‘ਆਪ’ ਵਿਧਾਇਕ ਵਲੋਂ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ
ਚੰਡੀਗੜ, – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਿਸਾਨਾਂ ਤੋਂ ਨਿਸਾਨਦੇਹੀ ਲਈ ਸਰਕਾਰੀ ਫੀਸ ਵਿੱਚ ਕੀਤੇ ਭਾਰੀ ਵਾਧੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਇਸਨੂੰ ਕਿਸਾਨ ਵਰਗ ਉਪਰ ਜਬਰਦਸਤੀ ਥੋਪਿਆ ਜਜ਼ੀਆ ਕਰਾਰ ਦਿੱਤਾ ਹੈ।
‘ਆਪ’ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਨਾਜ਼ਰ ਸਿੰਘ ਮਾਨਸ਼ਾਹੀਆ, ਪਿ੍ਰੰਸੀਪਲ ਬੁੱਧ ਰਾਮ, ਜੈ ਿਸ਼ਨ ਸਿੰਘ ਰੋੜੀ, ਪਿਰਮਲ ਸਿੰਘ, ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ) ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਸਾਨ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਪੁੱਛਿਆ ਕਿ ਪਹਿਲਾਂ ਹੀ ਕਰਜ਼ ਅਤੇ ਲਾਗਤ ਦੇ ਮੁਕਾਬਲੇ ਵੱਧ ਖਰਚਿਆਂ ਕਾਰਨ ਟੁੱਟ ਚੁੱਕੇ ਕਿਸਾਨਾਂ ਉਪਰ ਕਰੋੜਾਂ ਰੁਪਏ ਦਾ ਵਾਧੂ ਭਾਰ ਪਾ ਕੇ ਕਾਂਗਰਸ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?
‘ਆਪ’ ਆਗੂਆਂ ਨੇ ਕਿਹਾ ਕਿ ਤਾਜਾ ਮੀਡੀਆ ਰਿਪੋਰਟਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਸਮੁੱਚੇ ਕਿਸਾਨੀ ਕਰਜਿਆਂ ਨੂੰ ਮਾਫ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰਨ ਤੋਂ ਵੀ ਮੁੱਕਰ ਚੁੱਕੀ ਹੈ। ਕਿਸਾਨਾਂ ਅਤੇ ਖੇਤ ਮਜਦੂਰਾਂ ਨਾਲ ਕਦਮ-ਕਦਮ ‘ਤੇ ਧੋਖਾ ਕਰਨ ਵਾਲੀ ਕੈਪਟਨ ਸਰਕਾਰ ਕਿਸਾਨਾਂ ਨੂੰ ਬਿਲਕੁਲ ਨਿਚੋੜਨ ‘ਤੇ ਉਤਰ ਆਈ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ ਵਲੋਂ ਜਾਰੀ ਜਜ਼ੀਆ ਫੁਰਮਾਨ ਅਨੁਸਾਰ 5 ਏਕੜ ਤੋਂ ਘੱਟ ਮਾਲਕੀ ਵਾਲੇ ਮਾਲਕਾਂ ਕੋਲੋਂ ਪ੍ਰਤੀ ਏਕੜ 500 ਰੁਪਏ ਫੀਸ ਵਸੂਲੀ ਜਾਵੇਗੀ, ਜਦਕਿ ਛੋਟੇ ਕਿਸਾਨਾਂ ਕੋਲ ਅੱਜ 100 ਰੁਪਏ ਦਾ ਵਾਧੂ ਵਿੱਤੀ ਭਾਰ ਝੱਲਣ ਦੀ ਗੁੰਜਾਇਸ਼ ‘ਚ ਨਹੀਂ ਹਨ। ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਗਰੀਬੀ ਅਤੇ ਭਾਰੀ ਕਰਜਿਆਂ ਥੱਲੇ ਪਿਸ ਰਹੇ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ। ਨਿਸ਼ਾਨਦੇਹੀ ਲਈ ਤਾਜਾ ਜਜ਼ੀਆਂ ਵਸੂਲੀ ਫਰਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ।