ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਸਰਕਾਰੀ ਮਸ਼ੀਨਰੀ ਦੁਆਰਾ ਵਿਰੋਧੀ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਅਤੇ ਐਨਓਸੀ ਤੋਂ ਵਾਂਝਾ ਕਰਕੇ ਅਸਿੱਧੇ ਢੰਗ ਨਾਲ ਕਾਰਪੋਰੇਸ਼ਨ,ਮਿਉਂਸੀਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਜਾ ਰਿਹਾ ਹੈ। ਪਾਰਟੀ ਨੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਮਿਸ਼ਨ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਪਾਏ ਜਾ ਰਹੇ ਅੜਿੱਕਿਆਂ ਨੂੰ ਤੁਰੰਤ ਦੂਰ ਕਰਨ ਲਈ ਆਖਿਆ ਹੈ।

ਇਸ ਸੰਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਮਿਉਂਸੀਪਲ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਜਾਣ ਦੇ ਬਾਵਜੂਦ ਕੁੱਝ ਮਿਉਂਸੀਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਵਿਚ, ਜਿਹਨਾਂ ਵਿਚ ਧਰਮਕੋਟ, ਪੰਜਤੂਰ ( ਮੋਗਾ), ਢਿੱਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ) ਸ਼ਾਮਿਲ ਹਨ, ਅਜੇ ਤੀਕ ਵੋਟਰ ਸੂਚੀਆਂ ਨਹੀਂ ਪਹੁੰਚੀਆਂ ਹਨ। ਉਹਨਾਂ ਕਿਹਾ ਕਿ ਲਾਲਾਫੀਤਾਸ਼ਾਹੀ ਦੁਆਰਾ ਵਿਰੋਧੀਆਂ ਨੂੰ ਚੋਣ ਪਿੜ ਤੋਂ ਬਾਹਰ ਰੱਖਣ ਵਾਸਤੇ ਜਾਣ ਬੁੱਝ ਕੇ ਬੇਲੋੜੀਆਂ ਦਫਤਰੀ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ।

ਵਿਰੋਧੀ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਵਿਚ ਸਰਕਾਰੀ ਤੰਤਰ ਵੱਲੋਂ ਪਾਏ ਜਾ ਰਹੇ ਅੜਿੱਕਿਆਂ ਬਾਰੇ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੁੱਝ ਮਿਉਂਸੀਪਲ ਕਮੇਟੀਆਂ ਧਰਮਕੋਟ, ਪੰਜਤੂਰ ( ਮੋਗਾ) ਅਤੇ ਨਗਰ ਪੰਚਾਇਤਾਂ ਮੱਲਾਂਵਾਲਾ ਤੇ ਮੱਖੂ (ਫਿਰੋਜ਼ਪੁਰ) ਵਿਖੇ ਉਮੀਦਵਾਰਾਂ ਨੂੰ ਸਿਆਸੀ ਕਾਰਨਾਂ ਕਰਕੇ ਐਨਓਸੀ ਨਹੀ ਜਾਰੀ ਕੀਤੇ ਜਾ ਰਹੇ। ਉਹਨਾਂ ਕਿਹਾ ਅਜਿਹੀ ਧੱਕੇਸ਼ਾਹੀ ਖ਼ਿਲਾਫ ਥਾਂ-ਥਾਂ ਰੋਸ ਪ੍ਰਦਰਸ਼ਨ ਹੋਣ ਦੇ ਬਾਵਜੂਦ ਸਥਾਨਕ ਪ੍ਰਸਾਸ਼ਨ ਵੱਲੋਂ ਇਸ ਸੰਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਲੋਕਤੰਤਰੀ ਪ੍ਰਕਿਰਿਆ ਵਿਚ ਪਾਏ ਜਾ ਰਹੇ ਅੜਿੱਕਿਆਂ ਨੂੰ ਤੁਰੰਤ ਦੂਰ ਕਰਨ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਸਾਰੀਆਂ ਖਾਮੀਆਂ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ  ਵਿਰੋਧੀ ਉਮੀਦਵਾਰਾਂ ਨੂੰ ਟੇਢੇ ਢੰਗ ਨਾਲ ਚੋਣ ਲੜਣ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਨੂੰ ਨੱਥ ਪਾਈ ਜਾਵੇ ਅਤੇ ਚੋਣ ਅਮਲੇ ਨੂੰ ਚੋਣਾਂ ਵਿਚ ਨਿਰਪੱਖ ਰਹਿਣ ਦੀ ਹਦਾਇਤ ਦਿੱਤੀ ਜਾਵੇ।