ਗੁਰੂਗਰਾਮ — ਗੁਰੂਗਰਾਮ ਦੇ ਰਿਆਨ ਸਕੂਲ ਵਿਚ ਪ੍ਰਦੁਮਨ ਕਤਲ ਮਾਮਲੇ ‘ਚ ਅਸ਼ੋਕ ਕੰਡਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਮਿਲੀ ਜ਼ਮਾਨਤ ਅਤੇ ਸੀ.ਬੀ.ਆਈ. ਜਾਂਚ ਤੋਂ ਬਾਅਦ ਹਰਿਆਣਾ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਡੀ.ਜੀ.ਪੀ. ਸੰਧੂ ਨੇ ਵੀ ਬੀਤੇ ਦਿਨੀਂ ਪਹਿਲੀ ਵਾਰ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਜਾਂਚ ਦੌਰਾਨ ਪੁਲਸ ਤੋਂ ਗਲਤੀ ਹੋਈ ਹੈ। ਹੁਣ ਉਨ੍ਹਾਂ ਨੂੰ ਸੀ.ਬੀ.ਆਈ. ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਇਸ ਲਈ ਜੇਕਰ ਰਿਪੋਰਟ ‘ਚ ਪੁਲਸ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਕਰਮਚਾਰੀਆਂ ਦੇ ਖਿਲਾਫ ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਗੁਰੂਗਰਾਮ ਦੇ ਰਿਆਨ ਸਕੂਲ ‘ਚ 7 ਸਾਲ ਦੇ ਪ੍ਰਦੁਮਨ ਦੀ ਚਾਕੂ ਨਾਲ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਸਕੂਲ ਦੇ ਡਰਾਈਵਰ ਅਸ਼ੋਕ ਨੂੰ ਕਾਤਲ ਦੱਸਦੇ ਹੋਏ ਜੇਲ ਭੇਜ ਦਿੱਤਾ ਸੀ।
22 ਸੰਤਬਰ ਨੂੰ ਸੀ.ਬੀ.ਆਈ. ਨੇ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਅਤੇ 7 ਨਵੰਬਰ ਨੂੰ ਉਸੇ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਕੋਰਟ ‘ਚ ਪੇਸ਼ ਕੀਤਾ। ਇਸ ਤੋਂ ਕੁਝ ਦਿਨ ਬਾਅਦ ਕੰਡਕਟਰ ਅਸ਼ੋਕ ਨੂੰ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ ਅਸ਼ੋਕ ਡਰਾਈਵਰ ਨੇ ਹਰਿਆਣਾ ਪੁਲਸ ‘ਤੇ ਗੰਭੀਰ ਦੋਸ਼ ਲਗਾਏ। ਹੁਣ ਹਰਿਆਣਾ ਪੁਲਸ ਦੇ ਕਰਮਚਾਰੀਆਂ ‘ਤੇ ਕਈ ਦੋਸ਼ ਲੱਗ ਰਹੇ ਹਨ। ਹਰਿਆਣੇ ਦੇ ਡੀ.ਜੀ.ਪੀ. ਨੇ ਵੀ ਸਵੀਕਾਰ ਕਰ ਲਿਆ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਤੋਂ ਗਲਤੀ ਹੋਈ ਹੈ।