ਅੰਮ੍ਰਿਤਸਰ – ਬੀਤੇ ਸਮੇਂ ‘ਚ ਜਿਸ ਤਰੀਕੇ ਨਾਲ ਗੈਰ-ਕਾਨੂੰਨੀ ਅਤੇ ਨਿਯਮਾਂ ਖਿਲਾਫ ਕਮੇਟੀ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਉਸ ਦੀ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਸਾਲਾਂ ਦੇ ਇਤਿਹਾਸ ਵਿਚ ਨਹੀਂ ਮਿਲਦੀ ਕਿਉਂਕਿ ਨਿਯਮਾਂ ਖਿਲਾਫ ਜੋ ਤਰੱਕੀਆਂ ਦਿੱਤੀਆਂ ਗਈਆਂ ਅਤੇ ਐਡੀਸ਼ਨਲ ਸਕੱਤਰ ਤੇ ਸਕੱਤਰ ਦੇ ਅਹੁਦਿਆਂ ਦੀ ਵੰਡ ਆਪਣੇ ਧੜੇ ਨੂੰ ਚਮਕਾਉਣ ਅਤੇ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਸਨ, ਉਨ੍ਹਾਂ ਫੈਸਲਿਆਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬੜੀ ਗੰਭੀਰਤਾ ਨਾਲ ਪੜਤਾਲ ਕਰਵਾ ਸਕਦੇ ਹਨ। ਇਸ ਲਈ ਪ੍ਰਧਾਨ ਦੀ ਚੋਣ ਜਿੱਤਣ ਤੋਂ ਬਾਅਦ ਵੱਖ-ਵੱਖ ਧੜਿਆਂ ‘ਚ ਵੰਡੇ ਹੋਏ ਅਹੁਦੇਦਾਰ ਤੇ ਮੁਲਾਜ਼ਮ ਆਪਣੇ ਭਵਿੱਖ ਨੂੰ ਕਿਸ ਤਰ੍ਹਾਂ ਬਚਾ ਸਕਣਗੇ, ਇਸ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਪੰਥ ਦੇ ਸਾਹਮਣੇ ਆ ਜਾਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਵੇਂ ਪੀ. ਏ. ਦੀ ਨਿਯੁਕਤੀ ਕਰਨਾ, ਸਕੱਤਰਾਂ ਨੂੰ ਜ਼ਿੰਮੇਵਾਰੀਆਂ ਦੇਣਾ ਅਤੇ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣਾ, ਮੌਜੂਦਾ ਪ੍ਰਧਾਨ ‘ਚ ਸਿੱਖਿਆ ਦਾ ਉੱਚ ਪ੍ਰਭਾਵ ਹੋਣਾ, 2 ਵਾਰ ਐੱਮ. ਐੱਲ. ਏ. ਦਾ ਤਜਰਬਾ ਹੋਣਾ, ਅਕਾਲੀ ਸਿਆਸਤ ਤੋਂ ਮਿਲਿਆ ਗਿਆਨ ਤੇ ਲੌਂਗੋਵਾਲ ਦੀ ਛਤਰ-ਛਾਇਆ ਹੇਠ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਨੂੰ ਕਾਮਯਾਬ ਕਰਨ ਲਈ ਗੋਬਿੰਦ ਸਿੰਘ ਲੌਂਗੋਵਾਲ ਵਿਚ ਹਰ ਗੁਣ ਮੌਜੂਦ ਹੈ। ਉਸ ਦਾ ਕੋਈ ਵੀ ਫੈਸਲਾ ਪੰਥ ਲਈ ਹਿੱਤਕਾਰੀ ਹੋਵੇਗਾ।
ਆਉਣ ਵਾਲੇ ਸਮੇਂ ਵਿਚ ਜੋ ਵੀ ਕੋਈ ਫੈਸਲਾ ਗੋਬਿੰਦ ਸਿੰਘ ਲੌਂਗੋਵਾਲ ਲੈਣਗੇ ਉਸ ਬਾਰੇ ਉਨ੍ਹਾਂ ਦੱਸਿਆ ਕਿ ਉਹ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਵਿਕਾਸ ਦੀਆਂ ਲੀਹਾਂ ‘ਤੇ ਜਲਦੀ ਹੀ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਬੰਧ ਵਿਚ ਕੋਈ ਕਮੀ ਨਹੀਂ ਰਹਿਣ ਦੇਣਗੇ। ਵਿਰੋਧੀ ਭਾਵੇਂ ਜੋ ਵੀ ਪ੍ਰਚਾਰ ਕਰਨ ਪਰ ਇਸ ਦਾ ਅਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਨ, ਸ਼ਾਨ ਤੇ ਬਾਨ ‘ਤੇ ਨਹੀਂ ਪੈਣ ਦੇਣਗੇ।
ਕਿਸ ਨੂੰ ਕਿਹੜਾ ਅਹੁਦਾ ਮਿਲਦਾ ਹੈ ਅਤੇ ਬੀਤੇ ਸਮੇਂ ਦੌਰਾਨ ਕਿਸ ਦੀ ਨਿਯਮਾਂ ਦੇ ਉਲਟ ਕੀਤੀ ਗਈ ਤਰੱਕੀ ਵਾਪਸ ਹੁੰਦੀ ਹੈ ਜਾਂ ਫਿਰ ਲਾਗੂ ਰਹਿੰਦੀ ਹੈ, ਨਵੇਂ ਫੈਸਲੇ ਕੀ ਲਏ ਜਾਂਦੇ ਹਨ, ਇਸ ਦਾ ਫੈਸਲਾ ਆਉਣ ਵਾਲੇ ਦਿਨਾਂ ਵਿਚ ਨਵੇਂ ਪ੍ਰਧਾਨ ਨੂੰ ਚੰਗੀ ਸੇਧ ਦੇਣ ਤੇ ਸੁਚਾਰੂ ਪ੍ਰਬੰਧ ਚਲਾਉਣ ਲਈ ਸਹਾਇਕ ਸਿੱਧ ਹੋ ਸਕਦਾ ਹੈ।