ਚੰਡੀਗੜ੍ਹ :ਪੰਜਾਬ ਦੇ ਅਨਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਲਈ ਆਨਲਾਈਨ ਅਪਲਾਈ ਮੌਕੇ ਅਸਫ਼ਲ ਰਹਿਣ ਵਾਲੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਫ਼ਲਾਈਨ ਭਾਵ ਨਿੱਜੀ ਤੌਰ ‘ਤੇ ਦਸਤੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਭਲਾਈ ਮੰਤਰੀ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸਿਪ ਐਸ.ਸੀ. ਅਤੇ ਓ.ਬੀ.ਸੀ ਸਕੀਮਾਂ ਤਹਿਤ ਜਿਹੜੇ ਵਿਦਿਆਰਥੀ ਸਾਲ 2017-2018 ਦੌਰਾਨ ਡਾ. ਅੰਬੇਦਕਰ ਪੋਰਟਲ ‘ਤੇ ਸਕਾਲਰਸ਼ਿਪ ਆਨਲਾਈਨ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਧਾਰ ਕਾਰਡ ਦਾ ਡਾਟਾ ਮਿਸਮੈਚ ਹੋਣ ਕਾਰਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਵਿਦਿਆਰਥੀਆਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਤੋਂ ਆਫ਼ਲਾਈਨ/ਮੈਨੂਅਲ ਹਾਰਡ ਕਾਪੀ ਲੈਣ ਲਈ 19 ਅਤੇ 20 ਦਸੰਬਰ, 2017 ਦੋ ਦਿਨ ਨਿਸ਼ਚਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਵਿਦਿਆਰਥੀ ਆਪਣੀ ਪ੍ਰਤੀ ਬੇਨਤੀ ਨਾਲ ਪੋਰਟਲ ‘ਤੇ ਪਹਿਲਾਂ ਅਪਲਾਈ ਕਰਨ, ਆਧਾਰ ਮਿਸਮੈਚ ਹੋਣ ਸਬੰਧੀ ਸਬੂਤ, ਸੰਸਥਾ ਵਲੋਂ ਤਸਦੀਕਸ਼ੁਦਾ ਹਾਜ਼ਰੀ ਸੀਟ, ਆਧਾਰ ਕਾਰਡ ਦਾ ਸਬੂਤ, ਬੈਂਕ ਪਾਸ ਬੁੱਕ ਦਾ ਪਹਿਲਾਂ ਪੰਨਾ, ਆਪਣੀ ਫੋਟੋ ਅਤੇ ਜੇਕਰ ਵਿਦਿਆਰਥੀ ਰੀਨਿਊਅਲ ਹੈ ਤਾਂ ਪਿਛਲੇ ਸਾਲ ਦੀ ਯੂਜ਼ਰ ਆਈ.ਡੀ., ਸਵੈ-ਘੋਸ਼ਣਾ ਪੱਤਰ ‘ਤੇ ਸਾਰੇ ਤੱਥ ਦਰਜ ਕਰਕੇ ਆਪਣੀ ਦਰਖਾਸਤ ਨਾਲ ਲੋੜੀਂਦੇ ਦਸਤਾਵੇਜ (ਜੋ ਕੇ ਪੋਰਟਲ ‘ਤੇ ਅਪਲੋਡ ਹੁੰਦੇ ਹਨ) ਸੰਸਥਾ ਦੇ ਮੁਖੀ ਤੋਂ ਕਲੇਮ ਕੀਤੀ ਜਾਣ ਵਾਲੀ ਫੀਸ ਤਸਦੀਕ ਕਰਵਾ ਕੇ ਅਤੇ ਸਬੰਧਤ ਸੰਸਥਾ ਵਲੋਂ ਸਿਫਾਰਸ਼ ਕਰਵਾਉਣ ਉਪਰੰਤ, ਦਰਖਾਸਤ ਨਾਲ ਨੱਥੀ ਕਰਕੇ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਐਸ.ਏ.ਐਸ.ਨਗਰ ਅਤੇ ਰੂਪਨਗਰ ਜਿਲ੍ਹਿਆਂ ਦੇ ਵਿਦਿਆਰਥੀ ਡਾ. ਅੰਬੇਦਕਰ ਭਵਨ ਵਿਖੇ ਸਥਿਤ ਜ਼ਿਲ੍ਹਾ ਭਲਾਈ ਅਫ਼ਸਰ, ਪਟਿਆਲਾ ਦੇ ਦਫਤਰ ਵਿਖੇ, ਜ਼ਿਲ੍ਹਾ ਫਾਜ਼ਿਲਕਾ, ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿਦਿਆਰਥੀ ਡਾ. ਅੰਬੇਦਕਰ ਭਵਨ ਵਿਖੇ ਸਥਿਤ ਜ਼ਿਲ੍ਹਾ ਭਲਾਈ ਅਫ਼ਸਰ ਫਿਰੋਜ਼ਪੁਰ ਦੇ ਦਫ਼ਤਰ ਵਿਖੇ, ਜ਼ਿਲ੍ਹਾ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਵਿਦਿਆਰਥੀ ਡਾ. ਅੰਬੇਦਕਰ ਭਵਨ ਵਿਖੇ ਸਥਿਤ ਜ਼ਿਲ੍ਹਾ ਭਲਾਈ ਅਫਸਰ, ਬਠਿੰਡਾ ਦੇ ਦਫਤਰ ਵਿਖੇ ਜਦਕਿ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐਸ.ਬੀ.ਐਸ.ਨਗਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਦਿਆਰਥੀ ਡਾ. ਅੰਬੇਦਕਰ ਭਵਨ ਵਿਖੇ ਸਥਿਤ ਜ਼ਿਲ੍ਹਾ ਭਲਾਈ ਅਫ਼ਸਰ, ਜਲੰਧਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਯੋਗ ਵਿਦਿਆਰਥੀ ਆਪਣੀ ਦਰਖਾਸਤ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕੇਵਲ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਕਿ ਆਧਾਰ ਕਾਰਡ ਮਿਸਮੈਚ ਹੋਣ ਕਾਰਨ ਆਨਲਾਈਨ ਰਜਿਸਟਰਡ ਨਹੀ ਹੋ ਸਕੇ। ਉਹ ਵਿਦਿਆਰਥੀ ਜੋ ਪਹਿਲਾਂ ਸਮੇਂ ਸਿਰ ਆਨਲਾਇਨ ਅਪਲਾਈ ਨਹੀਂ ਸਕੇ, ਉਨ੍ਹਾਂ ਲਈ ਪੋਰਟਲ ਖੋਲਣ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਅਜਿਹੇ ਵਿਦਿਆਰਥੀਆਂ ਸਬੰਧੀ ਵੱਖਰੇ ਤੌਰ ‘ਤੇ ਵਿਚਾਰ ਕੀਤਾ ਜਾਵੇਗਾ।