਾਇੰਟ ਡਾਇਰੈਕਟਰ ਸ੍ਰੀਮਤੀ ਰਮਿੰਦਰ ਬੁੱਟਰ, ਡਿਪਟੀ ਡਾਇਰੈਕਟਰ ਪੁਸ਼ਪਿੰਦਰ ਗਰੇਵਾਲ, ਜੁਗਿੰਦਰ ਕੁਮਾਰ ਅਤੇ ਪੰਚਾਇਤ ਮੰਤਰੀ ਦੇ ਓ.ਐਸ.ਡੀ ਗੁਰਦਰਸ਼ਨ ਸਿੰਘ ਬਾਹੀਆ ਵੀ ਹਾਜ਼ਰ ਸਨ।