ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣਾ ਨਾਮਜ਼ਦ ਪੱਤਰ ਦਾਖਲ ਕੀਤਾ। ਸੰਭਾਵਨਾ ਹੈ ਕਿ 47 ਸਾਲਾ ਰਾਹੁਲ ਇਸ ਚੋਣਾਂ ‘ਚ ਇਕਮਾਤਰ ਉਮੀਦਵਾਰ ਹੋਣਗੇ ਅਤੇ ਉਨ੍ਹਾਂ ਦੇ ਪਾਰਟੀ ਪ੍ਰਧਾਨ ਬਣਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਹੁਲ ਪਿਛਲੇ 19 ਸਾਲਾਂ ਤੋਂ ਲਗਾਤਾਰ ਇਸ ਅਹੁਦੇ ‘ਤੇ ਆਸੀਨ ਆਪਣੀ ਮਾਂ ਸੋਨੀਆ ਗਾਂਧੀ ਦੀ ਜਗ੍ਹਾ ਲੈਣਗੇ। ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ ਦੀ ਅੱਜ ਯਾਨੀ 4 ਦਸੰਬਰ ਆਖਰੀ ਤਰੀਕ ਹੈ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਅਨੁਸਾਰ ਐਤਵਾਰ ਤੱਕ ਕਿਸੇ ਨੇ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ ਸੀ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਲੋਕਾਂ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਦੀ ਉਮੀਦਵਾਰੀ ਦਾ ਪ੍ਰਸਤਾਵ ਰੱਖਿਆ ਹੈ।
ਰਾਹੁਲ ਨੇ ਨਾਮਜ਼ਦ ਪੱਤਰ ਦੇ ਚਾਰ ਸੈੱਟ ਦਾਖਲ ਕੀਤੇ ਅਤੇ ਉਨ੍ਹਾਂ ‘ਚੋਂ ਇਕ ‘ਚ ਸੋਨੀਆ ਗਾਂਧੀ ਪਹਿਲੀ ਪ੍ਰਸਤਾਵਕ ਸੀ। ਦੂਜੇ ਨਾਮਜ਼ਦ ਸੈੱਟ ‘ਚ ਮਨਮੋਹਨ ਸਿੰਘ ਪ੍ਰਮੁੱਖ ਪ੍ਰਸਤਾਵਕ ਸਨ। ਸੋਨੀਆ ਅਤੇ ਮਨਮੋਹਨ ਸਿੰਘ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਏ.ਕੇ. ਐਂਟਨੀ, ਪੀ. ਚਿਦਾਂਬਰਮ, ਸੁਸ਼ੀਲ ਕੁਮਾਰ ਸ਼ਿੰਦੇ, ਸ਼ੀਲਾ ਦੀਕਸ਼ਤ, ਅਹਿਮਦ ਪਟੇਲ ਅਤੇ ਪਾਰਟੀ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਪ੍ਰਸਤਾਵਕਾਂ ਦੇ ਰੂਪ ‘ਚ ਪੱਤਰਾਂ ‘ਤੇ ਦਸਤਖ਼ਤ ਕੀਤੇ। ਨਾਮਜ਼ਦ ਵਾਪਸ ਲੈਣ ਦੀ ਆਖਰੀ ਤਰੀਕ 11 ਦਸੰਬਰ ਹੈ। ਲੋੜ ਪੈਣ ‘ਤੇ 16 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ ਇਸ ਸਥਿਤੀ ‘ਚ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 19 ਦਸੰਬਰ ਨੂੰ ਹੋਵੇਗੀ।