ਚੰਡੀਗੜ੍ਹ – ਪੰਜਾਬ ਦੀਆਂ 3 ਨਗਰ ਨਿਗਮਾਂ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੇ ਨਾਲ-ਨਾਲ 32 ਨਗਰ ਕੌਂਸਲਾਂ/ਪੰਚਾਇਤਾਂ ਲਈ ਐਤਵਾਰ ਪਈਆਂ ਵੋਟਾਂ ਪਿੱਛੋਂ ਚੋਣ ਕਮਿਸ਼ਨ ਵਲੋਂ ਐਲਾਨੇ ਗਏ ਨਤੀਜਿਆਂ ‘ਚ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ। ਕਾਂਗਰਸ ਨੇ ਜਿਥੇ ਤਿੰਨਾਂ ਨਗਰ ਨਿਗਮਾਂ ‘ਚ ਬਹੁਮਤ ਹਾਸਲ ਕਰ ਲਿਆ, ਉਥੇ ਹੀ 32 ਨਗਰ ਕੌਂਸਲਾਂ/ਪੰਚਾਇਤਾਂ ‘ਚੋਂ 29 ‘ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੇ 1 ਅਤੇ 2 ਨਗਰ ਕੌਂਸਲਾਂ/ਪੰਚਾਇਤਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ। ਜਲੰਧਰ ਨਗਰ ਨਿਗਮ ਦੇ 80 ਵਾਰਡਾਂ ‘ਚੋਂ ਕਾਂਗਰਸ ਨੇ 65 ‘ਤੇ ਜਿੱਤ ਹਾਸਲ ਕੀਤੀ। ਭਾਜਪਾ ਨੇ 8 ਅਤੇ ਅਕਾਲੀ ਦਲ ਨੇ 5 ਵਾਰਡਾਂ ‘ਤੇ ਕਬਜ਼ਾ ਕੀਤਾ। ਬਾਕੀ ਦੋ ਵਾਰਡਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਦਾ ਖਾਤਾ ਤਕ ਨਹੀਂ ਖੁੱਲ੍ਹ ਸਕਿਆ। ਪਟਿਆਲਾ ਨਗਰ ਨਿਗਮ ਦੇ 60 ਵਾਰਡਾਂ ‘ਚੋਂ ਕਾਂਗਰਸ ਨੇ 59 ਵਾਰਡਾਂ ‘ਚ ਜਿੱਤ ਹਾਸਲ ਕੀਤੀ। ਵਾਰਡ ਨੰਬਰ 37 ਦੀ ਚੋਣ ਨੂੰ ਰੱਦ ਕਰ ਦਿੱਤਾ ਗਿਆ ਹੈ। ਇਥੇ ਇਕ ਬੂਥ ‘ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋ ਗਈ ਸੀ। ਮੰਗਲਵਾਰ ਨੂੰ ਮੁੜ ਵੋਟਾਂ ਪੁਆਈਆਂ ਜਾਣਗੀਆਂ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ‘ਚੋਂ ਕਾਂਗਰਸ ਨੂੰ ਸਭ ਤੋਂ ਵੱਧ 65 ਅਤੇ ਅਕਾਲੀ-ਭਾਜਪਾ ਨੂੰ 13 ਤੇ 2 ਸੀਟਾਂ ਆਜ਼ਾਦ ਉਮੀਦਵਾਰ ਨੇ ਜਿੱਤੀਆਂ।
ਕਿੱਥੇ ਕਿੰਨੀ ਰਹੀ ਵੋਟਾਂ ਦੀ ਫੀਸਦੀ
