ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਲਏ ਗਏ ਕਰਜ਼ੇ ਦੀ ਅਦਾਇਗੀ ਕਰਨ ਲਈ ਆਪਣੇ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੇਣ ਨੂੰ ਮਨਜੂਰੀ ਦਿੱਤੀ।
ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਹ ਰਾਸ਼ੀ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਉਨਾਂ ਨੂੰ ਮੀਡੀਆ ਦੀਆਂ ਰਿਪੋਰਟਾਂ ਤੋਂ ਮਸ਼ਹੂਰ ਮੁੱਕੇਬਾਜ਼ ਦੀ ਵਿੱਤੀ ਦੁਰਦਸ਼ਾ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਨਾਂ ਨੇ ਤੁਰੰਤ ਰਾਹਤ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਮੁੱਕੇਬਾਜ਼ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ’ਤੇ ਅਫਸੋਸ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਨੇ ਕੌਰ ਸਿੰਘ ਦੇ ਛੇਤੀਂ ਤੰਦਰੁਸਤ ਹੋਣ ਅਤੇ ਉਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ।
ਸੂਬੇ ਵਿੱਚ ਖੇਡਾਂ ਨੂੰ ਬੜਾਵਾ ਦੇਣ ਲਈ ਆਪਣੀ ਵਚਨਬੱਧਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਸਿੱਧ ਖਿਡਾਰੀ ਦੀ ਅਜਿਹੀ ਹਾਲਾਤ ਵਿੱਚ ਰਹਿਣ ਲਈ ਮਜਬੂਰ ਹੋ ਜਾਣ ਵਾਲੀ ਰਿਪੋਰਟ ਸੁਣ ਕੇ ਉਨਾਂ ਨੂੰ ਬਹਤ ਦੁੱਖ ਹੋਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਦੀ ਸਰਕਾਰ ਕੌਰ ਸਿੰਘ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਜਿਸ ਨੇ ਭਾਰਤੀ ਮੁੱਕੇਬਾਜ਼ੀ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ।
ਇਹ ਪਹਿਲਾ ਮੌਕਾ ਨਹੀਂ ਜਦੋਂ ਮੁੱਖ ਮੰਤਰੀ ਨੇ ਪ੍ਰਤਿਭਾਸ਼ਾਲੀ ਸਖਸ਼ੀਅਤਾਂ ਦੀ ਮਦਦ ਕਰਨ ਲਈ ਨਿੱਜੀ ਤੌਰ ’ਤੇ ਦਖਲ ਦਿੱਤਾ ਹੈ। ਇਸ ਸਾਲ ਮਈ ਵਿਚ ਉਨਾਂ ਨੇ ਉੱਘੇ ਪੰਜਾਬੀ ਨਾਟਕਕਾਰ ਅਤੇ ਸਾਹਿਤਕਾਰ ਅਜਮੇਰ ਔਲਖ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ ਜੋ ਕਿ ਬਾਅਦ ਵਿੱਚ ਕੈਂਸਰ ਦੇ ਨਾਮੁਰਾਦ ਬਿਮਾਰੀ ਕਾਰਨ ਵਿਛੋੜਾ ਦੇ ਗਏ। ਉਨਾਂ ਨੇ ਜੁਲਾਈ ਵਿੱਚ ਆਈ.ਸੀ.ਸੀ ਮਹਿਲਾ ਵਿਸ਼ਵ ਕੱਪ 2017 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਜਾਣੀ-ਪਹਿਚਾਣੀ ਮਹਿਲਾ ਕਿ੍ਰਕਟਰ ਹਰਮਨਪ੍ਰੀਤ ਕੌਰ ਨੂੰ ਵਿੱਤੀ ਸਹਾਇਤਾ ਦੇਣ ਤੋਂ ਬਾਅਦ ਉਨਾਂ ਨੂੰ ਡੀ.ਐਸ.ਪੀ ਦਾ ਅਹੁਦਾ ਵੀ ਪ੍ਰਦਾਨ ਕੀਤਾ ਸੀ।
ਜੁਲਾਈ ਵਿੱਚ ਹੀ ਮੁੱਖ ਮੰਤਰੀ ਨੇ ਸਿੱਧੇ ਤੌਰ ’ਤੇ ਦਖਲ ਦੇ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਲੋੜੀਂਦੇ ਫੰਡ ਦੀ ਪ੍ਰਵਾਨਗੀ ਦੇਣ ਲਈ ਕਿਹਾ ਸੀ ਤਾਂ ਕਿ ਤੀਰਅੰਦਾਜ਼ੀ ਦੀ ਟੀਮ ਚੀਨ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ 2017 ਵਿਚ ਹਿੱਸਾ ਲੈਣ ਦੇ ਯੋਗ ਹੋ ਸਕੇ।
ਮੁੱਖ ਮੰਤਰੀ ਨੇ ਹੋਰ ਵੀ ਕਈ ਮੌਕਿਆਂ ’ਤੇ ਰਾਹਤ ਫੰਡ ਰਾਹੀਂ ਸੂਬੇ ਦੇ ਆਮ ਨਾਗਰਿਕਾਂ ਦੇ ਹਿੱਤਾਂ ਲਈ ਅੱਗੇ ਆਏ। ਜੁਲਾਈ ’ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਚਿੱਠੀ ’ਤੇ ਤੁਰੰਤ ਕਾਰਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮਾਨਵੀ ਆਧਾਰ ’ਤੇ 3,56,700 ਰੁਪਏ ਦੀ ਰਕਮ ਮਨਜੂਰ ਕੀਤੀ ਸੀ ਤਾਂ ਜੋ ਸ਼ਾਰਜਾਹ ਤੋਂ ਗੁਰਦਾਸਪੁਰ ਦੇ ਨਿਵਾਸੀ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਰਕਮ ਵਿਕਰਮ ਸਿੰਘ ਦੇ ਬਕਾਇਆ ਤਨਖਾਹ ਦੇ ਵਿਰੁੱਧ ਜਾਰੀ ਕੀਤੀ ਗਈ ਸੀ ਜਿਸ ਨੇ ਕਈ ਮਹੀਨਿਆਂ ਦੀ ਆਪਣੀ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਪੰਜ ਹੋਰਨਾਂ ਭਾਰਤੀ ਨਾਗਰਿਕਾਂ ਸਮੇਤ ਇੱਕ ਜਹਾਜ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ ਸੀ।