ਪੰਜਾਬ ਚੋਣ ਕਮਿਸ਼ਨ ਮੁਤਾਬਕ ਪਟਿਆਲਾ ਨਿਗਮ ਲਈ ਸਭ ਤੋਂ ਵੱਧ 62.22 ਫੀਸਦੀ ਵੋਟਾਂ ਪਈਆਂ। ਜਲੰਧਰ ਵਿਚ 57.2 ਅਤੇ ਅੰਮ੍ਰਿਤਸਰ ਵਿਚ 51 ਫੀਸਦੀ ਵੋਟਰਾਂ ਨੇ ਵੋਟ ਦੇਣ ਦੇ ਆਪਣੇ ਹੱਕ ਦੀ ਵਰਤੋਂ ਕੀਤੀ। ਨਗਰ ਕੌਂਸਲਾਂ/ਪੰਚਾਇਤਾਂ ਦੇ ਮਾਮਲੇ ‘ਚ ਰਾਜਾਸਾਂਸੀ ਵਿਖੇ 65.69 ਫੀਸਦੀ ਪੋਲਿੰਗ ਹੋਈ। ਹੰਡਿਆਇਆ ਅਤੇ ਅਮਲੋਹ ਵਿਖੇ 85-85, ਭੋਗਪੁਰ ਵਿਖੇ 77, ਸ਼ਾਹਕੋਟ ਵਿਖੇ 72, ਗੋਰਾਇਆ ਵਿਖੇ 76, ਬਿਲਗਾ ਵਿਖੇ 73, ਢਿੱਲਵਾਂ ਵਿਖੇ 74.40, ਬੇਗੋਵਾਲ ਵਿਖੇ 71.36, ਭੁਲੱਥ ਵਿਖੇ 70.14, ਮਾਛੀਵਾੜਾ ਵਿਖੇ 75.60, ਮੁੱਲਾਂਪੁਰ ਦਾਖਾ ਵਿਖੇ 71.75, ਸਾਹਨੇਵਾਲ ਵਿਖੇ 86.35, ਧਰਮਕੋਟ ਵਿਖੇ 73.64, ਫਤਿਹਗੜ੍ਹ ਪੰਜਤੂਰ ਵਿਖੇ 83.92, ਬਾਰੀਵਾਲਾ ਵਿਖੇ 89.39, ਘੱਗਾ ਵਿਖੇ 90, ਘਨੌਰ ਵਿਖੇ 60.65, ਨਰੋਟ ਜੈਮਲ ਸਿੰਘ ਵਿਖੇ 86.40, ਦਿੜ੍ਹਬਾ ਵਿਖੇ 83.64, ਚੀਮਾ ਵਿਖੇ 92.22, ਖਨੌਰੀ ਵਿਖੇ 87.90, ਮੂਨਕ ਵਿਖੇ 90.40, ਖੇਮਕਰਨ ਵਿਖੇ 65.19, ਭੀਖੀ ਵਿਖੇ 86.35, ਬਲਾਚੌਰ ਵਿਖੇ 79.33, ਤਲਵੰਡੀ ਸਾਬੋ ਵਿਖੇ 75.81 ਅਤੇ ਮਾਹਿਲਪੁਰ ਵਿਖੇ 82.33 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਨਗਰ ਕੌਂਸਲ/ਪੰਚਾਇਤੀ ਚੋਣਾਂ ਦੇ ਨਤੀਜੇ
* ਬਲਾਚੌਰ ਦੇ ਸਾਰੇ 15 ਵਾਰਡਾਂ ‘ਚ ਆਜ਼ਾਦ ਉਮੀਦਵਾਰ ਜੇਤੂ ਰਹੇ।
* ਘੱਗਾ ਦੇ 13 ਵਾਰਡਾਂ ‘ਚੋਂ ਕਾਂਗਰਸ ਨੇ 8, ਭਾਜਪਾ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 2 ਵਾਰਡਾਂ ‘ਚ ਜਿੱਤ ਹਾਸਲ ਕੀਤੀ।
* ਘਨੌਰ ਦੇ 11 ਵਾਰਡਾਂ ‘ਚੋਂ ਕਾਂਗਰਸ 10 ਅਤੇ ਭਾਜਪਾ 1 ਵਾਰਡ ‘ਚ ਸਫਲ ਰਹੀ।
* ਰਾਜਾਸਾਂਸੀ ਦੇ 13 ਵਾਰਡਾਂ ‘ਤੇ ਕਾਂਗਰਸ ਨੇ ਕਬਜ਼ਾ ਕੀਤਾ। ਇਥੇ 8 ਵਾਰਡਾਂ ਵਿਚ ਵੋਟਾਂ ਪਈਆਂ ਸਨ, ਜਦਕਿ ਕਾਂਗਰਸ ਦੇ 5 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ।
* ਅਮਲੋਹ ਦੇ 13 ਵਾਰਡਾਂ ‘ਚੋਂ 9 ‘ਚ ਕਾਂਗਰਸ, 2 ‘ਚ ਅਕਾਲੀ ਦਲ ਅਤੇ 1 ‘ਚ ਭਾਜਪਾ ਜੇਤੂ ਰਹੀ। ਵਾਰਡ ਨੰ. 2 ਦਾ ਨਤੀਜਾ ਰੋਕ ਲਿਆ ਗਿਆ ਹੈ।